
ਐਬਟਸਫੋਰਡ , ਬੀ.ਸੀ. – ਪੰਜਾਬੀ ਸਾਹਿਤ ਜਗਤ ਦੀ ਨਾਮਵਰ ਸ਼ਖ਼ਸੀਅਤ ਅਤੇ ਪੰਜਾਬੀ ਸਾਹਿਤ ਸਭਾ ਮੁਢਲੀ (ਰਜਿ.) ਐਬਸਫੋਰਡ ਦੇ ਸਰਪ੍ਰਸਤ ਪ੍ਰੋਫੈਸਰ ਗੁਰਮੀਤ ਸਿੰਘ ਟਿਵਾਣਾ 97 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ ਹਨ। ਐਬਸਫੋਰਡ, ਬੀਸੀ, ਕੈਨੇਡਾ ਦੇ ਹਸਪਤਾਲ ਵਿੱਚ 23 ਸਤੰਬਰ 2025 ਦੀ ਰਾਤ ਨੂੰ ਕਰੀਬ ਪੌਣੇ ਨੌਂ ਵਜੇ ਪ੍ਰੋਫੈਸਰ ਟਿਵਾਣਾ ਨੇ ਆਖਰੀ ਸਾਹ ਲਏ। ਉਹਨਾਂ ਦਾ ਦੇਹਾਂਤ ਦਿਲ ਦੀ ਧੜਕਣ ਬੰਦ ਹੋਣ ਕਾਰਨ ਹੋਇਆ। ਇਹ ਸਬੱਬ ਸੀ ਜਾਂ ਰਹਿਮਤ ਕਿ ਉਹਨਾਂ ਦੀ ਆਖਰੀ ਇੱਛਾ ਉਸ ਵੇਲੇ ਪੂਰੀ ਹੋਈ, ਜਦੋਂ ਉਨਾਂ ਵੱਲੋਂ ਸੰਪਾਦਤ ਕੀਤੀ ‘ਪ੍ਰੋਫੈਸਰ ਕਿਸ਼ਨ ਸਿੰਘ ਰਚਨਾਵਲੀ’ ਨੂੰ ਉਹਨਾਂ ਦੇ ਹੱਥਾਂ ਦੀ ਆਖਰੀ ਛੋਹ ਹਾਸਲ ਹੋਈ। ਪ੍ਰੋਫੈਸਰ ਗੁਰਮੀਤ ਸਿੰਘ ਟਿਵਾਣਾ ਵੱਲੋਂ ਇਹ ਕਿਤਾਬਾਂ ਛਾਪਣ ਦੀ ਪ੍ਰਵਾਨਗੀ ਇਸ ਸਾਲ ਅਪ੍ਰੈਲ ਮਹੀਨੇ ਦਿੱਤੀ ਗਈ ਸੀ। ਪੰਜਾਬ ਤੋਂ ਇਹ ਕਿਤਾਬਾਂ ਲੈ ਕੇ ਵਿਰਾਸਤ ਫਾਊਂਡੇਸ਼ਨ ਅਤੇ ਜੀਵੇ ਪੰਜਾਬ ਅਦਬੀ ਸੰਗਤ ਵਾਲੇ ‘ਸਾਹਿਤ ਦੇ ਕਦਰਦਾਨ’ ਸ. ਭੁਪਿੰਦਰ ਸਿੰਘ ਮੱਲੀ ਕੈਨੇਡਾ ਪਹੁੰਚੇ ਤੇ ਉਹਨਾਂ ਨੇ ਹਸਪਤਾਲ ਵਿਖੇ ਕਿਤਾਬਾਂ ਪ੍ਰੋਫੈਸਰ ਟਿਵਾਣਾ ਨੂੰ ਸਤਿਕਾਰ ਸਹਿਤ ਅਰਪਣ ਕੀਤੀਆਂ। ਪ੍ਰੋਫੈਸਰ ਟਿਵਾਣਾ ਦੀਆਂ ਸੰਪਾਦਿਤ ਚਾਰੇ ਕਿਤਾਬਾਂ ਉਨਾਂ ਨੂੰ ਸੌਂਪਣ ਮਗਰੋਂ, ਨਜ਼ਦੀਕੀਆਂ ਅਤੇ ਪਰਿਵਾਰਿਕ ਮੈਂਬਰਾਂ ਨੇ ਮਿਲ ਕੇ, ਕੀਰਤਨ ਸੋਹਿਲਾ ਦਾ ਪਾਠ ਅਤੇ ਅਰਦਾਸ ਕੀਤੀ ਅਤੇ ਅਕਾਲ ਪੁਰਖ ਵੱਲੋਂ ਇਹ ਪ੍ਰੋਫੈਸਰ ਟਿਵਾਣਾ ਨੂੰ ਲੰਬਾ ਤੇ ਚੜਦੀ ਕਲਾ ਵਾਲਾ ਜੀਵਨ ਬਖਸ਼ਣ ਦਾ ਸ਼ੁਕਰਾਨਾ ਕੀਤਾ। ਵੈਰਾਗਮਈ ਮਾਹੌਲ ਵਿੱਚ, ਕੁਝ ਪਲ ਮਗਰੋਂ ਹੀ ਪ੍ਰੋਫੈਸਰ ਟਿਵਾਣਾ ਨੇ ਆਖਰੀ ਸਵਾਸ ਲਏ ਅਤੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਸਰਦਾਰ ਗੁਰਮੀਤ ਸਿੰਘ ਟਿਵਾਣਾ ਦੇ ਸ਼ਾਨਦਾਰ ਜੀਵਨ ਵਾਂਗ, ਆਖਰੀ ਘੜੀਆਂ ਵੀ ਬੜੀਆਂ ਖੂਬਸੂਰਤ ਹੋ ਨਿਬੜੀਆਂ।
ਪ੍ਰੋਫੈਸਰ ਗੁਰਮੀਤ ਸਿੰਘ ਟਿਵਾਣਾ ਦਾ ਜੀਵਨ ਸਫਰ :
5 ਅਪਰੈਲ 1928 ਨੂੰ ਆਪ ਦਾ ਜਨਮ ਪੰਜਾਬ ਦੇ ਲੁਧਿਆਣਾ ਜ਼ਿਲੇ ਦੀ ਜਗਰਾਉਂ ਤਹਿਸੀਲ ਦੇ ਪਿੰਡ ਹਠੂਰ (ਨਾਨਕਾ ਪਿੰਡ) ਵਿਖੇ ਹੋਇਆ। ਆਪ ਦਾ ਜੱਦੀ ਪਿੰਡ ਭਾਗੀਕੇ, ਜ਼ਿਲਾ ਮੋਗਾ ਸੀ। ਪਿਤਾ ਵਰਿਆਮ ਸਿੰਘ ਤੇ ਮਾਤਾ ਸ਼ਾਮ ਕੌਰ ਦੇ ਗ੍ਰਹਿ ਵਿਖੇ ਜਨਮੇ ਗੁਰਮੀਤ ਸਿੰਘ ਟਿਵਾਣਾ ਨੇ ਪੰਜਵੀਂ ਤੱਕ ਦੀ ਵਿਦਿਆ ਪਿੰਡ ਭਾਗੀਕੇ ਤੋਂ ਹਾਸਲ ਕੀਤੀ, ਜਦਕਿ ਹਾਈ ਸਕੂਲ ਵਾਸਤੇ ਪੱਤੋ ਹੀਰਾ ਸਿੰਘ ਵਿਖੇ ਪੜ੍ਹਾਈ ਕੀਤੀ। ਉਪਰੰਤ ਜਗਰਾਉਂ ਉੱਚ ਪੜ੍ਹਾਈ ਕਰਨ ਮਗਰੋਂ ਅਧਿਆਪਕ ਲੱਗੇ। ਨਵੰਬਰ 1948 ਵਿੱਚ ਆਪ ਦਾ ਆਨੰਦ ਕਾਰਜ ਬੀਬੀ ਸੁਰਜੀਤ ਕੌਰ ਜੀ, ਪਿੰਡ ਬੁਰਜ ਕਰਾਲਾ, ਜ਼ਿਲਾ ਲੁਧਿਆਣਾ ਨਾਲ ਹੋਇਆ। ਪ੍ਰੋਫੈਸਰ ਟਿਵਾਣਾ ਦੇ ਗ੍ਰਹਿ ਵਿਖੇ ਦੋ ਪੁੱਤਰ ਅਤੇ ਇੱਕ ਧੀ ਨੇ ਜਨਮ ਲਿਆ।
ਗੁਰਮੀਤ ਸਿੰਘ ਟਿਵਾਣਾ ਨੇ ਐਮਏ ਵਿੱਚ ਯੂਨੀਵਰਸਿਟੀ ਪੱਧਰ ਦੀ ਉੱਚ ਵਿੱਦਿਆ ਦਿੱਲੀ ਦੇ ਦਿਆਲ ਸਿੰਘ ਇਵਨਿੰਗ ਕਾਲਜ ਵਿਖੇ ਉੱਘੇ ਸਿੱਖ ਅਤੇ ਮਾਰਕਸਵਾਦੀ ਚਿੰਤਕ ਪ੍ਰੋਫੈਸਰ ਕਿਸ਼ਨ ਸਿੰਘ ਦੀ ਅਗਵਾਈ ਵਿੱਚ ਹਾਸਲ ਕੀਤੀ ਅਤੇ ਮਗਰੋਂ ਉਥੇ ਹੀ ਸਾਹਿਤ ਚਿੰਤਨ ਦੇ ਗੰਭੀਰ ਪਹਿਲੂਆ ਬਾਰੇ ਗਿਆਨ ਹਾਸਲ ਕੀਤਾ। ਕੁਝ ਸਮਾਂ ਦਿੱਲੀ ਪੜ੍ਹਾਉਣ ਮਗਰੋਂ, ਆਪ ਨੇ ਪ੍ਰਸਿੱਧ ਨਾਵਲਕਾਰ ਜਸਵੰਤ ਸਿੰਘ ਕੰਵਲ ਦੀ ਪ੍ਰੇਰਨਾ ਨਾਲ ਢੁੱਡੀਕੇ ਕਾਲਜ, ਜ਼ਿਲਾ ਮੋਗਾ ਵਿਖੇ ਪੜ੍ਹਾਉਣਾ ਸ਼ੁਰੂ ਕੀਤਾ। ਇੱਥੇ 1967 ਤੋਂ ਲੈ ਕੇ ਲਗਾਤਾਰ ਪੜ੍ਹਾਇਆ ਅਤੇ ਸਾਹਿਤ ਸਿਰਜਣਾ ਕੀਤੀ। ਇਥੇ ਜ਼ਿਕਰਯੋਗ ਹੈ ਕਿ ਪ੍ਰੋਫੈਸਰ ਗੁਰਮੀਤ ਸਿੰਘ ਟਿਵਾਣਾ ਨੇ ਪ੍ਰੋਫੈਸਰ ਕਿਸ਼ਨ ਸਿੰਘ ਦੀ ਅਗਵਾਈ ਵਿੱਚ ਸਿੱਖ ਚਿੰਤਨ ਅਤੇ ਮਾਰਕਸਵਾਦ ਦੇ ਸਬੰਧ ਵਿੱਚ ਡੂੰਘਾ ਵਿਸ਼ਲੇਸ਼ਣ ਕੀਤਾ ਸੀ। ਆਪ ਨੇ ‘ਗੁਰਬਾਣੀ ਦੇ ਮੱਧ-ਯੁਗੀ ਸੰਕਲਪਾਂ ਦੀ ਵਿਗਿਆਨਿਕ ਵਿਆਖਿਆ’ ਕਿਤਾਬ ਸਮੇਤ 11 ਕਿਤਾਬਾਂ ਲਿਖੀਆਂ। ਵੱਡੀ ਗੱਲ ਇਹ ਹੈ ਕਿ ਪ੍ਰੋਫੈਸਰ ‘ਕਿਸ਼ਨ ਸਿੰਘ ਰਚਨਾਵਲੀ’ ਨੂੰ ਚਾਰ ਹਿੱਸਿਆਂ ਵਿੱਚ ਸੰਪਾਦਤ ਕਰਨ ਦੀ ਇਤਿਹਾਸਿਕ ਸੇਵਾ ਆਪ ਜੀ ਨੂੰ ਨਸੀਬ ਹੋਈ ਹੈ। ਸਿੱਖ ਵਿਦਵਾਨ ਸ. ਅਮਰੀਕ ਸਿੰਘ ਮੁਕਤਸਰ ਅਤੇ ਸਿਰੜੀ ਲਿਖਾਰੀ ਡਾ. ਪਰਮਿੰਦਰ ਸਿੰਘ ਸ਼ੌਂਕੀ ਦੇ ਉਦਮ ਨਾਲ ਇਹ ਕਾਰਜ ਨੇਪਰੇ ਚੜਿਆ ਹੈ। ਚਾਰ ਜਿਲਤਾਂ ਵਿੱਚ ਇਹ ਕਿਤਾਬ ਪ੍ਰਕਾਸ਼ਤ ਹੋਈ ਹੈ, ਜਿਸ ਨੂੰ ਬਹੁਤ ਭਾਵਪੂਰਤ ਢੰਗ ਨਾਲ ‘ਰੀਥਿੰਕ ਬੁਕਸ’ ਵੱਲੋਂ ਛਾਪਿਆ ਗਿਆ ਹੈ।
ਪ੍ਰੋਫੈਸਰ ਗੁਰਮੀਤ ਸਿੰਘ ਟਿਵਾਣਾ 1980 ਵਿੱਚ ਟਰਾਂਟੋ, ਕੈਨੇਡਾ ਆ ਗਏ। ਕੁਝ ਸਮੇਂ ਟੋਰਾਂਟੋ ਵਿਖੇ ਕੰਮ-ਕਾਰ ਕਰਨ ਮਗਰੋਂ ਪਰਿਵਾਰ ਸਮੇਤ 1988 ਵਿੱਚ ਬੀਸੀ ਦੇ ਸ਼ਹਿਰ ਐਬਸਫੋਰਡ ਆ ਵਸੇ ਅਤੇ ਆਖਰੀ ਸਮੇਂ ਤੱਕ ਇਥੇ ਹੀ ਰਹੇ। ਆਪ ਜੀ ਦੀ ਪੁੱਤਰੀ ਪਰਮਜੀਤ ਕੌਰ ਸੋਹੀ ਅਤੇ ਉਸਦੇ ਪਤੀ ਗੁਰ ਇਕਬਾਲ ਸਿੰਘ ਸੋਹੀ ਟੋਰਾਂਟੋ ਰਹਿੰਦੇ ਹਨ, ਜਦਕਿ ਵੱਡੇ ਪੁੱਤਰ ਗੈਰੀ (ਗੁਰਚਰਨ ਸਿੰਘ) ਟਿਵਾਣਾ ਅਤੇ ਨੂੰਹ ਗੁਰਦੀਪ ਕੌਰ ਟਿਵਾਣਾ ਅਤੇ ਛੋਟੇ ਪੁੱਤਰ ਪਰਮਿੰਦਰ ਸਿੰਘ ਟਿਵਾਣਾ ਅਤੇ ਨੂੰਹ ਕਾਰੋ ਟਿਵਾਣਾ ਐਬਸਫੋਰਡ ਰਹਿ ਰਹੇ ਹਨ। ਉਹਨਾਂ ਦੀ ਅੱਗੇ ਤੀਜੀ ਤੇ ਚੌਥੀ ਪੀੜੀ ਖੁਸ਼ਹਾਲ ਜਿੰਦਗੀ ਗੁਜ਼ਾਰ ਰਹੀ ਹੈ। ਪ੍ਰੋਫੈਸਰ ਸਾਹਿਬ ਦੀ ਜੀਵਨ ਸਾਥਣ ਬੀਬੀ ਸੁਰਜੀਤ ਕੌਰ ਇਸੇ ਸਾਲ ਜੂਨ ਮਹੀਨੇ ਚੜ੍ਹਾਈ ਕਰ ਗਏ ਸਨ। ਪ੍ਰੋਫੈਸਰ ਗੁਰਮੀਤ ਸਿੰਘ ਟਿਵਾਣਾ ਦੀ ਸਾਹਿਤਿਕ ਦੇਣ ਹਮੇਸ਼ਾ ਚੇਤੇ ਕੀਤੀ ਜਾਂਦੀ ਰਹੇਗੀ ਅਤੇ ਸਾਹਿਤ ਦੇ ਖੋਜੀ ਵਿਦਵਾਨਾਂ ਲਈ ਉਹ ਸਦਾ ਪ੍ਰੇਰਨਾ-ਸਰੋਤ ਬਣੇ ਰਹਿਣਗੇ।
ਪ੍ਰੋਫੈਸਰ ਗੁਰਮੀਤ ਸਿੰਘ ਟਿਵਾਣਾ ਦਾ ਅੰਤਿਮ ਸੰਸਕਾਰ 28 ਸਤੰਬਰ ਦਿਨ ਐਤਵਾਰ ਨੂੰ ਬਾਅਦ ਦੁਪਹਿਰ ਤਿੰਨ ਵਜੇ ਰਿਵਰਸਾਈਡ ਫਿਊਨਰਲ ਹੋਮ ਐਬਸਫੋਰਡ ਵਿਖੇ ਹੋਵੇਗਾ। ਉਪਰੰਤ 5 ਵਜੇ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਸਾਊਥ ਫਰੇਜ਼ਰ ਵੇ ਐਬਸਫੋਰਡ ਵਿਖੇ ਹੋਣਗੇ। ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕਰਨ ਲਈ ਗੈਰੀ ਟਿਵਾਣਾ 604 807 6477 ਅਤੇ ਪਰਮਿੰਦਰ ਸਿੰਘ ਟਿਵਾਣਾ 236 458 7097 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Pritam Singh says
My deeply felt tribute to Prof Gurmit Singh Tiwana. Devoting his intellectual efforts to Prof Kishan Singh’s work will remain his most memorable contribution. Prof Pritam Singh Oxford
Pritam Singh says
My deeply felt tribute to Prof Tiwana.