ਚੰਡੀਗੜ੍ਹ- ਪੰਜਾਬ ਸਰਕਾਰ ਨੇ ਵਿਵਾਦਿਤ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਪਾਲਿਸੀ ‘ਤੇ ਚਾਰ ਹਫ਼ਤਿਆਂ ਲਈ ਰੋਕ ਲਗਾਈ ਸੀ। ਆਮ ਆਦਮੀ ਪਾਰਟੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮਾਨ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਕਿਸਾਨ ਭਰਾਵਾਂ ਦੇ ਹਿੱਤ ‘ਚ ਲਿਆਂਦੀ ਗਈ ਸੀ, ਪਰ ਕਿਸਾਨ ਭਰਾ ਇਹ ਪਾਲਿਸੀ ਦੇ ਕੁਝ ਨਿਯਮਾਂ ਤੋਂ ਸੰਤੁਸ਼ਟ ਨਹੀਂ, ਇਸੇ ਕਰਕੇ ਇਹ ਪਾਲਿਸੀ ਕਿਸਾਨਾਂ ਦੇ ਹਿੱਤ ਧਿਆਨ ‘ਚ ਰੱਖਦੇ ਹੋਏ ਵਾਪਸ ਲੈ ਲਈ ਗਈ ਹੈ।
ਰੰਗਲੇ ਪੰਜਾਬ ‘ਚ ਕਦੇ ਵੀ ਕੋਈ ਵੀ ਫੈਸਲਾ ਲੋਕਾਂ ਦੀ ਰਜ਼ਾਮੰਦੀ ਤੋਂ ਬਿਨਾਂ ਲਾਗੂ ਨਹੀਂ ਕੀਤਾ ਗਿਆ। ਆਮ ਆਦਮੀ ਪਾਰਟੀ ਹਮੇਸ਼ਾ ਆਪਣੇ ਕਿਸਾਨ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜਕੇ ਖੜ੍ਹੀ ਹੈ।
ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਹੈ ਕਿ ਕਿਸਾਨਾਂ ਦੀ ਮਰਜ਼ੀ ਤੋਂ ਬਿਨਾਂ ਜ਼ਮੀਨ ਨਹੀਂ ਲਈ ਜਾਵੇਗੀ।
ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਅਕਾਲੀ ਦਲ ਸ. ਬਾਦਲ ਦੀ ਅਗਵਾਈ ਹੇਠ ਪਹਿਲੇ ਦਿਨ ਤੋਂ ਹੀ ਇਸ ਸਕੀਮ ਦਾ ਡੱਟਵਾ ਵਿਰੋਧ ਕਰਦਾ ਆ ਰਿਹਾ ਹੈ ਜਿਸਦੇ ਚੱਲਦੇ ਅੱਜ ਕੇਜਰੀਵਾਲ ਨੂੰ ਅੱਜ ਲੋਕ ਰੋਹ ਨੂੰ ਦੇਖਦੇ ਹੋਈ ਇਹ ਸਕੀਮ ਵਾਪਿਸ ਲੈਣ ਲਈ ਮਜ਼ਬੂਰ ਹੋਣਾ ਪਿਆ। ਇਹ ਪੰਜਾਬ ਦੇ ਲੋਕਾਂ ਦੀ ਵੱਡੀ ਜਿੱਤ ਹੈ ਜਿਸਨੇ ਹੰਕਾਰੀ ਸਰਕਾਰ ਨੂੰ ਝੁਕਣ ਲਈ ਮਜ਼ਬੂਰ ਕਰ ਦਿੱਤਾ।
ਕਾਂਗਰਸੀ ਆਗੂ ਰਾਜਾ ਵੜਿੰਗ ਨੇ ਇਸ ਫ਼ੈਸਲੇ ਨੂੰ ਲੋਕਾਂ ਦੀ ਜਿੱਤ ਕਰਾਰ ਦਿੱਤਾ ਹੈ।
Comments