• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Saturday December 13, 2025
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg
  • NPX25_squamish_reporter.png

ਗ਼ਜ਼ਲ ਮੰਚ ਸਰੀ ਦੀ ‘ਸ਼ਾਇਰਾਨਾ ਸ਼ਾਮ’ ਨੇ ਫਿਜ਼ਾ ਮਹਿਕਾਈ

https://www.surreynewsbc.com/wp-content/uploads/2025/10/IMG_2621.jpeg
ਹਰਦਮ ਮਾਨ
October 15, 2025 9:11pm

 ਕਾਵਿਮਈ ਸ਼ਬਦਾਂ ਨੇ ਰੂਹਾਂ ਨੂੰ ਛੂਹਿਆ, ਜਜ਼ਬਾਤ ਨੇ ਸਮੁੱਚਾ ਹਾਲ ਮਹਿਕਾ ਦਿੱਤਾ

ਸਰੀ, 15 ਅਕਤੂਬਰ (ਹਰਦਮ ਮਾਨ) – ਸਰੀ ਆਰਟ ਸੈਂਟਰ ਵਿਖੇ ਬੀਤੇ ਐਤਵਾਰ ਸ਼ਾਮ ਹੋਈ ਗ਼ਜ਼ਲ ਮੰਚ ਸਰੀ ਦੀ ਸਾਲਾਨਾ ਸ਼ਾਇਰਾਨਾ ਸ਼ਾਮ–2025 ਨੇ ਸੈਂਕੜੇ ਸ਼ਾਇਰੀ-ਪ੍ਰੇਮੀਆਂ ਦੇ ਦਿਲਾਂ ਵਿੱਚ ਇਕ ਨਵੀਂ ਰੌਸ਼ਨੀ ਭਰ ਦਿੱਤੀ। ਤਾੜੀਆਂ ਦੀ ਗੂੰਜ ਤੇ ਸ਼ਬਦਾਂ ਦੀ ਖੁਸ਼ਬੂ ਨੇ ਮਿਲ ਕੇ ਹਾਲ ਵਿੱਚ ਅਜਿਹਾ ਕਾਵਿਕ ਮਾਹੌਲ ਸਿਰਜਿਆ ਜੋ ਸਿੱਧਾ ਸਰੋਤਿਆਂ ਦੀਆਂ ਰੂਹਾਂ ਤੱਕ ਉਤਰ ਗਿਆ।

ਸ਼ਾਇਰਾਨਾ ਸ਼ਾਮ ਦੀ ਪ੍ਰਧਾਨਗੀ ਪ੍ਰਸਿੱਧ ਸ਼ਾਇਰ ਦਰਸ਼ਨ ਬੁੱਟਰ (ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ), ਗ਼ਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ, ਪਾਕਿਸਤਾਨ ਤੋਂ ਆਈ ਮਹਿਮਾਨ ਸ਼ਾਇਰਾ ਤਾਹਿਰਾ ਸਰਾ, ਇੰਗਲੈਂਡ ਤੋਂ ਵਿਸ਼ੇਸ਼ ਤੌਰ ‘ਤੇ ਪੁੱਜੇ ਸ਼ਾਇਰ ਅਜ਼ੀਮ ਸ਼ੇਖਰ, ਅਤੇ ਪੰਜਾਬੀ-ਉਰਦੂ ਦੇ ਨਾਮਵਰ ਸ਼ਾਇਰ ਦਸ਼ਮੇਸ਼ ਗਿੱਲ ਫਿਰੋਜ਼ ਨੇ ਕੀਤੀ। ਸਵਾਗਤੀ ਸੰਬੋਧਨ ਰਾਜਵੰਤ ਰਾਜ ਵੱਲੋਂ ਸੀ, ਜਿਸ ਨੇ ਮੰਚ ਦੀਆਂ ਸਰਗਰਮੀਆਂ ਦਾ ਖਾਕਾ ਪੇਸ਼ ਕਰਦਿਆਂ ਸਮਾਰੋਹ ਨੂੰ ਸ਼ਬਦਾਂ ਦੀ ਮਹਿਕ ਨਾਲ ਰੰਗ ਦਿੱਤਾ। ਪ੍ਰੋਗਰਾਮ ਦੀ ਸ਼ੁਰੂਆਤ ਗ਼ਜ਼ਲ ਮੰਚ ਦੇ ਵਿਛੜੇ ਸ਼ਾਇਰ ਕ੍ਰਿਸ਼ਨ ਭਨੋਟ ਨੂੰ ਸਮਰਪਿਤ ਰਹੀ।

ਸਭ ਤੋਂ ਪਹਿਲਾਂ ਮਨਜੀਤ ਕੰਗ ਨੇ ਔਰਤ ਮਨ ਦੀ ਗਹਿਰਾਈਆਂ ਨੂੰ ਛੂਹਦਿਆਂ ਕਿਹਾ –

“ਲਾਲਾ ਦੁਪੱਟਾ ਲੈਂਦੀ ਹਾਂ ਮੈਂ, ਪਰ ਕੋਠੇ ਸੁੱਕਣਾ ਪਾਇਆ ਨਹੀਂ ਮੈਂ

ਹੱਸਦੀ ਹਾਂ ਤਾਂ ਜੱਗ ਜ਼ਾਹਰ ਹੈ, ਰੀਝਾਂ ਨੂੰ ਦਫ਼ਨਾਇਆ ਨਹੀਂ ਮੈਂ।”

ਨੌਜਵਾਨ ਸ਼ਾਇਰ ਨੂਰ ਬੱਲ ਨੇ ਛੋਟੀ ਬਹਿਰ ਦੀਆਂ ਗ਼ਜ਼ਲਾਂ ਨਾਲ ਦਰਸ਼ਕਾਂ ਨੂੰ ਮੋਹ ਲਿਆ, ਜਦਕਿ ਪੰਜਾਬ ਤੋਂ ਆਏ ਸੁਰੀਲੇ ਸ਼ਾਇਰ ਕਰਨਜੀਤ ਨੇ ਕਿਹਾ—

“ਭਟਕਦਾ ਹਾਂ ਜੇ ਰਾਤਾਂ ਨੂੰ ਤਾਂ ਇਹ ਕੋਈ ਸ਼ੌਕ ਨਹੀਂ ਮੇਰਾ,

ਕੋਈ ਹੁੰਦਾ ਉਡੀਕਣ ਨੂੰ ਤਾਂ ਮੈਂ ਵੀ ਘਰ ਗਿਆ ਹੁੰਦਾ।”

ਸ਼ਾਇਰਾ ਸੁਖਜੀਤ ਨੇ ਮਰਦ ਦੀ ਚੌਧਰ ਨੂੰ ਚੁਣੌਤੀ ਦਿੱਤੀ—

“ਰੱਬ ਨੇ ਮੈਨੂੰ ਔਰਤ ਬਣਾਇਆ, ਤੈਨੂੰ ਮਰਦ ਬਣਾਇਆ,

ਇਸ ਵਿੱਚ ਮੇਰੀ ਹੇਠੀ ਕੀ, ਕੀ ਤੇਰੀ ਵਡਿਆਈ ਹੂ।”

ਟੋਰਾਂਟੋ ਤੋਂ ਆਈ ਸ਼ਾਇਰਾ ਨੇ ਆਪਣਾ ਦਰਦ ਕੁਝ ਇਸ ਤਰਾਂ ਬਿਆਨ ਕੀਤਾ—

“ਬੜਾ ਕੁਝ ਹੈ ਮਨਾਂ ਅੰਦਰ, ਸਮਾਂ ਆਇਆ ਤਾਂ ਦੱਸਾਂਗੇ,

ਕਿਨ੍ਹਾਂ ਖੋਭੇ ਸੀ ਕਦ ਖੰਜਰ, ਸਮਾਂ ਆਇਆ ਤਾਂ ਦੱਸਾਂਗੇ।”

ਇੰਗਲੈਂਡ ਦੇ ਪ੍ਰਸਿੱਧ ਸ਼ਾਇਰ ਅਜ਼ੀਮ ਸ਼ੇਖਰ ਨੇ ਰੂਹ ਨੂੰ ਝੰਜੋੜ ਦਿੱਤਾ—

“ਤੂੰ ਕਰ ਤਕਸੀਮ, ਦੇਹ ਜ਼ਰਬ੍ਹਾਂ ਤੇ ਲੈ ਭਾਵੇਂ ਘਟਾ ਮੈਨੂੰ,

ਪਰ ਆਪਣੀ ਹੋਂਦ ਦਾ ਇੱਕ ਵਾਰ ਲੈ ਹਿੱਸਾ ਬਣਾ ਮੈਨੂੰ।”

ਕੈਲੀਫੋਰਨੀਆ ਦੇ ਸ਼ਾਇਰ ਕੁਲਵਿੰਦਰ ਦੀ ਆਵਾਜ਼ ਵਿਚ ਪਿਆਰ ਤੇ ਕਦਰ ਦਾ ਸੁਮੇਲ ਸੀ—

“ਤੁਹਾਡਾ ਸ਼ੁਕਰੀਆ ਮੈਨੂੰ ਬਚਾ ਲਿਆ ਹੈ ਤੁਸੀਂ,

ਮੈਂ ਬੁਝ ਗਿਆ ਸੀ ਤੇ ਮੁੜ ਕੇ ਜਗਾ ਲਿਆ ਹੈ ਤੁਸੀਂ।”

ਦਵਿੰਦਰ ਗੌਤਮ ਨੇ ਉਡੀਕ ਦੇ ਦਰਦ ਨੂੰ ਸ਼ਬਦਾਂ ਵਿਚ ਪ੍ਰੋਰਿਆ—

“ਚੰਗੀ ਭਲੀ ਜ਼ਮੀਨ ਮੈਂ ਬੰਜਰ ਬਣਾ ਲਈ,

ਤੇਰੀ ਉਡੀਕ ਕਰਦਿਆਂ ਵੱਤਰ ਗਵਾ ਲਈ।”

ਪਾਕਿਸਤਾਨ ਦੀ ਮਹਿਬੂਬ ਸ਼ਾਇਰਾ ਤਾਹਿਰਾ ਸਰਾ ਨੇ ਆਪਣੀਆਂ ਸ਼ਾਇਰੀ ਅਤੇ ਅਦਾਇਗੀ ਨਾਲ ਸਮੁੱਚੇ ਹਾਲ ਨੂੰ ਮੋਹ ਲਿਆ—

“ਜਾਹ ਨੀ ਪਿੱਛਲ ਪੈਰੀਏ ਸਾਹਿਬਾਂ! ਮਾਣ ਵਧਾਇਆ ਈ ਵੀਰਾਂ ਦਾ,

ਮੈਂ ਖ਼ਮਿਆਜ਼ਾ ਭੁਗਤ ਰਹੀ ਆਂ ਤੇਰੇ ਤੋੜੇ ਤੀਰਾਂ ਦਾ।”

ਉਰਦੂ ਅੰਦਾਜ਼ ਵਿਚ ਦਸ਼ਮੇਸ਼ ਗਿੱਲ ਫਿਰੋਜ਼ ਨੇ ਕਿਹਾ—

“ਮੈਂਨੇ ਘਰ ਭੀ ਜੋ ਬਣਾਇਆ ਤੋ ਬਿਨਾ ਦਰਵਾਜ਼ਾ,

ਲੋਗ ਖਿੜਕੀ ਭੀ ਬਨਾਤੇ ਹੈਂ ਸਲਾਖ਼ੋਂ ਵਾਲੀ।”

ਪ੍ਰੀਤ ਮਨਪ੍ਰੀਤ ਦਰਦ ਨੇ ਵਿਛੋੜੇ ਦੀ ਪੀੜ ਨੂੰ ਇਉਂ ਪੇਸ਼ ਕੀਤਾ-

“ਪੀੜ, ਉਦਾਸੀ, ਹਉਕੇ, ਹੰਝੂ, ਬਚੈਨੀ, ਲਾਚਾਰੀ

ਤੂੰ ਨਾ ਆਇਆ, ਪਰ ਇਹ ਸਾਰੇ ਆ ਗਏ ਵਾਰੋ ਵਾਰੀ।”

ਰਜਾਈਨਾ ਤੋਂ ਆਏ ਨੌਜਵਾਨ ਸ਼ਾਇਰ ਨੇ ਵੀ ਸਭ ਨੂੰ ਹੈਰਾਨ ਕਰ ਦਿੱਤਾ—

“ਧਰਤੀ ਗਗਨ ਵਿਚਾਲੇ ਆਪਣਾ ਮੁਕਾਮ ਕਰ ਕੇ,

ਬੱਦਲਾਂ ਨੇ ਰੱਖ ਲਿਆ ਸੂਰਜ ਗ਼ੁਲਾਮ ਕਰ ਕੇ।”

ਹਰਦਮ ਮਾਨ ਨੇ ਰੂਹਾਨੀ ਅਰਥਾਂ ਵਿੱਚ ਕਿਹਾ—

“ਮੁਸਾਫ਼ਰ ਨੂੰ ਤਾਂ ਦਿਸਦੀ ਸਿਰਫ਼ ਸੰਘਣੀ ਛਾਂ ਹੀ ਹੈ ਇਸ ਦੀ,

ਜੋ ਰੁੱਖ ਦੇ ਖਾਬ ਵਿਚ ਚਲਦੇ ਨੇ ਆਰੇ ਕੌਣ ਵੇਂਹਦਾ ਹੈ।”

ਦਰਸ਼ਨ ਬੁੱਟਰ ਨੇ ਆਪਣੀ ਗ਼ਜ਼ਲ ਨਾਲ ਮਨਾਂ ਨੂੰ ਝੰਜੋੜ ਦਿੱਤਾ—

“ਸ਼ੀਸ਼ੇ ਦੀ ਮੇਰੀ ਕਾਇਆ ਪਰ ਤੂੰ ਉਠਾਏ ਪੱਥਰ,

ਇੱਕ ਫੁੱਲ ਵਾਸਤੇ ਕਿਉਂ ਸੁੱਤੇ ਜਗਾਏ ਪੱਥਰ।”

ਬਲਦੇਵ ਸੀਹਰਾ ਨੇ ਜ਼ਿੰਦਗੀ ਦੀ ਵਿਡੰਬਨਾ ਉਜਾਗਰ ਕੀਤੀ—

“ਨ੍ਹੇਰਿਆਂ ਦੀ ਲੀਕ ਨੂੰ ਹੀ ਰੌਸ਼ਨੀ ਸਮਝੀ ਗਿਆ,

ਨਬਜ਼ ਚੱਲਣ ਨੂੰ ਮਹਿਜ਼ ਮੈਂ ਜ਼ਿੰਦਗੀ ਸਮਝੀ ਗਿਆ।”

ਇੰਦਰਜੀਤ ਧਾਮੀ ਨੇ ਆਪਣੇ ਵਿਸਮਾਦੀ ਰੰਗ ਵਿਚ ਮਾਹਯਲ ਰੰਗਿਆ। ਗੁਰਮੀਤ ਸਿੱਧੂ ਨੇ ਆਪਣੀ ਸੁਰੀਲੀ ਸ਼ਾਇਰੀ ਨਾਲ ਮਹਿਫ਼ਿਲ ਨੂੰ ਨਵੀਂ ਉਚਾਈ ਦਿੱਤੀ-

‘ਮੈਂ ਸਤਰ ਸਤਰ ਨਿੱਖਰਾਂ ਤੇ ਸ਼ਬਦ ਸ਼ਬਦ ਬਿਖਰਾਂ

ਤੂੰ ਹਰਫ਼ ਹਰਫ਼ ਪੜ੍ਹ ਲੈ, ਖੁੱਲ੍ਹੀ ਕਿਤਾਬ ਹਾਂ ਮੈਂ’

ਸੰਚਾਲਕ ਰਾਜਵੰਤ ਰਾਜ ਨੇ ਬੇਹਦ ਸੁੰਦਰ ਅੰਦਾਜ਼ ਵਿਚ ਸ਼ਾਮ ਚਲਾਈ। ਉਸ ਦਾ ਅੰਦਾਜ਼ ਸੀ-

“ਉਹਨੇ ਗਿਣ ਕੇ ਬਰਾਬਰ ਦੇਣੀਆਂ ਸੀ ਓਨੀਆਂ ਪੀੜਾਂ,

ਕਿ ਮੇਰੀਆਂ ਮੁਸਕਰਾਹਟਾਂ ਦੀ ਕਰੀ ਗਿਣਤੀ ਗਿਆ ਕੋਈ।”

ਮੰਚ ਦੇ ਪ੍ਰਧਾਨ ਜਸਵਿੰਦਰ ਨੇ ਸਿਰਜੇ ਮਿਆਰਾਂ ਤੋਂ ਪਰ੍ਹੇ ਜਾਣ ਦੀ ਗੱਲ ਕੀਤੀ—

“ਸਵੇਰ ਸ਼ਾਮ ਗੁਜ਼ਾਰਿਸ਼ ਕਰਾਂ ਮੈਂ ਯਾਰਾਂ ਨੂੰ,

ਚਲੋ ਉਲੰਘੀਏ ਖ਼ੁਦ ਸਿਰਜਿਆਂ ਮਿਆਰਾਂ ਨੂੰ।”

ਦਰਸ਼ਨ ਬੁੱਟਰ ਨੇ ਆਪਣੇ ਪ੍ਰਧਾਨਗੀ ਸੰਬੋਧਨ ਵਿਚ ਕਿਹਾ ਕਿ ਗ਼ਜ਼ਲ ਮੰਚ ਸਰੀ ਦਾ ਹਰ ਮੈਂਬਰ ਉੱਚ ਪੱਧਰ ਦਾ ਸ਼ਾਇਰ ਹੈ ਅਤੇ ਸਰੀ ਦੇ ਸਰੋਤੇ ਮੁਬਾਰਕਬਾਦ ਦੇ ਹੱਕਦਾਰ ਹਨ ਕਿ ਉਹ ਸ਼ਾਇਰੀ ਨੂੰ ਸਿਰਫ਼ ਸੁਣਦੇ ਨਹੀਂ, ਸਹੀ ਮਾਇਨਿਆਂ ਵਿੱਚ “ਮਾਣਦੇ” ਹਨ। ਉਨ੍ਹਾਂ ਵਿਸ਼ਵ ਪੰਜਾਬੀ ਕਾਨਫਰੰਸ–ਮੁਹਾਲੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਗ਼ਜ਼ਲ ਮੰਚ ਸਰੀ ਦਾ ਸੈਸ਼ਨ ਅਜੇ ਵੀ ਲੋਕਾਂ ਦੇ ਦਿਲਾਂ ਵਿਚ ਗੂੰਜਦਾ ਹੈ।

ਅੰਤ ਵਿੱਚ ਗ਼ਜ਼ਲ ਮੰਚ ਦੇ ਜਸਵਿੰਦਰ ਨੇ ਸਭ ਮਹਿਮਾਨਾਂ, ਸ਼ਾਇਰਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਤੇ ਸ਼ਬਦਾਂ ਦੀ ਇਹ ਸ਼ਾਮ ਕੇਵਲ ਸੁਣੀ ਨਹੀਂ ਗਈ, ਮਹਿਸੂਸ ਕੀਤੀ ਗਈ।ਜਦ ਸ਼ਬਦ ਰੂਹ ਨੂੰ ਛੂਹਣ ਲੱਗ ਪੈਂਦੇ ਹਨ, ਤਦ ਮਹਿਫ਼ਿਲ ਇਤਿਹਾਸ ਬਣ ਜਾਂਦੀ ਹੈ। ਇਸ ਮੌਕੇ ਗ਼ਜ਼ਲ ਮੰਚ ਵੱਲੋਂ ਸਾਰੇ ਸਪਾਂਸਰਾਂ ਅਤੇ ਮਹਿਮਾਨ ਸ਼ਾਇਰਾਂ ਦਾ ਸਨਮਾਨ ਕੀਤਾ ਗਿਆ। ਇੰਦਰਜੀਤ ਧਾਮੀ ਨੇ ਆਪਣੇ ਦੀ ਯਾਦ ਵਿਚ ਦਿੱਤਾ ਜਾਂਦਾ ਐਵਾਰਡ ਇਸ ਵਾਰ ਗ਼ਜ਼ਲ ਮੰਚ ਸਰੀ ਦੇ ਸ਼ਾਇਰ ਦਸ਼ਮੇਸ਼ ਗਿੱਲ ਫਿਰੋਜ਼ ਨੂੰ ਪ੍ਰਦਾਨ ਕੀਤਾ।

Share

Westbound Highway 1 Reopens Through Abbotsford

Surrey Mayor Urges Ottawa to Tighten Immigration Laws After Extortion Suspects Seek Refugee Status

Evacuation order issued in Fraser Valley

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News