• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Thursday February 12, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਚਿੱਤਰਕਲਾ ਦੀ ਸੂਖਮ ਰੂਹ – ਜਰਨੈਲ ਸਿੰਘ ਆਰਟਿਸਟ

https://www.surreynewsbc.com/wp-content/uploads/2026/02/IMG_3845.jpeg
ਹਰਦਮ ਮਾਨ
February 12, 2026 6:58am

ਚਿੱਤਰਕਲਾ ਦੀ ਸੂਖ਼ਮ ਰੂਹ – ਜਰਨੈਲ ਸਿੰਘ ਆਰਟਿਸਟ

ਹਰਦਮ ਮਾਨ

ਕਈ ਵਾਰ ਕੁਝ ਮੁਲਾਕਾਤਾਂ ਸਿਰਫ਼ ਮਿਲਾਪ ਨਹੀਂ ਰਹਿੰਦੀਆਂ, ਉਹ ਮਨ ਦੀ ਦਿਸ਼ਾ ਤੈਅ ਕਰ ਦਿੰਦੀਆਂ ਹਨ। ਮੇਰਾ ਜਰਨੈਲ ਸਿੰਘ ਆਰਟਿਸਟ ਨਾਲ ਪਹਿਲਾ ਮਿਲਾਪ ਸਰੀ ਸ਼ਹਿਰ ਵਿੱਚ ਉਨ੍ਹਾਂ ਦੀ ਆਰਟ ਗੈਲਰੀ ਵਿੱਚ ਹੋਇਆ। ਇੱਕ ਅਜਿਹਾ ਅਨੁਭਵ ਜੋ ਮੇਰੇ ਮਨ ਵਿੱਚ ਸਦੀਵੀ ਛਾਪ ਛੱਡ ਗਿਆ। ਉਸ ਸਮੇਂ ਉਨ੍ਹਾਂ ਦੇ ਨਾਲ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦੀ ਹਾਜ਼ਰੀ ਨੇ ਉਨ੍ਹਾਂ ਪਲਾਂ ਨੂੰ ਹੋਰ ਵੀ ਅਰਥਪੂਰਨ ਬਣਾ ਦਿੱਤਾ।

ਜਰਨੈਲ ਸਿੰਘ ਆਰਟਿਸਟ ਦੀ ਕਲਾ ਨਾਲ ਮੇਰੀ ਜਾਣ-ਪਛਾਣ ਪੰਜਾਬ ਵਿੱਚ ਰਹਿੰਦਿਆਂ ਹੀ ਹੋ ਚੁੱਕੀ ਸੀ। ਅਖਬਾਰਾਂ, ਰਸਾਲਿਆਂ ਅਤੇ ਵਿਸ਼ੇਸ਼ ਤੌਰ ’ਤੇ ਰੋਜ਼ਾਨਾ ਅਜੀਤ ਵਿੱਚ ਛਪਣ ਵਾਲੇ ਨਵੇਂ ਸਾਲ ਦੇ ਕੈਲੰਡਰਾਂ ਰਾਹੀਂ ਉਨ੍ਹਾਂ ਦੀ ਚਿੱਤਰਕਲਾ ਪੰਜਾਬੀ ਸਭਿਆਚਾਰ ਦੀ ਜੀਵੰਤ ਤਸਵੀਰ ਬਣ ਕੇ ਸਾਹਮਣੇ ਆਉਂਦੀ ਰਹੀ। ਪਿੰਡਾਂ ਦੀ ਜ਼ਿੰਦਗੀ, ਲੋਕਧਾਰਾ, ਤਿਉਹਾਰ ਅਤੇ ਆਸਥਾ, ਸਭ ਕੁਝ ਉਨ੍ਹਾਂ ਦੇ ਬੁਰਸ਼ ਦੀ ਛੋਹ ਨਾਲ ਕੈਨਵਸ ’ਤੇ ਜਿਵੇਂ ਸਾਕਾਰ ਹੋ ਜਾਂਦੇ ਸਨ। ਗੁਰਪੁਰਬਾਂ ਦੇ ਪਾਵਨ ਮੌਕਿਆਂ ’ਤੇ ਛਪਣ ਵਾਲੇ ਕੈਲੰਡਰਾਂ ਵਿੱਚ ਵੀ ਉਨ੍ਹਾਂ ਦੇ ਚਿੱਤਰ ਮਨ ਨੂੰ ਸ਼ਾਂਤੀ ਅਤੇ ਸਤਿਕਾਰ ਨਾਲ ਭਰ ਦਿੰਦੇ ਸਨ।

ਸਰੀ ਵਿੱਚ ਹੋਈ ਪਹਿਲੀ ਮੁਲਾਕਾਤ ਨੇ ਜਰਨੈਲ ਸਿੰਘ ਆਰਟਿਸਟ ਨੂੰ ਮੇਰੇ ਲਈ ਸਿਰਫ਼ ਇੱਕ ਮਹਾਨ ਕਲਾਕਾਰ ਨਹੀਂ, ਸਗੋਂ ਇੱਕ ਸੰਵੇਦਨਸ਼ੀਲ ਮਨੁੱਖ ਵਜੋਂ ਵੀ ਉਜਾਗਰ ਕੀਤਾ। ਗੱਲ 2013 ਦੀ ਹੈ। ਮੈਂ ਪਰਿਵਾਰ ਸਮੇਤ ਨਵਾਂ ਨਵਾਂ ਸਰੀ (ਕਨੇਡਾ) ਵਿਚ ਆਇਆ ਸਾਂ। ਪਰਦੇਸ ਦੀ ਧਰਤੀ ’ਤੇ ਨਵੇਂ ਆਏ ਹੋਣ ਕਰਕੇ ਮੇਰੇ ਮਨ ਵਿੱਚ ਜੋ ਅਸਥਿਰਤਾ ਅਤੇ ਚਿੰਤਾ ਸੀ, ਉਸ ਨੂੰ ਜਰਨੈਲ ਸਿੰਘ ਦੀ ਸਨੇਹੀ ਗੱਲਬਾਤ ਨੇ ਹੌਲੀ-ਹੌਲੀ ਹਲਕਾ ਕਰ ਦਿੱਤਾ। ਉਨ੍ਹਾਂ ਨੇ ਆਪਣੇ ਕਨੇਡਾ ਆਉਣ ਦੇ ਸ਼ੁਰੂਆਤੀ ਦਿਨਾਂ ਦੀ ਤਸਵੀਰ ਮੇਰੇ ਸਾਹਮਣੇ ਰੱਖੀ ਕਿ ਜਦੋਂ ਸੰਨ 2000 ਵਿੱਚ ਉਹ ਇੱਥੇ ਆਏ ਤਾਂ ਕਈ ਵਾਰ ਇਹ ਅਹਿਸਾਸ ਹੁੰਦਾ ਸੀ ਕਿ ਕਿੱਥੇ ਆ ਕੇ ਫਸ ਗਏ ਹਾਂ। ਪਰ ਸਮੇਂ ਦੇ ਨਾਲ ਹਾਲਾਤ ਵੀ ਬਦਲੇ, ਮਾਹੌਲ ਵੀ ਬਣਿਆ ਅਤੇ ਕਲਾ ਤੇ ਸਾਹਿਤ ਦੇ ਪ੍ਰੇਮੀਆਂ ਦੀ ਸੰਗਤ ਨੇ ਉਨ੍ਹਾਂ ਨੂੰ ਨਵਾਂ ਹੌਂਸਲਾ ਦਿੱਤਾ।

ਉਨ੍ਹਾਂ ਦੇ ਇਹ ਸ਼ਬਦ ਕਿ ‘ਹਰ ਨਵਾਂ ਆਇਆ ਬੰਦਾ ਸ਼ੁਰੂ ਵਿੱਚ ਅਜਿਹੀਆਂ ਮੁਸ਼ਕਿਲਾਂ ਵਿੱਚੋਂ ਲੰਘਦਾ ਹੈ, ਪਰ ਸਮਾਂ ਸਭ ਕੁਝ ਸੁਧਾਰ ਲੈਂਦਾ ਹੈ’ ਮੇਰੇ ਲਈ ਹੌਂਸਲੇ ਦੀ ਤਾਕਤ ਬਣ ਗਏ। ਇਹ ਸਿਰਫ਼ ਦਿਲਾਸਾ ਨਹੀਂ ਸੀ, ਸਗੋਂ ਤਜਰਬੇ ਦੇ ਸੱਚੇ ਬੋਲ ਸਨ। ਉਨ੍ਹਾਂ ਵੱਲੋਂ ਦਿੱਤਾ ਗਿਆ ਦਿਲੀ ਸਹਾਰਾ, ਉਨ੍ਹਾਂ ਦੀ ਕਲਾ ਵਾਂਗ ਹੀ ਗਹਿਰਾ ਅਤੇ ਅਰਥਪੂਰਨ ਸੀ। ਇਸ ਯਾਦਗਾਰੀ ਮਿਲਣੀ ਸਮੇਂ ਜਰਨੈਲ ਸਿੰਘ ਆਰਟਿਸਟ ਅਤੇ ਜਰਨੈਲ ਸਿੰਘ ਸੇਖਾ ਵੱਲੋਂ ਲੇਖਕ ਮੰਚ ਵੈਨਕੂਵਰ ਦੇ ਲੇਖਕਾਂ ਦੀ ਇਕ ਸੰਪਾਦਿਤ ਕਿਤਾਬ ਅਤੇ ਯਾਦਗਾਰੀ ਪੈੱਨ ਭੇਟ ਕਰ ਕੇ ਮੈਨੂੰ ਮਾਣ ਬਖ਼ਸ਼ਿਆ ਗਿਆ। ਇਹ ਤੋਹਫਾ ਮੇਰੇ ਲਈ ਸਿਰਫ਼ ਇਕ ਯਾਦਗਾਰ ਨਹੀਂ, ਸਗੋਂ ਸਿਨੇਹ, ਸਾਥ ਅਤੇ ਸੱਭਿਆਚਾਰਕ ਸਾਂਝ ਦਾ ਪ੍ਰਤੀਕ ਹੈ।

ਉਨ੍ਹਾਂ ਦੀ ਨਿੱਘੀ ਅਤੇ ਪਿਆਰੀ ਸ਼ਖ਼ਸੀਅਤ ਅਕਸਰ ਹੀ ਉਨ੍ਹਾਂ ਦੀ ਆਰਟ ਗੈਲਰੀ ਵਿਚ ਖਿੱਚ ਲਿਆਉਂਦੀ ਸੀ। ਇਹ ਆਰਟ ਗੈਲਰੀ ਅਸਲ ਵਿੱਚ ਸਰੀ ਸ਼ਹਿਰ ਵਿਚ ਕਲਾ ਅਤੇ ਸਾਹਿਤ ਦਾ ਉਹ ਮੱਕਾ ਹੈ, ਜਿੱਥੇ ਪਹੁੰਚ ਕੇ ਹਰ ਕਲਾਕਾਰ, ਸਾਹਿਤਕਾਰ ਅਤੇ ਵਿਦਵਾਨ ਆਪਣੇ ਕਨੇਡਾ ਦੌਰੇ ਦੀ ਵੱਡੀ ਪ੍ਰਾਪਤੀ ਸਮਝਦਾ ਹੈ।ਇਹ ਗੈਲਰੀ ਸਿਰਫ਼ ਇਕ ਨੁਮਾਇਸ਼ੀ ਜਗ੍ਹਾ ਨਹੀਂ, ਸਗੋਂ ਪੰਜਾਬੀ ਸੱਭਿਆਚਾਰ, ਸੋਚ ਅਤੇ ਰਚਨਾਤਮਕਤਾ ਦੀ ਧੜਕਦੀ ਰਗ ਹੈ।ਅਜਿਹਾ ਕਦੇ ਵਾਪਰਿਆ ਨਹੀਂ ਕਿ ਪੰਜਾਬ ਜਾਂ ਦੁਨੀਆ ਦੇ ਕਿਸੇ ਹੋਰ ਕੋਨੇ ਤੋਂ ਸਰੀ ਆਇਆ ਕੋਈ ਕਲਾਕਾਰ, ਲੇਖਕ ਜਾਂ ਬੁੱਧੀਜੀਵੀ ਜਰਨੈਲ ਆਰਟ ਗੈਲਰੀ ਦੇ ਦਰਸ਼ਨ ਕੀਤੇ ਬਿਨਾਂ ਵਾਪਸ ਮੁੜ ਗਿਆ ਹੋਵੇ।

ਬਾਹਰੋਂ ਆਏ ਹਰ ਸਾਹਿਤਕਾਰ ਅਤੇ ਕਲਾਕਾਰ ਲਈ ਜਰਨੈਲ ਆਰਟ ਗੈਲਰੀ ਉਹ ਮੰਚ ਬਣ ਗਿਆ ਜਿੱਥੇ ਉਹ ਸਰੋਤਿਆਂ, ਲੇਖਕਾਂ ਅਤੇ ਪਾਠਕਾਂ ਦੇ ਰੂਬਰੂ ਹੋ ਕੇ ਆਪਣੀ ਰਚਨਾਤਮਕ ਯਾਤਰਾ ਸਾਂਝੀ ਕਰਦਾ ਹੈ। ਇੱਥੇ ਹੋਈ ਹਰ ਸਾਹਿਤਕ ਜਾਂ ਕਲਾਤਮਕ ਮਿਲਣੀ ਵਿਚਾਰਾਂ ਦੀ ਹੀ ਨਹੀਂ, ਸਗੋਂ ਦਿਲਾਂ ਦੀ ਸਾਂਝ ਵੀ ਪੁਆਉਂਦੀ ਹੈ। ਇਸ ਗੈਲਰੀ ਵਿੱਚ ਹੋਣ ਵਾਲੀਆਂ ਬੈਠਕਾਂ ਪੰਜਾਬੀ ਸਾਹਿਤ ਅਤੇ ਕਲਾ ਦੇ ਇਤਿਹਾਸ ਦਾ ਅਟੁੱਟ ਹਿੱਸਾ ਬਣ ਗਈਆਂ ਹਨ। ਇਨ੍ਹਾਂ ਸਾਹਿਤਕ ਮਹਿਫ਼ਿਲਾਂ ਦੀ ਸਭ ਤੋਂ ਵੱਖਰੀ ਤੇ ਯਾਦਗਾਰੀ ਗੱਲ ਸੀ, ਜਰਨੈਲ ਸਿੰਘ ਆਰਟਿਸਟ ਦੀ ਨਿੱਘੀ ਅਤੇ ਨਿਸ਼ਕਾਮ ਮੇਜ਼ਬਾਨੀ। ਉਹ ਖ਼ੁਦ ਆਪਣੇ ਹੱਥੀਂ ਚਾਹ ਤਿਆਰ ਕਰਦੇ, ਮੇਜ਼ ਉੱਤੇ ਪੰਜਾਬੀ ਬਿਸਕੁਟਾਂ ਦਾ ਸੁਚੱਜਾ ਭੰਡਾਰ ਸਜਾਉਂਦੇ ਅਤੇ ਹਰ ਇਕ ਮਹਿਮਾਨ ਨੂੰ ਪਿਆਰ ਨਾਲ ਚਾਹ ਪਰੋਸਦੇ। ਇਹ ਸਾਦਗੀ ਭਰੀ ਸੇਵਾ ਸਿਰਫ਼ ਮਹਿਮਾਨ ਨਿਵਾਜ਼ੀ ਨਹੀਂ ਸੀ, ਸਗੋਂ ਸਾਹਿਤ ਅਤੇ ਕਲਾ ਪ੍ਰਤੀ ਉਨ੍ਹਾਂ ਦੀ ਡੂੰਘੀ ਨਿਸ਼ਠਾ ਦਾ ਪ੍ਰਗਟਾਵਾ ਸੀ।

ਸਾਹਿਤਕ ਮਿਲਣੀਆਂ ਤੋਂ ਇਲਾਵਾ, ਵੈਨਕੂਵਰ ਵਿਚਾਰ ਮੰਚ ਦੇ ਮੈਂਬਰਾਂ ਦੀਆਂ ਮਹਿਫ਼ਿਲਾਂ ਵੀ ਅਕਸਰ ਜਰਨੈਲ ਆਰਟ ਗੈਲਰੀ ਵਿੱਚ ਸਜਦੀਆਂ ਰਹਿੰਦੀਆਂ ਸਨ। ਇਨ੍ਹਾਂ ਮਹਿਫ਼ਿਲਾਂ ਦੌਰਾਨ ਕਲਾ, ਸਾਹਿਤ, ਕਲਾਸੀਕਲ ਫ਼ਿਲਮਾਂ ਅਤੇ ਹੋਰ ਸੱਭਿਆਚਾਰਕ ਸਰਗਰਮੀਆਂ ਬਾਰੇ ਗੰਭੀਰ ਤੇ ਅਰਥਪੂਰਨ ਵਿਚਾਰ-ਵਟਾਂਦਰਾ ਹੁੰਦਾ ਰਹਿੰਦਾ ਸੀ। ਇਹ ਬੈਠਕਾਂ ਸਿਰਫ਼ ਬੌਧਿਕ ਚਰਚਾ ਤੱਕ ਸੀਮਿਤ ਨਹੀਂ ਰਹਿੰਦੀਆਂ, ਸਗੋਂ ਨਵੀਂ ਸੋਚ, ਨਵੇਂ ਦ੍ਰਿਸ਼ਟਿਕੋਣ ਅਤੇ ਰਚਨਾਤਮਕ ਪ੍ਰੇਰਣਾ ਨੂੰ ਜਨਮ ਦਿੰਦੀਆਂ ਸਨ। ਇਸ ਤਰ੍ਹਾਂ ਜਰਨੈਲ ਆਰਟ ਗੈਲਰੀ ਅਤੇ ਜਰਨੈਲ ਸਿੰਘ ਆਰਟਿਸਟ ਦੀ ਮੇਜ਼ਬਾਨੀ ਨੇ ਸਰੀ ਨੂੰ ਕਨੇਡਾ ਦੇ ਸਾਹਿਤਕ ਤੇ ਸੱਭਿਆਚਾਰਕ ਨਕਸ਼ੇ ‘ਤੇ ਇੱਕ ਵਿਲੱਖਣ ਪਛਾਣ ਦਿੱਤੀ। ਇਹ ਥਾਂ ਸਿਰਫ਼ ਇਮਾਰਤ ਨਹੀਂ ਰਹੀ, ਸਗੋਂ ਕਲਾ, ਸਾਹਿਤ ਅਤੇ ਮਨੁੱਖੀ ਸਾਂਝ ਦਾ ਜਿਉਂਦਾ ਜਾਗਦਾ ਪ੍ਰਤੀਕ ਬਣ ਗਈ।

ਜਰਨੈਲ ਸਿੰਘ ਆਰਟਿਸਟ ਸਿਰਫ਼ ਚਿੱਤਰਕਾਰ ਹੀ ਨਹੀਂ, ਉਹ ਇੱਕ ਬਹੁਪੱਖੀ ਤੇ ਵਿਸ਼ਵ ਦ੍ਰਿਸ਼ਟੀ ਦੇ ਮਾਲਕ ਅਤੇ ਬਹੁਤ ਹੀ ਗਿਆਨਵਾਨ ਵਿਅਕਤੀ ਸਨ। ਉਨ੍ਹਾਂ ਨੇ ਪੰਜਾਬੀ ਅਤੇ ਵਿਸ਼ਵ ਕਲਾਸੀਕਲ ਸਾਹਿਤ ਦਾ ਡੂੰਘਾ ਅਧਿਐਨ ਕੀਤਾ ਅਤੇ ਇਹ ਗਿਆਨ ਉਨ੍ਹਾਂ ਦੇ ਜੀਵਨ, ਰਚਨਾ ਅਤੇ ਵਿਚਾਰਾਂ ਵਿੱਚ ਸਾਫ਼ ਨਜ਼ਰ ਆਉਂਦਾ ਸੀ। ਉਨ੍ਹਾਂ ਦੀਆਂ ਕਲਾਕ੍ਰਿਤਾਂ ਵਿੱਚ ਸਿਰਫ਼ ਰੰਗ ਅਤੇ ਰੂਪ ਨਹੀਂ, ਸਗੋਂ ਇਤਿਹਾਸਕ ਲਹਿਰਾਂ ਅਤੇ ਕਲਾ ਦੀ ਗਹਿਰਾਈ ਵੀ ਪ੍ਰਗਟ ਹੁੰਦੀ ਹੈ। ਉਨ੍ਹਾਂ ਦੀ ਫ਼ਿਲਮਾਂ ਬਾਰੇ ਜਾਣਕਾਰੀ ਵੀ ਬੇਮਿਸਾਲ ਸੀ। ਖ਼ਾਸ ਕਰਕੇ ਕਲਾਤਮਕ ਅਤੇ ਕਲਾਸੀਕਲ ਫ਼ਿਲਮਾਂ ਉਨ੍ਹਾਂ ਦੀ ਦਿਲਚਸਪੀ ਦਾ ਕੇਂਦਰ ਰਹੀਆਂ। ਕਿਸੇ ਵੀ ਫ਼ਿਲਮ ਦੀ ਚੋਣ, ਉਸ ਦੀ ਕਥਾ, ਕੈਮਰੇ ਦੀ ਭਾਸ਼ਾ ਅਤੇ ਦ੍ਰਿਸ਼ਟੀਕੋਣ ਬਾਰੇ ਉਹ ਬਹੁਤ ਗੰਭੀਰਤਾ ਨਾਲ ਗੱਲ ਕਰਦੇ। ਕਲਾ ਦੇ ਹਰ ਰੂਪ ਨੂੰ ਉਹ ਸਮਝਦੇ, ਮਾਣਦੇ ਅਤੇ ਜਿਉਂਦੇ ਸਨ। ਜਰਨੈਲ ਆਰਟ ਗੈਲਰੀ ਵਿੱਚ ਕਈ ਵਾਰ ਫ਼ਿਲਮਾਂ, ਕਲਾ ਅਤੇ ਸਾਹਿਤ ਬਾਰੇ ਹੋਣ ਵਾਲੀਆਂ ਪ੍ਰਦਰਸ਼ਨੀਆਂ ਅਤੇ ਚਰਚਾਵਾਂ ਵਿੱਚ ਉਨ੍ਹਾਂ ਦੀ ਟਿੱਪਣੀ ਵਿਚਾਰ-ਵਟਾਂਦਰੇ ਨੂੰ ਇੱਕ ਨਵਾਂ ਬੌਧਿਕ ਮੋੜ ਦਿੰਦੀ ਸੀ।

ਪੱਤਰਕਾਰੀ ਪ੍ਰਤੀ ਦਿਲਚਸਪੀ ਵੀ ਉਨ੍ਹਾਂ ਦੀ ਬਹੁਪੱਖੀ ਸ਼ਖ਼ਸੀਅਤ ਦੀ ਪਹਿਚਾਣ ਸੀ। ਪੱਤਰਕਾਰਾਂ ਦੇ ਕੰਮ, ਖ਼ਬਰਾਂ ਦੀ ਸੰਵੇਦਨਸ਼ੀਲਤਾ ਅਤੇ ਸਮਾਜਿਕ ਜ਼ਿੰਮੇਵਾਰੀ ਬਾਰੇ ਉਨ੍ਹਾਂ ਨੂੰ ਵਿਸ਼ਾਲ ਗਿਆਨ ਸੀ। ਇਸੇ ਦੂਰਦਰਸ਼ੀ ਅਤੇ ਗਿਆਨ ਦੀ ਬੁਨਿਆਦ ‘ਤੇ ਉਨ੍ਹਾਂ ਨੇ ਸਰੀ ਵਿੱਚ ਵੱਖ-ਵੱਖ ਅਖ਼ਬਾਰਾਂ ਦੇ ਪੱਤਰਕਾਰਾਂ ਨੂੰ ਇਕੱਠਾ ਕਰਕੇ ਪੰਜਾਬੀ ਪ੍ਰੈਸ ਕਲੱਬ ਬੀਸੀ ਦੀ ਸਥਾਪਨਾ ਕੀਤੀ। ਇਹ ਸੰਸਥਾ ਪੰਜਾਬੀ ਪੱਤਰਕਾਰ ਭਾਈਚਾਰੇ ਲਈ ਇਕ ਸਾਂਝਾ ਪਲੇਟਫਾਰਮ ਬਣ ਗਈ, ਜਿੱਥੇ ਉਹ ਆਪਣੇ ਵਿਚਾਰ ਅਤੇ ਅਨੁਭਵ ਸਾਂਝੇ ਕਰਦੇ ਹਨ। ਉਹ ਇਸ ਸੰਸਥਾ ਦੇ ਫਾਊਂਡਰ ਪ੍ਰਧਾਨ ਬਣੇ ਅਤੇ ਆਪਣੇ ਅੰਤਲੇ ਸਮੇਂ ਵੀ ਉਹ ਇਸ ਸੰਸਥਾਂ ਦੇ ਜਨਰਲ ਸਕੱਤਰ ਵਜੋਂ ਆਪਣਾ ਫਰਜ਼ ਨਿਭਾ ਰਹੇ ਸਨ। ਇਹ ਉਨ੍ਹਾਂ ਦੀ ਨਿਸ਼ਠਾ, ਲਗਨ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਪ੍ਰਤੀਕ ਸੀ। ਇੱਕ ਵਾਰ ਮੈਂ ਉਨ੍ਹਾਂ ਨੂੰ ਹੈਰਾਨੀ ਨਾਲ ਪੁੱਛਿਆ “ਜਰਨੈਲ ਸਿੰਘ ਜੀ, ਤੁਸੀਂ ਇੱਕ ਬਹੁਤ ਹੀ ਨਾਮਵਰ ਆਰਟਿਸਟ ਹੋ, ਫਿਰ ਪੱਤਰਕਾਰੀ ਵਿੱਚ ਇਹ ਦਿਲਚਸਪੀ ਕਿਵੇਂ?”

ਉਹ ਮੁਸਕਰਾ ਕੇ ਬਹੁਤ ਸਾਦਗੀ ਨਾਲ ਦੱਸਣ ਲੱਗੇ ਕਿ ਜਦੋਂ ਉਹ ਚੰਡੀਗੜ੍ਹ ਵਿੱਚ ਰਹਿੰਦੇ ਸਨ ਤਾਂ ਟ੍ਰਿਬਿਊਨ ਦੇ ਪੱਤਰਕਾਰਾਂ ਨਾਲ ਉਨ੍ਹਾਂ ਦੀ ਵਿਸ਼ੇਸ਼ ਦੋਸਤੀ ਸੀ। ਉਹ ਅਕਸਰ ਉਨ੍ਹਾਂ ਨਾਲ ਬੈਠ ਕੇ ਖ਼ਬਰਾਂ, ਰਿਪੋਰਟਾਂ ਅਤੇ ਸੰਵੇਦਨਸ਼ੀਲ ਵਿਸ਼ਿਆਂ ‘ਤੇ ਗੱਲ ਕਰਦੇ ਸਨ। ਇਸ ਤਰ੍ਹਾਂ ਉਨ੍ਹਾਂ ਪੱਤਰਕਾਰੀ ਦੇ ਤਜਰਬੇ ਨੂੰ ਨੇੜੇ ਤੋਂ ਵਾਚਿਆ ਸੀ।ਇਸ ਅਨੁਭਵ ਨੇ ਹੀ ਉਨ੍ਹਾਂ ਨੂੰ ਸਮਾਜ ਨੂੰ ਇੱਕ ਨਵੀਂ ਨਜ਼ਰ ਨਾਲ ਵੇਖਣਾ ਸਿਖਾਇਆ ਅਤੇ ਸ਼ਾਇਦ ਇਹੀ ਨਜ਼ਰੀਆ ਉਨ੍ਹਾਂ ਦੀ ਕਲਾ, ਸੋਚ ਅਤੇ ਮੇਜ਼ਬਾਨੀ ਵਿੱਚ ਵੀ ਝਲਕਦਾ ਸੀ।

ਜਰਨੈਲ ਸਿੰਘ ਆਰਟਿਸਟ ਦੀ ਸ਼ਖ਼ਸੀਅਤ ਦੀ ਸਭ ਤੋਂ ਵੱਡੀ ਖੂਬੀ ਉਨ੍ਹਾਂ ਦੀ ਨਿਮਰਤਾ ਸੀ। ਏਨੀ ਉੱਚੀ ਕਲਾ-ਸਾਧਨਾ ਦੇ ਬਾਵਜੂਦ ਉਨ੍ਹਾਂ ਦੇ ਅੰਦਰ ਕਿਤੇ ਵੀ ਹਉਮੈ ਨਹੀਂ ਸੀ। ਉਹ ਘੱਟ ਬੋਲਦੇ, ਵੱਧ ਸੁਣਦੇ ਅਤੇ ਆਪਣੇ ਰੰਗਾਂ ਰਾਹੀਂ ਸਭ ਕੁਝ ਕਹਿੰਦੇ ਸਨ। ਉਨ੍ਹਾਂ ਨੂੰ ਮਿਲ ਕੇ ਇਹ ਅਹਿਸਾਸ ਹੁੰਦਾ ਸੀ ਕਿ ਅਸਲ ਵਡੱਪਣ ਸ਼ਾਂਤ ਰਹਿਣ ਵਿੱਚ ਹੁੰਦਾ ਹੈ। ਉਨ੍ਹਾਂ ਦੀ ਮਹਾਨਤਾ ਇਸ ਗੱਲ ਵਿੱਚ ਵੀ ਹੈ ਕਿ ਉਨ੍ਹਾਂ ਨੇ ਕਲਾ, ਸਾਹਿਤ, ਫ਼ਿਲਮ ਅਤੇ ਪੱਤਰਕਾਰੀ ਦੇ ਹਰ ਰੂਪ ਨੂੰ ਆਪਣੇ ਜੀਵਨ ਵਿੱਚ ਜੋੜ ਕੇ ਇੱਕ ਸੰਤੁਲਨ ਬਣਾਇਆ। ਜਰਨੈਲ ਆਰਟ ਗੈਲਰੀ ਵਿੱਚ ਹੋਣ ਵਾਲੀ ਹਰ ਮਹਿਫ਼ਿਲ ਉਨ੍ਹਾਂ ਦੀ ਵਿਸ਼ਾਲਤਾ, ਸਾਦਗੀ ਅਤੇ ਬੇਨਿਆਜ਼ ਸਮਰਪਣ ਦੀ ਗਵਾਹ ਹੈ। ਉਨ੍ਹਾਂ ਦੀ ਮੇਜ਼ਬਾਨੀ ਸਿਰਫ਼ ਯਾਦਾਂ ਵਿੱਚ ਹੀ ਨਹੀਂ, ਸਗੋਂ ਸਰੀ ਦੇ ਸਾਹਿਤਕ ਤੇ ਸੱਭਿਆਚਾਰਕ ਜੀਵਨ ਵਿੱਚ ਹਮੇਸ਼ਾ ਲਈ ਇੱਕ ਵਿਰਾਸਤ ਵਾਂਗ ਵਸ ਗਈ। ਉਨ੍ਹਾਂ ਦੀ ਆਰਟ ਗੈਲਰੀ ਵਿੱਚ ਹੋਣ ਵਾਲੀਆਂ ਸਾਹਿਤਕ ਬੈਠਕਾਂ ਅਤੇ ਕਲਾ ਸੰਵਾਦ ਦੀਆਂ ਯਾਦਾਂ ਸਿਰਫ਼ ਇਕ ਪੀੜੀ ਤੋਂ ਦੂਜੀ ਪੀੜੀ ਤੱਕ ਗਈਆਂ ਹੀ ਨਹੀਂ, ਸਗੋਂ ਉਹ ਸਰੀ ਦੇ ਸਾਹਿਤਕ ਜੀਵਨ ਦੀ ਪ੍ਰਾਪਤੀ ਬਣ ਗਈਆਂ। ਜਰਨੈਲ ਸਿੰਘ ਆਰਟਿਸਟ ਦੀ ਦ੍ਰਿਸ਼ਟੀ, ਉਨ੍ਹਾਂ ਦੀ ਸੇਵਾ ਅਤੇ ਉਨ੍ਹਾਂ ਦੀ ਮਿਹਨਤ ਸਾਨੂੰ ਸਿਖਾਉਂਦੀ ਹੈ ਕਿ ਕਲਾ, ਸਾਹਿਤ ਅਤੇ ਸਮਾਜਿਕ ਜ਼ਿੰਮੇਵਾਰੀ ਇਕੱਠੇ ਹੋ ਕੇ ਸਮਾਜ ਦੀ ਸੱਭਿਆਚਾਰਕ ਪਛਾਣ ਬਣਾਉਂਦੇ ਹਨ।

ਨਵੰਬਰ 2024 ਦੀ ਇਕ ਯਾਦ ਚਿਤਵਿਆਂ ਹੀ ਅਕਸਰ ਮਨ ਭਰ ਜਾਂਦਾ ਹੈ। ਗੱਲ ਹੇਵਰਡ ਸ਼ਹਿਰ ਦੀ ਹੈ। ਵਿਸ਼ਵ ਪੰਜਾਬੀ ਸਾਹਿਤ ਅਕੈਡਮੀ, ਕੈਲੀਫੋਰਨੀਆ ਵੱਲੋਂ ਉੱਥੇ ਆਪਣੀ 24ਵੀਂ ਸਾਲਾਨਾ ਸਾਹਿਤਕ ਕਾਨਫਰੰਸ ਕਰਵਾਈ ਗਈ। ਇਸ ਮੌਕੇ ‘ਤੇ ਅਕੈਡਮੀ ਦੇ ਪ੍ਰਧਾਨ ਅਤੇ ਸਾਡੇ ਪਿਆਰੇ ਸ਼ਾਇਰ ਮਿੱਤਰ ਕੁਲਵਿੰਦਰ ਨੇ ਸਰੀ ਵਿਚ ਸ਼ਾਇਰ ਜਸਵਿੰਦਰ, ਰਾਜਵੰਤ ਰਾਜ, ਪ੍ਰੀਤ ਮਨਪ੍ਰੀਤ, ਹਰਦਮ ਮਾਨ, ਕ੍ਰਿਸ਼ਨ ਭਨੋਟ, ਜਰਨੈਲ ਸਿੰਘ ਆਰਟਿਸਟ, ਗੁਰਦੀਪ ਭੁੱਲਰ, ਸਤੀਸ਼ ਗੁਲਾਟੀ, ਕਰਤਾਰ ਸਿੰਘ ਰੋਡੇ ਅਤੇ ਹਰਿੰਦਰਜੀਤ ਸੰਧੂ ਨੂੰ ਇਸ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਵਿਸ਼ੇਸ਼ ਤੌਰ ‘ਤੇ ਸੱਦਾ ਭੇਜਿਆ। ਜਰਨੈਲ ਸਿੰਘ ਆਰਟਿਸਟ ਨੇ ਉੱਥੇ ਦੋ ਦਿਨ ਆਪਣੀਆਂ ਕਲਾਕ੍ਰਿਤਾਂ ਦੀ ਨੁਮਾਇਸ਼ ਲਾਈ ਜਿਸ ਵਿੱਚ ਕੈਲੀਫੋਰਨੀਆ ਦੇ ਪੰਜਾਬੀਆਂ ਨੇ ਵਿਸ਼ੇਸ਼ ਦਿਲਚਸਪੀ ਦਿਖਾਈ।

ਇਸ ਕਾਨਫਰੰਸ ਦੇ ਚਾਹ ਸੈਸ਼ਨ ਦੌਰਾਨ ਮੈਂ, ਹਰਿੰਦਰਜੀਤ ਸੰਧੂ ਅਤੇ ਜਰਨੈਲ ਸਿੰਘ ਆਰਟਿਸਟ ਆਪਸ ਵਿਚ ਬੈਠੇ ਗੱਲਾਂ ਕਰ ਰਹੇ ਸੀ। ਅਚਾਨਕ ਜਰਨੈਲ ਸਿੰਘ ਨੇ ਕਿਹਾ “ਮਾਨ ਸਾਅਬ, ਇੱਥੇ ਸਰੀ ਦੇ ਕਈ ਲੇਖਕ ਅਤੇ ਕਲਾਕਾਰ ਆਏ ਹਨ ਤੇ ਕਿਉਂ ਨਾ ਸਾਰਿਆਂ ਨੂੰ ਬੁਲਾ ਕੇ ਇਕ ਯਾਦਗਾਰੀ ਫੋਟੋ ਕਰਵਾ ਲਈਏ। ਯਾਦਾਂ ਹੀ ਰਹਿ ਜਾਂਦੀਆਂ…”। ਮੈਂ ਤੁਰੰਤ ਸਰੀ ਦੇ ਸਾਰੇ ਦੋਸਤਾਂ ਨੂੰ ਇਕੱਠਾ ਕਰ ਕੇ ਇਕ ਤਸਵੀਰ ਖਿੱਚਵਾਈ। ਜਰਨੈਲ ਸਿੰਘ ਦੇ ਮੂੰਹੋਂ ਨਿਕਲੇ ਬੋਲਾਂ ਅਨੁਸਾਰ ਇਹ ਤਸਵੀਰ ਸੱਚਮੁੱਚ ਹੀ ਯਾਦਗਾਰੀ ਅਤੇ ਅਮਰ ਬਣ ਗਈ।

ਦਸੰਬਰ 2024 ਵਿੱਚ ਜਰਨੈਲ ਸਿੰਘ ਆਰਟਿਸਟ ਨੇ ਆਪਣੀ ਪੰਜਾਬ ਯਾਤਰਾ ਦਾ ਪ੍ਰੋਗਰਾਮ ਸਾਂਝਾ ਕੀਤਾ ਤਾਂ ਵੈਨਕੂਵਰ ਵਿਚਾਰ ਮੰਚ ਦੇ ਸਾਰੇ ਮਿੱਤਰਾਂ ਨੇ ਉਨ੍ਹਾਂ ਨਾਲ ਇੱਕ ਮਹਿਫ਼ਿਲ ਰਚਾਉਣ ਦਾ ਪ੍ਰੋਗਰਾਮ ਉਲੀਕ ਲਿਆ। ਜਰਨੈਲ ਸਿੰਘ ਆਰਟਿਸਟ ਤੋਂ ਇਲਾਵਾ ਜਰਨੈਲ ਸਿੰਘ ਸੇਖਾ, ਮੋਹਨ ਗਿੱਲ, ਅੰਗਰੇਜ਼ ਬਰਾੜ, ਹਰਦਮ ਮਾਨ, ਪਰਮਜੀਤ ਸਿੰਘ ਸੇਖੋਂ, ਅੰਤਰ ਪੰਮਾ ਅਤੇ ਤਰਲੋਚਨ ਤਰਨਤਾਰਨ ਇਸ ਮਹਿਫ਼ਿਲ ਵਿਚ ਹਾਜਰ ਹੋ ਗਏ। ਮਹਿਫ਼ਿਲ ਵਿਚ ਜਰਨੈਲ ਸਿੰਘ ਦੇ ਪੰਜਾਬ ਟੂਰ ਬਾਰੇ ਗੱਲਬਾਤ ਹੁੰਦੀ ਰਹੀ ਅਤੇ ਪੰਜਾਬ ਨਾਲ ਸਬੰਧਤ ਹੋਰ ਵੀ ਵਿਸ਼ਿਆਂ ‘ਤੇ ਚਰਚਾ ਹੁੰਦੀ ਰਹੀ। ਇਸ ਮਹਿਫ਼ਿਲ ਦੌਰਾਨ ਅੰਤਰ ਪੰਮਾ ਨੇ ਕਿਹਾ ਕਿ ਪੰਜਾਬ ਜਾਣ ਤੋਂ ਪਹਿਲਾਂ ਉਹ ਵੀ ਜਰਨੈਲ ਸਿੰਘ ਆਰਟਿਸਟ ਦੇ ਮਾਣ ਵਿਚ ਇਕ ਪਾਰਟੀ ਰੱਖਣਾ ਚਾਹੁੰਦੇ ਹਨ। ਇਸ ਪਾਰਟੀ ਲਈ 8 ਦਸੰਬਰ 2024 ਦਾ ਦਿਨ ਨਿਸ਼ਚਤ ਕਰ ਲਿਆ, 10 ਦਸੰਬਰ ਨੂੰ ਤਾਂ ਜਰਨੈਲ ਸਿੰਘ ਆਰਟਿਸਟ ਨੇ ਪੰਜਾਬ ਲਈ ਰਵਾਨਾ ਹੋ ਜਾਣਾ ਸੀ। ਜਰਨੈਲ ਸਿੰਘ ਸੇਖਾ, ਜਰਨੈਲ ਸਿੰਘ ਆਰਟਿਸਟ, ਮੋਹਨ ਗਿੱਲ, ਹਰਦਮ ਮਾਨ, ਅੰਗਰੇਜ਼ ਬਰਾੜ, ਗੁਰਮੇਲ ਰਾਏ ਅਤੇ ਹੋਰ ਕੁਝ ਮਿੱਤਰ ਅੰਤਰ ਪੰਮਾ ਦੇ ਨਿਵਾਸ ‘ਤੇ ਇਕੱਠੇ ਹੋ ਗਏ।ਇਹ ਮਹਿਫ਼ਿਲ ਖੂਬ ਯਾਦਗਾਰੀ ਬਣੀ ਅਤੇ ਸਾਰੇ ਮਿੱਤਰਾਂ ਨੇ ਜਰਨੈਲ ਸਿੰਘ ਆਰਟਿਸਟ ਨੂੰ ਪੰਜਾਬ ਯਾਤਰਾ ਲਈ ਦਿਲੀ ਸ਼ੁੱਭ ਕਾਮਨਾਵਾਂ ਦਿੱਤੀਆਂ।

ਜਰਨੈਲ ਸਿੰਘ ਆਰਟਿਸਟ ਚੰਡੀਗੜ੍ਹ ਪਹੁੰਚੇ ਗਏ। ਕੁਝ ਦਿਨਾਂ ਬਾਅਦ ਪਤਾ ਲੱਗਿਆ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ। ਮੋਹਨ ਗਿੱਲ, ਅੰਗਰੇਜ਼ ਬਰਾੜ ਅਤੇ ਮੈਂ ਵੀ ਫਰਵਰੀ-ਮਾਰਚ 2025 ਵਿਚ ਪੰਜਾਬ ਵਿਚ ਹੀ ਸਾਂ। ਮੋਹਨ ਗਿੱਲ ਦਾ ਇਕ ਦਿਨ ਫੋਨ ਆਇਆ ਕਿ ਜਰਨੈਲ ਸਿੰਘ ਆਰਟਿਸਟ ਦੀ ਬੀਮਾਰੀ ਗੰਭੀਰ ਹੈ ਅਤੇ ਉਹ ਫੋਰਟਿਸ ਹਸਪਤਾਲ ਵਿਚ ਜ਼ੇਰੇ-ਇਲਾਜ ਹਨ। ਫਿਰ 11 ਫਰਵਰੀ ਨੂੰ ਮਨਹੂਸ ਖ਼ਬਰ ਮਿਲੀ ਕਿ ਉਹ ਸਾਡੇ ਕੋਲੋਂ ਸਦੀਵੀ ਤੌਰ ‘ਤੇ ਰੁਖਸਤ ਹੋ ਗਏ। ਸੱਚ ਨਹੀਂ ਆ ਰਿਹਾ ਸੀ ਕਿ ਦੋ ਮਹੀਨੇ ਪਹਿਲਾਂ ਹੱਸਦਾ ਖੇਡਦਾ ਆਇਆ ਸਾਡਾ ਪਿਆਰਾ ਆਰਟਿਸਟ ਜਰਨੈਲ ਸਿੰਘ ਇਉਂ ਸਦੀਵੀ ਤੌਰ ‘ਤੇ ਅੱਖਾਂ ਮੀਚ ਜਾਵੇਗਾ। ਪਰ ਮੌਤ ਦੇ ਸੱਚ ਨੂੰ ਕੌਣ ਝੁਠਲਾ ਸਕਦਾ ਸੀ। ਅੰਤਰ ਪੰਮਾ ਦੇ ਘਰ ਉਨ੍ਹਾਂ ਨਾਲ ਬਿਤਾਏ ਪਲ ਵੈਨਕੂਵਰ ਵਿਚਾਰ ਮੰਚ ਦੇ ਸਾਰੇ ਮਿੱਤਰਾਂ ਲਈ ਆਖਰੀ ਅਤੇ ਬੇਹੱਦ ਯਾਦਗਾਰੀ ਪਲ ਬਣ ਗਏ।

ਅੱਜ ਜਦੋਂ ਮੈਂ ਜਰਨੈਲ ਸਿੰਘ ਆਰਟਿਸਟ ਨੂੰ ਯਾਦ ਕਰਦਾ ਹਾਂ, ਉਹ ਸਿਰਫ਼ ਇੱਕ ਕਲਾਕਾਰ ਹੀ ਨਹੀਂ, ਸਗੋਂ ਮੇਰੇ ਲਈ ਜੀਵੰਤ ਪ੍ਰੇਰਣਾ ਅਤੇ ਸਰੀ ਦੀ ਸਾਹਿਤਕ ਆਤਮਾ ਦਾ ਇੱਕ ਅਮਰ ਹਿੱਸਾ ਹਨ। ਉਨ੍ਹਾਂ ਨੇ ਸਾਡੇ ਸਾਹਿਤਕ, ਕਲਾਤਮਿਕ ਅਤੇ ਸਮਾਜਿਕ ਜੀਵਨ ਨੂੰ ਇੱਕ ਅਜਿਹਾ ਦ੍ਰਿਸ਼ਟੀਕੋਣ ਦਿੱਤਾ ਜੋ ਸਦੀਵੀ ਹੈ। ਉਨ੍ਹਾਂ ਦੀਆਂ ਯਾਦਾਂ ਸਿਰਫ਼ ਕਲਾ ਦੇ ਰੰਗਾਂ ਵਿੱਚ ਨਹੀਂ, ਸਗੋਂ ਦਿਲਾਂ ਵਿੱਚ ਵੀ ਜਿਉਂਦੀਆਂ ਹਨ। ਇਹ ਯਾਦਾਂ ਹਰ ਕਲਾਕਾਰ,ਸਾਹਿਤਕਾਰ, ਵਿਦਵਾਨ, ਕਲਾ-ਪ੍ਰੇਮੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਦਾ ਸੋਮਾ ਬਣੀਆਂ ਰਹਿਣਗੀਆਂ। ਜਰਨੈਲ ਸਿੰਘ ਸਾਡੇ ਦਰਮਿਆਨ ਸਰੀਰਕ ਤੌਰ ‘ਤੇ ਨਹੀਂ ਰਹੇ ਪਰ ਉਹ ਹਰ ਉਸ ਅੱਖ ਵਿੱਚ ਜ਼ਿੰਦਾ ਰਹਿਣਗੇ ਜੋ ਉਨ੍ਹਾਂ ਦੀ ਕਲਾ ਨੂੰ ਮਹਿਸੂਸ ਕਰਦੀ ਹੈ। ਉਨ੍ਹਾਂ ਦੇ ਰੰਗ ਅਜੇ ਵੀ ਬੋਲਦੇ ਹਨ, ਉਨ੍ਹਾਂ ਦੇ ਚਿੱਤਰ ਅਜੇ ਵੀ ਸਵਾਲ ਪੁੱਛਦੇ ਹਨ ਅਤੇ ਉਨ੍ਹਾਂ ਦੀ ਚੁੱਪ ਅਜੇ ਵੀ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ।

Share

ਬੀ.ਸੀ. ਵਿੱਚ ਗੋਲੀਬਾਰੀ, ਕੈਨੇਡਾ ਭਰ ਵਿੱਚ ਸੋਗ ਦੀ ਲਹਿਰ

Surrey Mayor Brenda Locke Offers Condolences Following Tragedy in Tumbler Ridge

Mark Carney Calls for Swift Parliamentary Action After Meeting with Pierre Poilievre

Reader Interactions

Comments

No Comments

Leave a comment

NOTE: Surrey News welcomes your opinions and comments. We do not allow personal attacks, offensive language or unsubstantiated allegations. We reserve the right to edit comments for length, style, legality and taste and reproduce them in print, electronic or otherwise. For further information, please contact the editor or publisher, or see our Terms and Conditions.

Cancel reply

Your email address will not be published. Required fields are marked *

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News