
ਸਰੀ, ਬੀ.ਸੀ. – ਕੈਨੇਡਾ ਤੋਂ ਪੰਜਾਬੀ ਸਾਹਿਤ ਜਗਤ ਲਈ ਉਦਾਸ ਕਰ ਦੇਣ ਵਾਲੀ ਖ਼ਬਰ ਹੈ । ਪ੍ਰਸਿੱਧ ਪੰਜਾਬੀ ਸ਼ਾਇਰਾ ਅਤੇ ਕਹਾਣੀਕਾਰ ਬੀਬੀ ਇੰਦਰਜੀਤ ਕੌਰ ਸਦੀਵੀ ਵਿਛੋੜਾ ਦੇ ਗਏ ਹਨ । ਉਹ 85 ਸਾਲ ਦੀ ਉਮਰ ਦੇ ਸਨ ਅਤੇ ਪਿਛਲੇ ਕੁਝ ਹਫ਼ਤਿਆਂ ਤੋਂ ਉਨ੍ਹਾਂ ਦੀ ਸਿਹਤ ਨਾਸਾਜ਼ ਦੱਸੀ ਜਾ ਰਹੀ ਸੀ
ਬੀਬੀ ਇੰਦਰਜੀਤ ਕੌਰ ਸਿੱਧੂ ਦਾ ਜਨਮ 15 ਅਗਸਤ 1940 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। ਉਹ ਲੰਮੇ ਅਰਸੇ ਤੋਂ ਕੈਨੇਡਾ ‘ਚ ਰਹਿ ਰਹੇ ਸਨ। ਉਹਨਾਂ ਤਕਰੀਬਨ 20 ਪੁਸਤਕਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਈਆਂ, ਜਿਨ੍ਹਾਂ ਵਿੱਚ ਮਹਿਕ ਦੀ ਭੁੱਖ, ਕਰਮ , ਤਪੱਸਿਆ,ਕੰਧ ਤੇ ਰਿਸ਼ਤਾ, …ਤੇ ਚਿੜੀਆਂ ਉੱਡ ਗਈਆਂ (ਕਹਾਣੀ -ਸੰਗ੍ਰਹਿ ) ਨੰਗੇ ਪੈਰ, ਆਖਰੀ ਵਸੀਅਤ, ਹਵਾ ‘ਚ ਟੰਗੀ ਕਿੱਲੀ ,(ਕਾਵਿ-ਸੰਗ੍ਰਹਿ ) ਕਿਰਮਚੀ ਲਕੀਰਾਂ (ਵਾਰਤਕ) ਅਤੇ ਨਾਂ ਸੜਕਾਂ ਨਾ ਦਾਇਰੇ ( ਸਵੈ-ਜੀਵਨੀ) ਸ਼ਾਮਲ ਹਨ । ਬਾਅਦ ਵਿੱਚ ਉਨ੍ਹਾਂ ਆਪਣੀ ਸਮੁੱਚੀ ਕਵਿਤਾ ਵੱਡ ਆਕਾਰੀ ਪੁਸਤਕ ‘ਆਜ਼ਾਦੀ ਦਾ ਭਰਮ’ ਸਿਰਲੇਖ ਹੇਠ ਪ੍ਰਕਾਸ਼ਿਤ ਕਰਵਾਈ ।
ਬੀਬੀ ਇੰਦਰਜੀਤ ਕੌਰ ਅਕਸਰ ਆਪਣੇ ਲੇਖ ਸਥਾਨਕ ਅਖ਼ਬਾਰਾਂ ਵਿੱਚ ਛਪਵਾਉਂਦੇ ਰਹਿੰਦੇ ਸਨ ਅਤੇ ਗਾਹੇ- ਬਗਾਹੇ ਰੇਡੀਓ ‘ਤੇ ਵੀ ਗੱਲਬਾਤ ਕਰਦੇ ਹੁੰਦੇ ਸਨ । ਆਪਣੀ ਬੇਬਾਕ ਲੇਖਣੀ ਲਈ ਜਾਣੀ ਜਾਂਦੀ ਬੀਬੀ ਇੰਦਰਜੀਤ ਕੌਰ ਸਿੱਧੂ ਦੇ ਚਲਾਣੇ ਦੀ ਖ਼ਬਰ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਅਦਬੀ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ।
ਪੰਜਾਬੀ ਪ੍ਰੈਸ ਕਲੱਬ ਆਫ ਬੀ.ਸੀ. ਵੱਲੋਂ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਤੇ ਹਮਦਰਦੀ ਦਾ ਇਜ਼ਹਾਰ ਕੀਤਾ ਗਿਆ ਹੈ ।
