
ਚੰਡੀਗੜ੍ਹ-ਪੰਜਾਬ ਸਰਕਾਰ ਨੇ ਪੰਜਾਬ ਨੂੰ ਮੁੜ ਚੜ੍ਹਦੀਕਲਾ ‘ਚ ਲਿਆਉਣ ਲਈ ‘ਮਿਸ਼ਨ ਚੜ੍ਹਦੀਕਲਾ’ ਦੀ ਸ਼ੁਰੂਆਤ ਕਰ ਦਿੱਤੀ ਹੈ!
ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਤਿਹਾਸ ਦੇ ਸਭ ਤੋਂ ਵੱਡੇ ਹੜ੍ਹਾਂ ਦੇ ਸੰਕਟ ‘ਚੋਂ ਨਿੱਕਲ ਰਹੇ ਪੰਜਾਬ ਨੂੰ ਸਮੂਹ ਪੰਜਾਬੀਆਂ ਦੇ ਏਕੇ ਦੀ ਲੋੜ ਹੈ। ਆਓ, ਇਸ ਮਿਸ਼ਨ ‘ਚ ਇੱਕ ਪਰਿਵਾਰ ਦੀ ਤਰ੍ਹਾਂ ਇੱਕ-ਦੂਜੇ ਦੇ ਨਾਲ਼ ਮਿਲ ਕੇ ਪੰਜਾਬ ਨੂੰ ਮੁੜ ਪਹਿਲਾਂ ਦੀ ਤਰ੍ਹਾਂ ਖ਼ੁਸ਼ਹਾਲ, ਤਰੱਕੀ ਵੱਲ ਵਧਦਾ ਦੇਸ਼ ਦਾ ਮੋਢੀ ਸੂਬਾ ਬਣਾਉਣ ਲਈ ਖ਼ੁਦ ਵੀ ਯੋਗਦਾਨ ਪਾਈਏ ਅਤੇ ਹੋਰਾਂ ਨੂੰ ਵੀ ਇਸ ‘ਚ ਸਹਿਯੋਗ ਲਈ ਪ੍ਰੇਰਿਤ ਕਰੀਏ !
ਮੁੱਖ ਮੰਤਰੀ ਨੇ ਅੱਜ ਚੰਡੀਗੜ੍ਹ ਰਿਹਾਇਸ਼ ਵਿਖੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਵੀਡੀਓ ਕਾਨਫਰੰਸ ਦੇ ਜ਼ਰੀਏ ਮੀਟਿੰਗ ਕੀਤੀ। ਹੜ੍ਹ ਰਾਹਤ ਕਾਰਜਾਂ ਦੀ ਸਥਿਤੀ ਦਾ ਜਾਇਜ਼ਾ ਲਿਆ।
ਡਿਪਟੀ ਕਮਿਸ਼ਨਰਾਂ ਨੂੰ ਹੜ੍ਹ ਰਾਹਤ ਕੈਂਪਾਂ ਅਤੇ ਹੋਰ ਪ੍ਰਭਾਵਿਤ ਖੇਤਰਾਂ ਦਾ ਰੋਜ਼ਾਨਾ ਦੌਰਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਅਤੇ ਨਾਲ ਹੀ ਉਹਨਾਂ ਨੂੰ ‘ਮਿਸ਼ਨ ਚੜ੍ਹਦੀਕਲਾ’ ਬਾਰੇ ਜਾਣੂ ਕਰਵਾਇਆ। ਮੁੱਖ ਮੰਤਰੀ ਨੇ ਦੱਸਿਆ ਕਿ ਇਸ ਮਿਸ਼ਨ ਤੋਂ ਇਕੱਠਾ ਕੀਤਾ ਗਿਆ ਇੱਕ-ਇੱਕ ਪੈਸਾ ਹੜ੍ਹ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਖਰਚ ਕੀਤਾ ਜਾਵੇਗਾ।
