ਜਲੰਧਰ : 114 ਸਾਲ ਦੇ ਪੰਜਾਬੀ ਸਿੱਖ ਦੌੜਾਕ ਫੌਜਾ ਸਿੰਘ ਦਾ ਦਿਹਾਂਤ ਹੋ ਗਿਆ ਹੈ ।ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਉਹ ਘਰ ਦੇ ਬਾਹਰ ਸੈਰ ਕਰ ਰਹੇ ਸਨ ਤਾਂ ਇੱਕ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਉਹ ਸੜਕ ‘ਤੇ ਡਿੱਗ ਪਏ ਅਤੇ ਉਹਨਾਂ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ‘ਚ ਲਿਜਾਇਆ ਗਿਆ ,ਜਿੱਥੇ ਉਨ੍ਹਾਂ ਦੀ ਮੌਤ ਹੋ ਗਈ ਹੈ।
ਬ੍ਰਿਟਿਸ਼ ਨਾਗਰਿਕ ਫੌਜਾ ਸਿੰਘ ਆਪਣੇ ਜੱਦੀ ਪਿੰਡ ਬਿਆਸ ਵਿੱਚ ਰਹਿੰਦੇ ਸਨ । ਉਹ 100 ਸਾਲ ਦੇ ਹੋ ਕੇ ਵੀ ਲੰਮੀ ਦੂਰੀ ਦੀਆਂ ਦੌੜਾਂ ਲਗਾਉਂਦੇ ਰਹੇ । ਫੌਜਾ ਸਿੰਘ ਨੇ ਵੱਖ ਵੱਖ-ਵੱਖ ਮੁਲਕਾਂ ਵਿੱਚ ਵਡੇਰੀ ਉਮਰ ਵਿੱਚ ਦੌੜਾਂ ਲਗਾ ਕੇ ਕਈ ਰਿਕਾਰਡ ਕਾਇਮ ਕੀਤੇ। ਉਨ੍ਹਾਂ ਨੂੰ ਅਨੇਕਾਂ ਮੈਡਲ ਮਿਲੇ, ਐਡੀਡਾਸ ਸ਼ੂਅ ਕੰਪਨੀ ਨੇ ਉਨ੍ਹਾਂ ਨੂੰ ਬਰਾਂਡ ਅੰਬੈਸਡਰ ਵੀ ਬਣਾਇਆ । ਤਕਰੀਬਨ ਤੇਰਾਂ ਸਾਲ ਪਹਿਲਾਂ ਰੇਡੀਓ ਸ਼ੇਰੇ ਪੰਜਾਬ ਦੇ ਸਟੂਡੀਓ ਪਹੁੰਚੇ ਫੌਜਾ ਸਿੰਘ ਨੇ ਹੋਸਟ ਗੁਰਬਾਜ ਸਿੰਘ ਬਰਾੜ ਨਾਲ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਉਹ ਸਾਦਾ ਖੁਰਾਕ ਖਾਂਦੇ ਸਨ ਅਤੇ ਸਾਦੀ ਰਹਿਣ ਸਹਿਣ ਵਾਲੀ ਜ਼ਿੰਦਗੀ ਜਿਉਂਦੇ ਸਨ ! ਉਹ ਸ਼ਾਕਾਹਾਰੀ ਸਨ ਅਤੇ ਸਿਆਲਾਂ ਵਿੱਚ ਅਲਸੀ ਦੀਆਂ ਪਿੰਨੀਆਂ ਖਾਂਦੇ ਸਨ। ਫੌਜਾ ਸਿੰਘ ਦਾ ਜਨਮ 1 ਅਪ੍ਰੈਲ 1911 ਨੂੰ ਹੋਇਆ ਸੀ, ਜਨਮ ਵੇਲੇ ਉਨ੍ਹਾਂ ਦੀਆਂ ਲੱਤਾਂ ਏਨੀਆਂ ਕਮਜ਼ੋਰ ਸਨ ਕਿ ਪੰਜ ਸਾਲ ਤੱਕ ਉਹ ਤੁਰ ਵੀ ਨਹੀਂ ਸਕਦੇ ਸਨ ! 89 ਸਾਲ ਦੀ ਉਮਰ ਵਿੱਚ ਲੰਡਨ ਮੈਰਾਥਨ ਦੋੜ ਤੋਂ ਬਾਅਦ ਫੌਜਾ ਸਿੰਘ ਚਰਚਾ ਵਿੱਚ ਆਏ ਸਨ । ਉਨ੍ਹਾਂ ਨੇ ਟੋਰਾਂਟੋਂ ਮੈਰਾਥਨ ਦੌੜ ਵਿੱਚ ਹਿੱਸਾ ਲੈ ਕੇ ਪੰਜ ਘੰਟੇ ਚਾਲੀ ਮਿੰਟ ਦਾ ਸਮਾਂ ਕੱਢ ਕੇ ਵਾਹ – ਵਾਹ ਖੱਟੀ ਸੀ ।
Comments