ਚੰਡੀਗੜ੍ਹ- ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਸਰਕਾਰ ਨੇ ਅਹਿਮ ਐਲਾਨ ਕੀਤਾ ਹੈ । ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਕਬੱਡੀ ਨੂੰ ਪੁਰਾਣੇ ਤਰੀਕੇ ਨਾਲ਼ ਮੁੜ ਚਲਾਇਆ ਜਾਵੇ ਜਿਸ ਸਦਕਾ ਛੋਟੀ ਉਮਰ ਦੇ ਖਿਡਾਰੀਆਂ ਨੂੰ ਹੱਲਾਸ਼ੇਰੀ ਮਿਲੇ ਅਤੇ ਸਾਨੂੰ ਭਵਿੱਖ ਵਾਸਤੇ ਵੱਡੇ ਖਿਡਾਰੀ। ਮੁੱਖ ਮੰਤਰੀ ਨੇ ਖ਼ਦਸ਼ਾ ਪ੍ਰਗਟਾਇਆ ਕਿ ਕਬੱਡੀ ਦਾ ਹਾਲ ਕਿਧਰੇ ਕ੍ਰਿਕਟ ਵਰਗਾ ਹੀ ਨਾ ਹੋ ਜਾਵੇ! ਉਨ੍ਹਾਂ ਕਿਹਾ ਕਿ ‘ਮੈਚ ਫ਼ਿਕਸਿੰਗ’ ਵਰਗੇ ਇਲਜ਼ਾਮਾਂ ਤੋਂ ਸਾਡੀ ਮਾਂ-ਖੇਡ ਕਬੱਡੀ ਨੂੰ ਬਚਾਉਣਾ ਅਤੇ ਸੱਚੀ-ਸੁੱਚੀ ਖੇਡ ਨੂੰ ਪ੍ਰਫੁੱਲਿਤ ਕਰਨਾ ਸਾਡੀ ਤਰਜੀਹ ਹੈ।
ਪੰਜਾਬ ਨੇ ਹਮੇਸ਼ਾ ਹਰ ਖੇਡ ‘ਚ ਸ਼ਾਨਦਾਰ ਖਿਡਾਰੀ ਦੇਸ਼ ਨੂੰ ਦਿੱਤੇ ਨੇ, ਹੁਣ ਵੀ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਪਿੰਡਾਂ ‘ਚ ਸ਼ਾਨਦਾਰ ਤੇ ਆਧੁਨਿਕ ਕਿਸਮ ਦੇ ਖੇਡ ਮੈਦਾਨ ਤਿਆਰ ਕਰਕੇ ਨੌਜਵਾਨਾਂ ਨੂੰ ਦੇਈਏ ਤਾਂ ਜੋ ਦੁਨੀਆ ਪੱਧਰ ਦੇ ਖਿਡਾਰੀ ਸਾਡੇ ਪਿੰਡਾਂ ‘ਚੋਂ ਨਿਕਲਣ। ਪਹਿਲੇ ਫੇਜ਼ ਤਹਿਤ 3083 ਪਿੰਡਾਂ ‘ਚ ਖੇਡ ਮੈਦਾਨ ਬਣਾਉਣ ਜਾ ਰਹੇ ਹਾਂ।
ਮੁੱਖ ਮੰਤਰੀ ਨੇ ਕਿਹਾ ਕਿ ਖੇਡਾਂ ਸਾਡੀ ਸਰਕਾਰ ਦੀ ਤਰਜੀਹ ‘ਤੇ ਹਨ। ਪਹਿਲੀ ਸਰਕਾਰ ਹੈ ਜਿਹੜੀ ਪੰਜਾਬ ਦੇ ਖਿਡਾਰੀਆਂ ਨੂੰ ਵੱਡੇ ਟੂਰਨਾਮੈਂਟ ਦੀ ਤਿਆਰੀ ਲਈ ਵੀ ਫੰਡ ਦੇ ਰਹੀ ਹੈ, ਜਦੋਂ ਖਿਡਾਰੀ ਜਿੱਤ ਕੇ ਆਉਂਦੇ ਨੇ ਉਦੋਂ ਵੀ ਉਨ੍ਹਾਂ ਨੂੰ ਇਨਾਮੀ ਰਾਸ਼ੀ ਵੰਡਦੇ ਹਾਂ। ਅਸੀਂ ਦੁਬਾਰਾ ਪੰਜਾਬ ‘ਚੋਂ ਉਹ ਖਿਡਾਰੀ ਪੈਦਾ ਕਰ ਰਹੇ ਹਾਂ ਜੋ ਗੋਲਡ ਮੈਡਲ ਤੇ ਵੱਡੇ ਮੁਕਾਬਲੇ ਜਿੱਤ ਕੇ ਆਉਣ ।
ਉਨ੍ਹਾ ਕਿਹਾ ਕਿ ਪਹਿਲੀਆਂ ਸਰਕਾਰਾਂ ਵੇਲ਼ੇ ਪੈਦਾ ਹੋਈਆਂ ਕੁਰੀਤੀਆਂ ਨੂੰ ਖ਼ਤਮ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਕਸਰਤ ਵੱਲ ਜੋੜਨ ਨੂੰ ਮਕਸਦ ਬਣਾ ਕੇ ਅਸੀਂ ਸੂਬੇ ਦੇ ਸਾਰੇ, ਤਕਰੀਬਨ 13,000 ਪਿੰਡਾਂ ‘ਚ ਖੇਡ ਮੈਦਾਨ ਬਣਾਉਣ ਜਾ ਰਹੇ ਹਾਂ ਅਤੇ ਪਹਿਲੇ ਪੜਾਅ ਵਿੱਚ 3,083 ਪਿੰਡਾਂ ਦੇ ਖੇਡ ਮੈਦਾਨਾਂ ਦਾ ਕੰਮ ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਕ੍ਰਿਕੇਟਰ ਸ਼ੁਭਮਨ ਗਿੱਲ, ਹਰਭਜਨ ਸਿੰਘ, ਅਰਸ਼ਦੀਪ ਅਤੇ ਹਾਕੀ ਖਿਡਾਰੀ ਹਰਮਨਪ੍ਰੀਤ ਤੇ ਜਰਮਨਪ੍ਰੀਤ ਵਰਗੇ ਮੋਹਰੀ ਖਿਡਾਰੀਆਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਕੌਮਾਂਤਰੀ ਮੁਕਾਬਲਿਆਂ ‘ਚ ਨਾਮਣਾ ਖੱਟਣ ਵਾਲ਼ੇ ਖਿਡਾਰੀਆਂ ਨੂੰ ਕੋਚਿੰਗ ਦਾ ਮੌਕਾ ਵੀ ਦਿਆਂਗੇ।
Comments