
ਪੰਜਾਬ ਸਰਕਾਰ ਨੇ ਭਲਕੇ ਸੂਬੇ ਦੇ ਵਸਨੀਕਾਂ ਲਈ 10 ਲੱਖ ਰੁਪਏ ਦੀ ਹੈਲਥ ਕਾਰਡ ਸਕੀਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ!
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਕੱਲ੍ਹ ਤੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਤਰਨਤਾਰਨ ਤੇ ਬਰਨਾਲਾ ਜ਼ਿਲ੍ਹਿਆਂ ‘ਚ ਰਜਿਸਟਰੇਸ਼ਨ ਦਾ ਕੰਮ ਸ਼ੁਰੂ ਹੋ ਜਾਵੇਗਾ। ਦੋਨੋ ਜ਼ਿਲ੍ਹਿਆਂ ‘ਚ 2-3 ਦਿਨ ਕੈਂਪ ਲਗਾ ਕੇ ਲੋਕਾਂ ਦੇ ਸਿਹਤ ਕਾਰਡ ਬਣਾਏ ਜਾਣਗੇ, 10-12 ਦਿਨਾਂ ‘ਚ ਇਨ੍ਹਾਂ ਜ਼ਿਲ੍ਹਿਆਂ ‘ਚ ਕੰਮ ਮੁਕੰਮਲ ਹੋਣ ‘ਤੇ ਬਾਕੀ ਜ਼ਿਲ੍ਹਿਆਂ ‘ਚ ਰਜਿਸਟਰੇਸ਼ਨ ਦਾ ਕੰਮ ਸ਼ੁਰੂ ਕਰਾਂਗੇ। ਯੋਜਨਾ ਤਹਿਤ ਹਰ ਪਰਿਵਾਰ ਨੂੰ ₹10 ਲੱਖ ਤੱਕ ਦਾ ਸਿਹਤ ਬੀਮਾ ਮਿਲੇਗਾ ।
ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਨਾਲ ਸੰਬੰਧਿਤ ਹਸਪਤਾਲਾਂ ਦੀ ਸੂਚੀ ਸਾਂਝੀ ਕੀਤੀ ਜਾਵੇਗੀ ਤਾਂ ਜੋ ਲਾਭਪਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ। ਹਰ ਪਰਿਵਾਰ ਦਾ ਇੱਕ ਕਾਰਡ ਹੋਵੇਗਾ ਜਿਸ ਵਿੱਚ ਸਾਰੇ ਪਰਿਵਾਰਿਕ ਮੈਂਬਰਾਂ ਦੇ ਨਾਂ ਦਰਜ ਹੋਣਗੇ। ਪੰਜਾਬ ਦੇ 500 ਸਰਕਾਰੀ ਅਤੇ ਨਿੱਜੀ ਹਸਪਤਾਲ ਇਸ ਯੋਜਨਾ ਵਿੱਚ ਸੂਚੀਬੱਧ ਕੀਤੇ ਗਏ ਹਨ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਇਸ ਸਕੀਮ ਤਹਿਤ ਪੰਜਾਬ ਦੇ ਹਰ ਨਾਗਰਿਕ ਨੂੰ ਮੁਫ਼ਤ ਤੇ ਕੈਸ਼ਲੈੱਸ ਇਲਾਜ ਹਾਸਲ ਹੋਵੇਗਾ, ਸਰਕਾਰੀ ਮੁਲਾਜ਼ਮ, ਆਂਗਣਵਾੜੀ ਤੇ ਆਸ਼ਾ ਵਰਕਰ ਵੀ ਇਲਾਜ ਦੇ ਹੱਕਦਾਰ ਹੋਣਗੇ! ਲੋੜਵੰਦ ਸਰਕਾਰੀ ਅਤੇ ਨਿੱਜੀ ਹਸਪਤਾਲਾਂ ‘ਚ ਇਲਾਜ ਕਰਵਾ ਸਕਣਗੇ ਅਤੇ ਇਸ ਸਕੀਮ ਤਹਿਤ 2,000 ਤੋਂ ਵੱਧ ਪ੍ਰਕਿਰਿਆਵਾਂ ਤੇ ਆਪਰੇਸ਼ਨ ਕਵਰ ਹੋਣਗੇ ।
ਉਨ੍ਹਾਂ ਕਿਹਾ ਕਿ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਦੀ ਕੋਈ ਸੀਮਾ ਨਹੀਂ ਹੈ ਅਤੇ ਇਹ ਆਪਣੀ ਕਿਸਮ ਦੀ ਦੇਸ਼ ਦੀ ਪਹਿਲੀ ਯੋਜਨਾ ਹੈ । ਕਾਰਡ ਬਣਾਉਣ ਦੀ ਪ੍ਰਕਿਰਿਆ ਕੱਲ੍ਹ ਤੋਂ ਸ਼ੁਰੂ ਹੋ ਰਹੀ ਹੈ ਜੋ ਪੂਰੇ ਸੂਬੇ ‘ਚ ਲਗਾਤਾਰ ਚੱਲੇਗੀ।
