ਸਰੀ, ਬੀ.ਸੀ. – ਉੱਘੇ ਕਾਮੇਡੀਅਨ ਕਪਿਲ ਸ਼ਰਮਾ ਦੀ ਮਲਕੀਅਤ ਵਾਲੇ ਕੈਪਜ਼ ਕੈਫੇ ’ਤੇ ਫਿਰ ਤੋਂ ਗੋਲੀਬਾਰੀ ਹੋਈ ਹੈ। ਕੈਨੇਡਾ ਦੇ ਸਰੀ ਸ਼ਹਿਰ ਦੀ ਸਕਾਟ ਰੋਡ ‘ਤੇ ਇਹ ਕੈਫੇ ਕੁਝ ਹਫਤੇ ਪਹਿਲਾਂ ਹੀ ਨਵਾਂ ਖੋਲ੍ਹਿਆ ਗਿਆ ਸੀ । ਇਹ ਘਟਨਾ ਕੈਫੇ ਦੇ ਦੁਬਾਰਾ ਖੁੱਲ੍ਹਣ ਤੋਂ ਸਿਰਫ ਕੁਝ ਹਫ਼ਤੇ ਬਾਅਦ ਵਾਪਰੀ ਹੈ । ਇਸ ਕੈਫੇ ਨੂੰ ਪਹਿਲਾਂ ਜੁਲਾਈ ਮਹੀਨੇ ਵੀ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਸੀ ।
ਮੀਡੀਆ ਰਿਪੋਰਟਾਂ ਅਨੁਸਾਰ, ਰਾਤ ਦੌਰਾਨ ਕੈਫੇ ਦੀਆਂ ਖਿੜਕੀਆਂ ’ਚ ਛੇ ਤੋਂ ਵੱਧ ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਸਰੀ ਪੁਲਿਸ ਦੇ ਅਧਿਕਾਰੀ ਸਵੇਰੇ ਮੌਕੇ ’ਤੇ ਪਹੁੰਚੇ ਹੋਏ ਦੇਖੇ ਗਏ । ਪੁਲਸ ਨੇ ਇੱਕ ਬਿਆਨ ਜਾਰੀ ਕਰਕੇ ਨਿਊਟਨ ਇਲਾਕੇ ਵਿੱਚ ਪੈਂਦੇ ਇਸ ਕਾਰੋਬਾਰ ‘ਤੇ ਗੋਲੀਆਂ ਚੱਲਣ ਦੀ ਪੁਸ਼ਟੀ ਕੀਤੀ ਹੈ ।
ਇਹ ਹਮਲਾ ਉਸ ਸਮੇਂ ਹੋਇਆ ਜਦੋਂ ਕੁਝ ਦਿਨ ਪਹਿਲਾਂ ਹੀ ਸਰੀ ਦੀ ਮੇਅਰ ਬ੍ਰੈਂਡਾ ਲੌਕ ਅਤੇ ਸਰੀ ਪੁਲਿਸ ਦੇ ਮੈਂਬਰਾਂ ਨੇ ਕੈਫੇ ਦਾ ਦੌਰਾ ਕਰਕੇ ਮਾਲਕਾਂ ਨਾਲ ਆਪਣਾ ਸਮਰਥਨ ਜਤਾਇਆ ਸੀ।
ਸ਼ੋਸ਼ਲ ਮੀਡੀਆ ਰਿਪੋਰਟਾਂ ਮੁਤਾਬਕ, ਇਸ ਹਮਲੇ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਲਈ ਗਈ ਹੈ। ਘਟਨਾ ਦੌਰਾਨ ਕਿਸੇ ਦੇ ਜ਼ਖਮੀ ਹੋਣ ਕੋਈ ਦੀ ਸੂਚਨਾ ਨਹੀਂ ਮਿਲੀ।ਫਿਲਹਾਲ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ।
ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਵੀ ਘਟਨਾ ਦੀ ਕੋਈ ਵੀ ਜਾਣਕਾਰੀ ਜਾਂ ਵੀਡੀਓ ਹੈ, ਤਾਂ ਉਹ ਅੱਗੇ ਆ ਕੇ ਪੁਲਿਸ ਨਾਲ ਸਾਂਝੀ ਕਰਨ। ਜਾਂਚ ਜਾਰੀ ਹੈ।
Comments