
ਚੰਡੀਗੜ੍ਹ- ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਹਾਨ ਕੋਸ਼ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ ।ਅਕਾਲੀ ਆਗੂ ਨੇ ਕਿਹਾ,“ਮਹਾਨ ਕੋਸ਼” ਨਾਲ ਸੰਬੰਧਿਤ ਮਾਮਲੇ ਵਿੱਚ ਮਰਿਆਦਾ ਦੇ ਉਲਟ ਜਾ ਕੇ ਅਪਣਾਈ ਗਈ ਕਾਰਜ ਵਿਧੀ ਨੇ ਕੌਮ ਦੀਆਂ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਈ ਹੈ। ਮੈਨੂੰ ਯਕੀਨ ਹੀ ਨਹੀਂ ਆ ਰਿਹਾ ਕਿ ਇਹ ਬੇਅਦਬੀ ਕਰਨ ਵਿੱਚ ਉਹ ਵਿਦਵਾਨ ਵੀ ਸ਼ਾਮਿਲ ਹਨ ਜਿਹਨਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਅਜਿਹੇ ਭਾਵਨਾਤਮਕ ਮਾਮਲਿਆਂ ਸੰਬੰਧੀ ਮਰਿਆਦਾ ਬਾਰੇ ਭਲੀ ਭਾਂਤੀ ਜਾਣੂੰ ਹੋਣਗੇ । ਉਹਨਾਂ ਵੱਲੋਂ ਹੀ “ਮਹਾਨ ਕੋਸ਼” ਨੂੰ ਇੱਕ ਸਧਾਰਨ ਪੁਸਤਕ ਸਮਝ ਕੇ ਬੇਹੁਰਮਤੀ ਵਾਲੇ ਤਰੀਕੇ ਅਪਣਾਏ ਗਏ। ਅਜਿਹਾ ਕਰਕੇ ਮਹਾਨ ਕੋਸ਼ ਵਿੱਚ ਸੁਸ਼ੋਭਿਤ ਪਾਵਨ ਗੁਰਬਾਣੀ ਦੇ ਸਤਿਕਾਰ ਦਾ ਵੀ ਧਿਆਨ ਨਹੀਂ ਰੱਖਿਆ ਗਿਆ। ਵਾਤਾਵਰਣ ਸੰਭਾਲਣ ਦੇ ਬਹਾਨੇ ਮਹਾਨ ਕੋਸ਼ ਪ੍ਰਤੀ ਕੀਤੀ ਇਹ ਬੇਅਦਬੀ ਨਾ ਤਾਂ ਕਿਸੇ ਤਰ੍ਹਾਂ ਜਾਇਜ਼ ਹੈ ਤੇ ਨਾ ਹੀ ਮੁਆਫ਼ੀ ਯੋਗ ਹੈ। ਮੈਂ ਮੰਗ ਕਰਦਾ ਹਾਂ ਕਿ ਇਸ ਸਾਰੇ ਕਾਰੇ ਲਈ ਦੋਸ਼ੀ ਵਿਅਕਤੀਆਂ ਤੇ ਉਹਨਾਂ ਪਿੱਛੇ ਕੰਮ ਕਰ ਰਹੀਆਂ ਸਿੱਖ ਵਿਰੋਧੀ ਤਾਕਤਾਂ ਦਾ ਪਰਦਾਫਾਸ਼ ਕਰਕੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਧਾਰਮਿਕ, ਅਨੁਸ਼ਾਸਨੀ ਤੇ ਕਾਨੂੰਨੀ ਸਜ਼ਾ ਦਿੱਤੀ ਜਾਏ ।
