
ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਦੌਰਾਨ ਪੰਜਾਬ ਦੇ ਛੋਟੇ ਵਪਾਰੀਆਂ ਲਈ ਅਹਿਮ ਤੇ ਇਤਿਹਾਸਕ ਫ਼ੈਸਲਾ ਲਿਆ ਗਿਆ। ਪੰਜਾਬ ਦੁਕਾਨ ਤੇ ਵਪਾਰ ਸਥਾਪਨਾ ਐਕਟ 1958 ‘ਚ ਸੋਧ ਨੂੰ ਮਨਜ਼ੂਰੀ ਦਿੱਤੀ ਗਈ। ਐਕਟ ‘ਚ ਕੀਤੀ ਗਈ ਸੋਧ ਜਿੱਥੇ ਵਪਾਰੀਆਂ ਨੂੰ ਜੁਰਮਾਨਿਆਂ ਤੇ ਇੰਸਪੈਕਟਰ ਰਾਜ ਦੇ ਸ਼ੋਸ਼ਣ ਤੋਂ ਛੋਟ ਦਿਵਾਏਗੀ, ਉੱਥੇ ਹੀ ਵਪਾਰ ਤੇ ਆਮਦਨ ਨੂੰ ਵਧਾਉਣ ਲਈ ਕਾਰਗਰ ਸਿੱਧ ਹੋਵੇਗੀ। ਜਲਦ ਹੀ ਇਹ ਸੋਧਿਆ ਐਕਟ ਵਿਧਾਨ ਸਭਾ ‘ਚ ਪਾਸ ਕਰਕੇ ਪੰਜਾਬ ਭਰ ‘ਚ ਲਾਗੂ ਕੀਤਾ ਜਾਵੇਗਾ।
ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਹੁਣ 20 ਤੋਂ ਘੱਟ ਕਰਮਚਾਰੀਆਂ ਵਾਲੇ ਵਪਾਰਾਂ ‘ਤੇ ਕਾਨੂੰਨ “ਪੰਜਾਬ ਦੁਕਾਨ ਅਤੇ ਵਪਾਰਕ ਸਥਾਪਨਾ ਐਕਟ 1958” ਲਾਗੂ ਨਹੀਂ ਹੋਵੇਗਾ। ਨਾਲ ਹੀ ਕਰਮਚਾਰੀਆਂ ਦੀ ਓਵਰਟਾਈਮ ਸੀਮਾ ‘ਚ ਵੀ ਵਾਧਾ ਕੀਤਾ ਗਿਆ। ਜਿਸ ਨਾਲ ਉਹਨਾਂ ਦੀ ਆਮਦਨ ਹੋਰ ਵਧੇਗੀ।
