
ਪੰਜਾਬ ਦੀ ਜਵਾਨੀ ਨੇ ਆਪਣਾ ਇਮਤਿਹਾਨ ਪਾਸ ਕਰ ਲਿਆ ਹੈ।
ਕਿਸਾਨ ਅੰਦੋਲਨ ਅਤੇ ਹੜ੍ਹਾਂ ਦੇ ਪਾਣੀਆਂ ਵਿਚ, ਲੰਗਰਾਂ ਦੇ ਦਰਬਾਰਾਂ ਵਿਚ, ਸੇਵਾ ਦੇ ਮੈਦਾਨਾਂ ਵਿਚ, ਉਹ ਹਮੇਸ਼ਾਂ ਪੰਜਾਬ ਦੀ ਰੂਹ ਵਜੋਂ ਖੜ੍ਹੀ ਹੋਈ।
ਹੁਣ ਵਾਰੀ ਹਰ ਰੰਗ ਦੇ ਸਿਆਸਤਦਾਨ ਦੀ ਹੈ।
ਹੁਣ ਵਾਰੀ ਸਿਆਸੀ ਜਮਾਤ ਦੀ ਅਤੇ ਅਫਸਰਸ਼ਾਹੀ ਦੀ ਹੈ।
ਲੋਕਾਂ ਦੀ ਅਦਾਲਤ
ਹੁਣ ਪੰਜਾਬ ਦਾ ਹਰ ਗਲੀ-ਕੂਚਾ, ਹਰ ਪਿੰਡ, ਹਰ ਖੇਤ, ਹਰ ਮੈਦਾਨ ਲੋਕਾਂ ਦੀ ਅਦਾਲਤ ਹੈ।
ਇਸ ਅਦਾਲਤ ਦੇ ਜੱਜ ਹਨ ਨੌਜਵਾਨ, ਅਤੇ ਮੁਲਜ਼ਮ ਹਨ ਸਭ ਸਿਆਸਤਦਾਨ;
ਸਰਕਾਰ ਅਤੇ ਵਿਰੋਧੀ ਦਲ, ਦੋਵੇਂ !
ਲੋਕਾਂ ਦੀ ਮੰਗ
ਸਾਨੂੰ ਖਾਲੀ ਵਾਅਦੇ ਨਹੀਂ ਚਾਹੀਦੇ। ਅਸੀਂ ਸਾਫ਼ ਸੁਥਰੇ ਪ੍ਰੋਗਰਾਮ ਚਾਹੁੰਦੇ ਹਾਂ।
ਰੋਡਮੈਪ, ਇੰਪਲੀਮੈਂਟੇਸ਼ਨ ਪ੍ਰੋਗਰਾਮ, ਹਰ ਦਿਨ, ਹਰ ਮਹੀਨੇ ਹਰ ਸਾਲ ਦੇ।
ਹਰ ਪਾਰਟੀ ਤਿੰਨ ਮਹੀਨਿਆਂ ਦੇ ਅੰਦਰ ਲੋਕਾਂ ਦੀ ਅਦਾਲਤ ਵਿਚ ਲਿਆਵੇ:
1. ਰੁਜ਼ਗਾਰ ਯੋਜਨਾ – ਪਿੰਡਾਂ ਤੇ ਸ਼ਹਿਰਾਂ ਵਿਚ ਵੱਡੇ ਪੱਧਰ ’ਤੇ ਰੁਜ਼ਗਾਰ ਦੇ ਵਿਸਤਾਰ ਲਈ ਉਦਯੋਗ ਕਿਵੇਂ ਲਗਾਓਗੇ? ਸਰਾਰਟਅੱਪ ਪਲੈਨ ਕੀ ਹੈ?
2. ਸਿੱਖਿਆ ਸੰਕਲਪ – ਵਿਦਿਆ ਵਪਾਰ ਦੀਆਂ ਦੁਕਾਨਾਂ ਬੰਦ ਕਰਕੇ ਪੰਜਾਬ ਦੀ ਜਵਾਨੀ ਨੂੰ ਇੱਜਤਮਈ ਰੁਜ਼ਗਾਰ ਨਾਲ ਜੁੜੀ ਹੋਈ ਉੱਚ ਸਿੱਖਿਆ ਮੁਫਤ ਕਿਵੇਂ ਪ੍ਰਦਾਨ ਕਰਨੀ ਹੈ?
3. ਜੁਰਮ ਅਤੇ ਨਸ਼ਾ-ਵਿਰੋਧੀ ਯੋਜਨਾ – ਨਸ਼ੇ ਦੇ ਸੌਦਾਗਰਾਂ ਅਤੇ ਉਨ੍ਹਾਂ ਦੇ ਸਿਆਸੀ ਸਾਥੀਆਂ ਖਿਲਾਫ਼ ਸਾਫ਼ ਕਾਰਵਾਈ ਕਿਵੇਂ ਹੋਵੇਗੀ?
4. ਹੰਢਣਸਾਰ ਵਿਕਾਸ – ਪਾਣੀ, ਜ਼ਮੀਨ ਤੇ ਹਵਾ ਦੀ ਰੱਖਿਆ ਲਈ ਕਿਹੜਾ ਨਵਾਂ ਮਾਡਲ ਲਿਆਓਗੇ?
5. ਵਿਕਾਸ ਕਾਰਜਾਂ ਲਈ ਪੈਸੇ ਦਾ ਪ੍ਰਬੰਧ ਕਿਵੇਂ ਕਰੋਗੇ?
5. ਸਮਾਜਿਕ ਨਿਆਂ – ਆਰਥਕ ਅਤੇ ਸਮਾਜਿਕ ਤੌਰ ‘ਤੇ ਪਛੜੇ ਲੋਕਾਂ ਦੇ ਸੁਸ਼ਕਤੀਕਰਣ ਲਈ ਕਿਹੜੇ ਕਿਹੜੇ ਪ੍ਰੋਗਰਾਮ ਲੈ ਕੇ ਆ ਰਹੇ ਹੋ?
6.ਜਮਹੂਰੀਕਰਣ –ਲਹੂ ਚੂਸਣ ਵਾਲੀ ਅਫ਼ਸਰਸ਼ਾਹੀ ਤੋਂ ਪੰਜਾਬ ਦੇ ਲੋਕਾਂ ਦਾ ਖਹਿੜਾ ਕਿਵੇਂ ਛੁਡਾਓਗੇ? ਹਰ ਪਿੰਡ-ਸ਼ਹਿਰ ਵਿਚ ਲੋਕਾਂ ਨੂੰ ਆਪਣੇ ਫੈਸਲਾ ਆਪ ਲੈਣ ਦੀ ਵਿਵਸਥਾ ਕਿਵੇਂ ਬਣਾਓਗੇ? ਸੰਸਥਾਵਾਂ ਨੂੰ ਅਫ਼ਸਰਸ਼ਾਹੀ ਦੇ ਚੁੰਗਲ ਤੋਂ ਮੁਕਤ ਕਰਵਾ ਕੇ ਜਮਹੂਰੀ ਲੀਹਾਂ ਤੇ ਕਿਵੇਂ ਪਾਓਗੇ?
7. ਆਪਣੇ ਪ੍ਰੋਗਰਾਮਾਂ ਨੂੰ ਸਫ਼ਲਤਾ ਪੂਰਵਕ ਸਿਰੇ ਚਾੜ੍ਹਨ ਲਈ ਪੈਸੇ ਧੇਲੇ ਦਾ ਪ੍ਰਬੰਧ ਕਿਵੇਂ ਕਰੋਗੇ?
8. ਲੋਕਾਂ/ ਯੂਥ ਦੀ ਤੁਹਾਡੀ ਤੋਹਮਤਾਂ ਅਤੇ ਭੰਡੀ ਪ੍ਰਚਾਰ ਵਾਲੀ ਰਾਜਨੀਤੀ ਵਿਚ ਕੋਈ ਦਿਲਚਸਪੀ ਨਹੀਂ। ਲੋਕਾਂ/ ਯੂਥ ਨੂੰ ਮੂਰਖ ਬਨਾਉਣਾ ਬੰਦ ਕਰਕੇ, ਇਕ ਦੂਜੇ ਨੂੰ ਸੰਬੋਧਿਤ ਹੋਣ ਦੀ ਬਜਾਏ, ਜੋ ਵੀ ਗੱਲ ਕਰਨੀ ਹੈ ਪੰਜਾਬ ਦੀ ਜਵਾਨੀ ਨੂੰ ਸੰਬੋਧਿਤ ਹੋ ਕੇ ਕਰੋ!
ਲੋਕਾਂ ਦੀ ਚੇਤਾਵਨੀ
– ਜੇ ਪ੍ਰੋਗਰਾਮ ਹੈ, ਲੋਕ ਤੁਹਾਡੇ ਨਾਲ ਹਨ।
– ਜੇ ਸਿਰਫ਼ ਝੂਠੇ ਵਾਅਦੇ ਹਨ, ਤਾਂ ਪੰਜਾਬ ਤੁਹਾਨੂੰ ਰੱਦ ਕਰੇਗਾ।
– ਜੇ ਤੁਸੀਂ ਭਵਿੱਖ ਨਾਲ ਧੋਖਾ ਕੀਤਾ, ਤਾਂ ਲੋਕ ਹੁਣ ਤੁਹਾਨੂੰ ਮੁਆਫ਼ ਨਹੀਂ ਕਰਨਗੇ, ਯੂਥ ਜਾਗ ਗਈ ਹੈ।
ਅੰਤਿਮ ਐਲਾਨ
ਇਕ ਦੂਜੇ ਦੀਆਂ ਜੂਆਂ ਕੱਢਣੀਆਂ ਬੰਦ ਕਰਕੇ
“ਸਿਆਸਤਦਾਨ ਆਪਣਾ ਪ੍ਰੋਗਰਾਮ ਲੈ ਕੇ, ਤਿੰਨ ਮਹੀਨਿਆਂ ਦੇ ਅੰਦਰ ਅੰਦਰ, ਲੋਕਾਂ ਦੀ ਅਦਾਲਤ ਵਿਚ ਪੇਸ਼ ਹੋਣ!”
ਨਹੀਂ ਤਾਂ ਪੰਜਾਬ ਦੇ ਨੌਜਵਾਨ ਤੁਹਾਨੂੰ ਸਭ ਤੋਂ ਵੱਡੇ ਜੁਰਮ – ਪੰਜਾਬ ਅਤੇ ਉਸਦੇ ਭਵਿੱਖ ਨਾਲ ਧੋਖੇ – ਦਾ ਮੁਲਜ਼ਮ ਘੋਸ਼ਿਤ ਕਰ ਦੇਣਗੇ।
ਜਾਗਰੂਕਤਾ ਦਾ ਸੱਦਾ
ਪੰਜਾਬ ਦੇ ਲੋਕੋ, ਆਓ ਇਕੱਠੇ ਹੋਈਏ:
– ਆਪਣੇ ਪਿੰਡਾਂ ਵਿਚ,
– ਆਪਣੇ ਸ਼ਹਿਰਾਂ ਵਿਚ,
– ਆਪਣੀ ਧਰਤੀ ਦੀ ਰੱਖਿਆ ਲਈ,
– ਆਪਣੀ ਯੂਥ ਦੇ ਸੁਪਨੇ ਪੂਰੇ ਕਰਨ ਲਈ।
ਕਿਸਾਨ ਅੰਦੋਲਨ ਨੇ ਦੁਨੀਆ ਨੂੰ ਦਿਖਾਇਆ ਕਿ ਜੇ ਪੰਜਾਬ ਇਕੱਠਾ ਹੋ ਜਾਏ ਤਾਂ ਇਹ ਸਭ ਤੋਂ ਵੱਡੀ ਤਾਕਤ ਹੈ।
ਹੁਣ ਸਮਾਂ ਹੈ ਇੱਕ ਨਵੀਂ ਸੋਚ ਦਾ, ਇੱਕ ਨਵੀਂ ਸ਼ੁਰੂਆਤ ਦਾ — ਰੋਜ਼ਗਾਰ, ਸਿੱਖਿਆ, ਨਿਆਂ ਤੇ ਭਵਿੱਖ ਦੇ ਪੁਨਰ-ਨਿਰਮਾਣ ਦਾ!
ਧੋਖੇਬਾਜ਼ ਸਿਆਸਤ – ਯੂਥ ਦੇ ਕਟਹਿਰੇ ਵਿਚ ਹੈ!
ਪੰਜਾਬ ਦੇ ਭਵਿੱਖ ਦਾ ਸੌਦਾ ਕਰਨ ਵਾਲਿਆਂ ਦਾ ਹਿਸਾਬ ਹੁਣ ਯੂਥ ਦੀ ਅਦਾਲਤ ਵਿਚ ਹੀ ਹੋਵੇਗਾ!
ਜਦੋਂ ਕੋਈ ਪੁੱਛਦਾ ਹੈ ਕਿ “ਪੰਜਾਬ ਦਾ ਕੀ ਬਣੂੰ”
ਇਸ ਦਾ ਇੱਕੋ ਜੁਆਬ ਹੈ “ਪੰਜਾਬ ਦਾ ਉਹੋ ਬਣੂੰ, ਜੋ ਪੰਜਾਬ ਦੀ ਜਵਾਨੀ ਦਾ ਬਣੂੰ।”
ਤੇ ਪੰਜਾਬ ਦੀ ਜਵਾਨੀ ਦਾ ਉਹੀ ਬਣੂੰ, ਜੋ ਪੰਜਾਬ ਦੇ ਉਚ-ਵਿਦਿਅਕ ਅਤੇ ਖੋਜ ਢਾਂਚੇ ਦਾ ਬਣੂੰ।”
ਤੇ ਪੰਜਾਬ ਦੀਆਂ ਸਾਰੀਆਂ ਸਰਕਾਰਾਂ ਦੀ ਕੇਵਲ ਇੱਕੋ ਕੰਮ ਤੇ ਸਹਿਮਤੀ ਬਣੀ ਰਹੀ
ਕਿ ਪੰਜਾਬ ਦੇ ਉਚ-ਵਿਦਿਅਕ ਅਤੇ ਖੋਜ ਢਾਂਚੇ ਨੂੰ ਬਰਬਾਦ/ ਨਸ਼ਟ ਕਰਕੇ ਯੂਥ ਨੂੰ ਗੁੰਮਰਾਹ ਕਿਵੇਂ ਕਰਨੈ!
ਤਾਂ ਜੋ ਪੰਜਾਬ ਨੂੰ ਮੰਗਤੇ ਬਣਾ ਕੇ
ਖੈਰਾਤਾਂ ਬਦਲੇ ਵੋਟਾਂ ਹਾਸਲ ਕਰਕੇ
ਪੰਜਾਬ ਨੂੰ ਦੋਵੇਂ ਹੱਥੀਂ ਲੁੱਟਿਆ ਜਾ ਸਕੇ।
– ਅਮਰਜੀਤ ਸਿੰਘ ਗਰੇਵਾਲ
