
ਚੰਡੀਗੜ੍ਹ – ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਅਤੇ ਅਕਾਲੀ ਦਲ (ਪੁਨਰ ਸੁਰਜੀਤ ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਚੰਡੀਗੜ੍ਹ ਵਿੱਚ ਪੰਜਾਬ ਦੀ ਅਧਿਕਾਰਿਤ ਵਿਧਾਨ ਸਭਾ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਵੱਲੋਂ ਅਨੰਦਪੁਰ ਸਾਹਿਬ ਵਿੱਚ ਵੱਖਰਾ ਸੈਸ਼ਨ ਬੁਲਾਉਣਾ ਸਿੱਖ ਭਾਵਨਾਵਾਂ ਨੂੰ ਸਿਆਸੀ ਮੁਫਾਦ ਵਜੋਂ ਹਾਸਿਲ ਕਰਨ ਲਈ ਸਿਰਫ਼ ਸਿਆਸੀ ਡਰਾਮੇਬਾਜ਼ੀ ਹੈ।
ਉਨ੍ਹਾਂ ਕਿਹਾ, “ਜਿਹੜੇ ਕੰਮ ਸਰਕਾਰ ਨੂੰ ਵਿਧਾਨ ਸਭਾ ਵਿੱਚ ਕਰਨੇ ਚਾਹੀਦੇ ਸਨ, ਓਹਨਾਂ ਵਿੱਚ ਸਾਢੇ ਤਿੰਨ ਸਾਲਾਂ ਵਿੱਚ ਇੱਕ ਕਦਮ ਵੀ ਅੱਗੇ ਨਹੀਂ ਵਧਾਇਆ ਗਿਆ — ਪਰ ਹੁਣ ਇੱਕ ਦਿਨ ਦੇ ਦਿਖਾਵੇ ਲਈ ਕਰੋੜਾਂ ਰੁਪਏ ਬਰਬਾਦ ਕੀਤੇ ਜਾ ਰਹੇ ਹਨ। ਇਹੀ ਫੰਡ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ’ਤੇ ਮੈਡੀਕਲ ਕਾਲਜ ਐਲਾਨ ਕਰ ਸਹੀ ਦਿਸ਼ਾ ਵੱਲ ਵਰਤਿਆ ਜਾ ਸਕਦਾ ਸੀ ਤੇ ਨਾਲ ਹੀ ਸਿੱਖਾਂ ਅਤੇ ਪੰਜਾਬ ਦੇ ਲੋਕਾਂ ਦੇ ਇਨਸਾਫ਼ ਦੇ ਉਹ ਮੁੱਦੇ ਸਿਰੇ ਚੜ੍ਹਾਏ ਜਾਣ ਜਿਨ੍ਹਾਂ ਨੂੰ ਵਰਤ ਕੇ “ਆਪ” ਸੱਤਾ ਵਿੱਚ ਆਈ ਸੀ।”
ਗਿਆਨੀ ਹਰਪ੍ਰੀਤ ਸਿੰਘ ਨੇ ਸੱਤਾਧਾਰੀ ਧਿਰ ਨੂੰ ਸੁਆਲਾਂ ਦੇ ਘੇਰੇ ਵਿੱਚ ਲੈਂਦਿਆਂ ਹੋਇਆਂ ਕਿਹਾ ਕਿ ਕੀ ਖ਼ਾਲਸੇ ਦੀ ਧਰਤੀ ’ਤੇ ਹੋ ਰਹੇ ਇਸ ਪ੍ਰਤੀਕਾਤਮਕ ਸੈਸ਼ਨ ਵਿੱਚ ਕੀ ਸਿੱਖ ਮਸਲਿਆਂ, ਬੇਅਦਬੀ ਮਾਮਲਿਆਂ ਅਤੇ ਮੌੜ ਬੰਬ ਧਮਾਕੇ ਬਾਰੇ ਵਾਈਟ ਪੇਪਰ ਜਾਰੀ ਕੀਤਾ ਜਾਵੇਗਾ — ਜਾਂ ਇਹ ਵੀ ਕੇਵਲ ਸਿਆਸੀ ਨਾਟਕ ਦਾ ਹਿੱਸਾ ਰਹੇਗਾ?
