ਕੈਮਲੂਪਸ – ਕੈਨੇਡਾ ਪੜ੍ਹਣ ਲਈ ਆਏ ਇੱਕ ਪੰਜਾਬੀ ਨੌਜਵਾਨ ਦੇ ਦਰਿਆ ਵਿੱਚ ਰੁੜ੍ਹ ਜਾਣ ਦੀ ਖ਼ਬਰ ਹੈ। ਕੈਮਲੂਪਸ RCMP ਅਤੇ ਸਰਚ ਐਂਡ ਰੈਸਕਿਊ ਟੀਮਾਂ ਐਤਵਾਰ ਸ਼ਾਮ (6 ਜੁਲਾਈ) ਤੋਂ ਇੱਕ ਨੌਜਵਾਨ ਦੀ ਭਾਲ ਵਿੱਚ ਲੱਗੀਆਂ ਹੋਈਆਂ ਹਨ, ਜੋ ਥੌਮਸਨ ਦਰਿਆ ਵਿੱਚ ਗਾਇਬ ਹੋ ਗਿਆ ਹੈ।
ਇਹ ਘਟਨਾ ਸ਼ਾਮ 5:14 ਵਜੇ ਦੇ ਕਰੀਬ ਓਵਰਲੈਂਡਰ ਬ੍ਰਿਜ ਦੇ ਪੂਰਬ ਵੱਲ, ਨੌਰਥ ਸ਼ੋਰ ਨੇੜੇ ਵਾਪਰੀ। ਪੀੜਤ ਨੌਜਵਾਨ ਇਕ ਵੌਲੀਬਾਲ ਦੀ ਗੇਂਦ ਲਿਆਉਣ ਲਈ ਦਰਿਆ ਵਿੱਚ ਵੜਿਆ ਸੀ ਪਰ ਹੇਠਲੇ ਵਹਾਅ ’ਚ ਫਸ ਗਿਆ।
ਕੈਮਲੂਪਸ RCMP ਦੀ ਪ੍ਰਵਕਤਾ ਕਰਪੋਰਲ ਡੈਨਾ ਨੇਪੀਅਰ ਨੇ ਦੱਸਿਆ;
“ਰਿਪੋਰਟ ਮੁਤਾਬਕ, ਇੱਕ ਨੌਜਵਾਨ ਵੌਲੀਬਾਲ ਲਿਆਉਣ ਲਈ ਦਰਿਆ ਵਿੱਚ ਗਿਆ ਤੇ ਹੇਠਲੇ ਵਹਾਅ ਵਿੱਚ ਫਸ ਗਿਆ। ਉਸ ਦੀ ਮਦਦ ਲਈ ਹੋਰ ਦੋ ਨੌਜਵਾਨ ਵੀ ਦਰਿਆ ਵਿੱਚ ਉਤਰ ਗਏ, ਪਰ ਉਹ ਵੀ ਦਰਿਆ ਵਿੱਚ ਡੁੱਬਣ ਲੱਗੇ । ਤਿੰਨ ਵਿੱਚੋਂ ਦੋ ਨੂੰ ਬਚਾ ਲਿਆ ਗਿਆ, ਜਦਕਿ ਤੀਜਾ ਨੌਜਵਾਨ ਦਰਿਆ ਦੀ ਲਹਿਰਾਂ ’ਚ ਫਸ ਕੇ ਗਾਇਬ ਹੋ ਗਿਆ।”
ਗੁੰਮ ਹੋਇਆ ਨੌਜਵਾਨ ਥੌਮਸਨ ਰਿਵਰਜ਼ ਯੂਨੀਵਰਸਿਟੀ ਵਿੱਚ ਪੜ੍ਹ ਰਿਹਾ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਹੈ। ਪੁਲਿਸ ਨੇ ਉਨ੍ਹਾਂ ਦੇ ਪਰਿਵਾਰ ਨਾਲ ਸੰਪਰਕ ਕਾਇਮ ਕਰ ਲਿਆ ਹੈ, ਫਿਲਹਾਲ ਪੁਲਸ ਵੱਲੋਂ ਵਿਦਿਆਰਥੀ ਦਾ ਨਾਂ ਜਾਰੀ ਨਹੀਂ ਕੀਤਾ ਗਿਆ।
‘ਸਰੀ ਨਿਊਜ਼’ ਨੂੰ ਆਪਣੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਦਰਿਆ ਵਿੱਚ ਡੁੱਬਣ ਵਾਲਾ ਨੌਜਵਾਨ ਪੰਜਾਬ ਦੇ ਸ਼ਹਿਰ ਮਾਨਸਾ ਦਾ ਰਹਿਣ ਵਾਲਾ ਸੀ। ਜਤਿਨ ਗਰਗ ਪਿਛਲੇ ਸਾਲ ਅਗਸਤ ਮਹੀਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਪੜ੍ਹਨ ਲਈ ਆਇਆ ਸੀ ! ਉਸਨੇ ਕੈਮਲੂਪਸ ਦੀ ਥਾਂਪਸਨ ਰਿਵਰਜ਼ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਸੀ। ਜਤਿਨ ਦਾ ਇੱਕ ਭਰਾ ਮਾਨਸਾ ਵਿਖੇ ਆਪਣੇ ਪਰਿਵਾਰ ਨਾਲ ਰਹਿੰਦਾ ਹੈ । ਉਸਦੇ ਮਾਪਿਆਂ ਦਾ ਰੋ – ਰੋ ਕੇ ਬੁਰਾ ਹਾਲ ਹੋ ਗਿਆ ਹੈ । ਫ਼ਿਲਹਾਲ ਪਰਿਵਾਰ ਕੈਨੇਡਾ ਆਉਣ ਬਾਰੇ ਵੀ ਕੋਈ ਫ਼ੈਸਲਾ ਨਹੀਂ ਲੈ ਸਕਿਆ ।
RCMP ਏਅਰ ਸਰਵਿਸ ਅਤੇ ਸਰਚ ਐਂਡ ਰੈਸਕਿਊ ਟੀਮਾਂ ਇਸ ਗੁੰਮਸ਼ੁਦਾ ਵਿਦਿਆਰਥੀ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਰਿਆ ਦੇ ਕੰਢਿਆਂ ਉੱਤੇ ਨਜ਼ਰ ਰੱਖਣ ਅਤੇ ਕਿਸੇ ਵੀ ਜਾਣਕਾਰੀ ਦੀ ਸੂਰਤ ਵਿੱਚ ਕੈਮਲੂਪਸ RCMP ਡਿਟੈਚਮੈਂਟ ਨੂੰ 250-828-3000 ਤੇ ਸੰਪਰਕ ਕਰਨ।
Comments