
ਜ਼ੀਰਾ – ਪੰਜਾਬ ਭਰ ‘ਚ ਪੰਚਾਇਤੀ ਚੋਣਾਂ ਨੂੰ ਲੈਕੇ ਮਾਹੌਲ ਭਖਿਆ ਹੋਇਆ ਹੈ। ਇਸ ਦਰਮਿਆਨ ਫ਼ਿਰੋਜ਼ਪੁਰ ਦੇ ਜ਼ੀਰਾ ‘ਚ ਪੰਚਾਇਤੀ ਚੋਣਾਂ ਨੂੰ ਲੈ ਕੇ ਦੋ ਧੜਿਆਂ ਵਿਚਾਲੇ ਹਿੰਸਕ ਝੜਪ ਹੋਣ ਦੀ ਖ਼ਬਰ ਹੈ। ਝੜਪ ਦੌਰਾਨ ਇੱਕ ਦੂਜੇ ‘ਤੇ ਇੱਟਾਂ-ਰੋੜਿਆਂ ਨਾਲ ਹਮਲਾ ਕੀਤਾ ਗਿਆ , ਜਿਸ ਤੋਂ ਬਾਅਦ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ੀਰਾ ਦੇ ਸਾਵਨ ਮੱਲ ਸਕੂਲ ‘ਚ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਚੱਲ ਰਹੀ ਸੀ ਇਸ ਦੌਰਾਨ ਦੋ ਗੁੱਟਾਂ ਵਿਚਾਲੇ ਹਿੰਸਕ ਝੜਪ ਹੋ ਗਈ। ਸੜਕ ਤੋਂ ਲੰਘ ਰਹੇ ਇੱਕ ਟਰੈਕਟਰ ਟਰਾਲੀ ਉੱਪਰ ਡਾਂਗਾਂ – ਸੋਟਿਆਂ ਨਾਲ ਹਮਲਾ ਹੋਣ ਦੀ ਇੱਕ ਵੀਡੀਓ ਸ਼ੋਸ਼ਲ ਮੀਡੀਆ ‘ਤੇ ਘੁੰਮ ਰਹੀ ਹੈ। ਇਸ ਝੜਪ ਦੌਰਾਨ ਗੋਲੀਆਂ ਵੀ ਚਲਾਈਆਂ ਗਈਆਂ। ਪੁਲਸ ਵੱਲੋਂ ਭੀੜ ਨੂੰ ਖਿੰਡਾਉਣ ਲਈ ਹਵਾਈ ਫ਼ਾਇਰ ਕੀਤੇ ਗਏ। ਇਸ ਝੜਪ ਦੌਰਾਨ ਕਾਂਗਰਸੀ ਆਗੂ ਕੁਲਬੀਰ ਸਿੰਘ ਜ਼ੀਰਾ ਵੀ ਜ਼ਖਮੀ ਹੋ ਗਏ।ਜ਼ਖ਼ਮੀ ਹੋਏ ਕੁਲਬੀਰ ਸਿੰਘ ਜ਼ੀਰਾ ਅਤੇ ਸਮਰਥਕਾਂ ਵੱਲੋਂ ਜ਼ੀਰਾ ਦੇ ਮੁੱਖ ਚੌਂਕ ਵਿਖੇ ਧਰਨਾ ਲਗਾ ਦਿੱਤਾ ਗਿਆ। ਕੁਲਬੀਰ ਸਿੰਘ ਜ਼ੀਰਾ ਵੱਲੋਂ ਆਪ ਵਿਧਾਇਕ ‘ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਪੁਲਸ ਦੇ ਆਹਲਾ ਅਧਿਕਾਰੀਆਂ ਨੂੰ ਇਸ ਸੰਭਾਵੀ ਹਮਲੇ ਬਾਰੇ ਅਗਾਂਊ ਦੱਸ ਦੇਣ ਦੇ ਬਾਵਜੂਦ ਅਜਿਹਾ ਵਾਪਰਿਆ।
