ਸ੍ਰੀ ਅੰਮ੍ਰਿਤਸਰ ਸਾਹਿਬ- ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਲਈ ਹੋਏ ਇਜਲਾਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ। ਅਕਾਲੀ ਦਲ ਤੋਂ ਅਲੱਗ ਹੋਏ ਕੁਝ ਆਗੂਆਂ ਨੇ ਪਿਛਲੇ ਕਈ ਮਹੀਨਿਆਂ ਤੋਂ ਨਵੀਂ ਮੈਂਬਰਸ਼ਿਪ ਲਈ ਮੁਹਿੰਮ ਚਲਾਈ ਹੋਈ ਸੀ। ਇਕਬਾਲ ਸਿੰਘ ਝੂੰਦਾ , ਪ੍ਰੇਮ ਸਿੰਘ ਚੰਦੂਮਾਜਰਾ ਅਤੇ ਚਰਨਜੀਤ ਸਿੰਘ ਬਰਾੜ ਵਰਗੇ ਇਹਨਾਂ ਆਗੂਆਂ ਦਾ ਕਹਿਣਾ ਹੈ ਕਿ ਇਹ ਇਤਿਹਾਸਿਕ ਸਮਾਗਮ ਸਫਲਤਾਪੂਰਵਕ ਸੰਪੰਨ ਹੋਇਆ। ਇਸ ਇਜਲਾਸ ਵਿੱਚ ਪੰਥਕ ਏਕਤਾ, ਗੁਰਮੱਤਿ ਮੂਲਾਂ ਦੀ ਰੱਖਿਆ ਅਤੇ ਸਿੱਖ ਕੌਮ ਦੇ ਭਵਿੱਖ ਲਈ ਸੇਵਾ ਦੇ ਨਵੇਂ ਸੰਕਲਪਾਂ ਨਾਲ ਅੱਗੇ ਵਧਣ ਦਾ ਵਚਨ ਲਿਆ ਗਿਆ। ਇਹ ਸਿਰਫ਼ ਇੱਕ ਚੋਣ ਨਹੀਂ, ਸਗੋਂ ਪੰਥਕ ਸੇਵਾ ਦੀ ਨਵੀਂ ਪੜਾਅ ਦੀ ਸ਼ੁਰੂਆਤ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਸੰਭਾਲਣ ਉਪਰੰਤ ਹੋਰ ਸੀਨੀਅਰ ਆਗੂਆਂ ਸਮੇਤ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕ ਕੇ ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ। ਉਨ੍ਹਾਂ ਕਿਹਾ ਕਿ ਇਹ ਪਲ ਸੇਵਾ, ਨਿਮਰਤਾ ਅਤੇ ਪੰਥ ਪ੍ਰਤੀ ਅਟੁੱਟ ਸਮਰਪਣ ਦਾ ਪ੍ਰਤੀਕ ਹੈ – ਇੱਕ ਨਵੇਂ ਸਫ਼ਰ ਦੀ ਸ਼ੁਰੂਆਤ ਜੋ ਸੱਚ, ਇਨਸਾਫ਼ ਅਤੇ ਪੰਥਕ ਏਕਤਾ ਲਈ ਸਮਰਪਿਤ ਹੈ ।
ਇਸ ਮੌਕੇ ਬੋਲਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਗੁਰੂ ਸਾਹਿਬ ਦੀ ਰਹਿਮਤ ਅਤੇ ਸਮੂਹ ਸੰਗਤ ਦੀ ਸਾਂਝ ਨਾਲ ਅਸੀਂ ਪੰਥਕ ਏਕਤਾ, ਗੁਰਮੱਤਿ ਮੂਲਾਂ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਮਿਲ ਕੇ ਕੰਮ ਕਰਾਂਗੇ।ਉਨ੍ਹਾਂ ਕਿਹਾ ਕਿ “ਸਾਨੂੰ ਡਰਾਵੇ ਦਿੱਤੇ ਜਾ ਰਹੇ ਹਨ ਪਰੰਤੂ ਅਸੀਂ ਡਰਨ ਵਾਲੇ ਨਹੀਂ, ਜੇਕਰ ਸਾਡੇ ਕਿਸੇ ਵੀ ਮੈਂਬਰ ਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਇਹਨਾਂ ਨੂੰ ਘਰ ਦੇ ਮੂਹਰੇ ਖੜ੍ਹ ਕੇ ਨੰਗਾ ਕਰਾਂਗੇ।”
“ਇਹ ਸੇਵਾ ਸਾਡੇ ਸਾਰਿਆਂ ਦੀ ਸਾਂਝੀ ਹੈ, ਤੇ ਇਹ ਯਾਤਰਾ ਗੁਰੂ ਦੇ ਦਰ ਤੇ ਨਿਮਰਤਾ ਨਾਲ ਸ਼ੁਰੂ ਹੁੰਦੀ ਹੈ।
ਤੁਹਾਡੇ ਪਿਆਰ ਤੇ ਅਸੀਸਾਂ ਲਈ ਦਿਲੋਂ ਧੰਨਵਾਦ।”
Comments