
ਕੈਨੇਡਾ ਦੇ ਅਲਬਰਟਾ ਸੂਬੇ ਦੇ ਐਡਮਿੰਟਨ ਸ਼ਹਿਰ ‘ਚ ਇਕ ਪੰਜਾਬੀ ਬਿਲਡਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
ਘਟਨਾ ਸ਼ਹਿਰ ਦੇ ਦੱਖਣ-ਪੱਛਮੀ ਇਲਾਕੇ ਵਿੱਚ ਇਕ ਕੰਸਟ੍ਰਕਸ਼ਨ ਸਾਈਟ ਤੇ ਵਾਪਰੀ ਹੈ। ਪੁਲਸ ਨੂੰ ਅੱਜ ਸੋਮਵਾਰ ਬਾਅਦ ਦੁਪਹਿਰ Cavanagh Blvd SW ਅਤੇ 30 ਐਵਨਿਊ ‘ਤੇ ਇਕ ਰਿਹਾਇਸ਼ੀ ਇਲਾਕੇ ਵਿੱਚ ਬੁਲਾਇਆ ਗਿਆ ਸੀ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਕ ਆਦਮੀ ਬੰਦੂਕ ਲੈ ਕੇ ਘਟਨਾ ਸਥਾਨ ਤੇ ਪਹੁੰਚਿਆ ਅਤੇ ਉਥੇ ਗੋਲੀਆਂ ਚਲਾ ਦਿੱਤੀਆਂ। ਗੋਲੀ ਵੱਜਣ ਨਾਲ ਇਕ ਆਦਮੀ ਹਲਾਕ ਹੋ ਗਿਆ ਹੈ। ਗੋਲੀ ਦਾ ਨਿਸ਼ਾਨਾ ਬਣਿਆ ਪੀੜਤ ਆਦਮੀ ਸ਼ਹਿਰ ਦਾ ਮੰਨਿਆ-ਪ੍ਰਮੰਨਿਆ ਬਿਲਡਰ ਦੱਸਿਆ ਜਾ ਰਿਹਾ ਹੈ। ਚਸ਼ਮਦੀਦਾਂ ਵਲੋਂ ਮੌਕਾ ਏ ਵਾਰਦਾਤ ਤੇ ਇੱਕ ਕਾਰ ਖੜੀ ਦੇਖੀ ਗਈ, ਜਿਸਦੀ ਡਰਾਈਵਰ ਸਾਈਡ ਦੇ ਸ਼ੀਸ਼ੇ ਵਿਚ ਗੋਲੀਆਂ ਵੱਜੀਆਂ ਹੋਈਆਂ ਸਨ। ਭਾਵੇਂ ਪੁਲਸ ਵਲੋਂ ਪੀੜਤਾਂ ਦੇ ਨਾਮ ਨਹੀ ਦੱਸੇ ਗਏ ਪਰੰਤੂ ਮੌਕੇ ਤੇ ਇੱਕਠੀ ਹੋਈ ਲੋਕਾਂ ਦੀ ਭੀੜ ਵਿੱਚ ਮਰਨ ਵਾਲੇ ਦਾ ਨਾਮ ਬੂਟਾ ਸਿੰਘ ਗਿੱਲ ਦੱਸਿਆ ਜਾ ਰਿਹਾ ਸੀ, ਜਿਸਦਾ ਪਿਛਲਾ ਪਿੰਡ ਲਾਂਧੜਾ (ਨੇੜੇ ਫਿਲੌਰ ) ਦੱਸਿਆ ਗਿਆ ਹੈ। ਇਸ ਘਟਨਾ ਵਿੱਚ ਇਕ ਹੋਰ ਆਦਮੀ ਜਖ਼ਮੀ ਵੀ ਹੋਇਆ ਹੈ। ਬਿਲਡਰ ਬੂਟਾ ਸਿੰਘ ਗਿੱਲ ਨੂੰ ਗੋਲੀ ਮਾਰਨ ਵਾਲੇ ਵਿਅਕਤੀ ਵਲੋਂ ਖੁਦ ਨੂੰ ਵੀ ਗੋਲੀ ਮਾਰ ਲਈ ਗਈ ਹੈ। ਅਪੁਸ਼ਟ ਖਬਰਾਂ ਮੁਤਾਬਕ ਗੋਲੀ ਮਾਰਨ ਵਾਲਾ ਵਿਅਕਤੀ ਇੱਕ ਪੰਜਾਬੀ ਦੱਸਿਆ ਜਾ ਰਿਹਾ ਹੈ, ਜੋ ਰੂਫਿੰਗ ਦਾ ਕੰਮ ਕਰਦਾ ਸੀ।
ਵਾਰਦਾਤ ਤੋਂ ਬਾਅਦ ਪੁਲਸ ਨੇ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਘਟਨਾ ਸਥਾਨ ਨੂੰ ਘੇਰਾ ਪਾ ਲਿਆ ਹੈ। ਪੁਲਸ ਮੁਤਾਬਕ ਹੁਣ ਜਨਤਕ ਸੁਰੱਖਿਆ ਨੂੰ ਕੋਈ ਖ਼ਤਰਾ ਨਹੀ ਹੈ। ਕਤਲ ਦੇ ਜੁਰਮਾਂ ਦੀ ਛਾਣਬੀਣ ਕਰਨ ਵਾਲੀ ਪੁਲਸ ਏਜੰਸੀ ਨੇ ਮਾਮਲਾ ਆਪਣੇ ਹੱਥਾਂ ਵਿੱਚ ਲੈ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।
ਪਿਛਲੇ ਦਿਨਾਂ ਵਿੱਚ ਐਡਮਿੰਟਨ ਦੇ ਕੁਝ ਬਿਲਡਰਾਂ ਨੂੰ ਫਿਰੌਤੀ ਦੀਆਂ ਧਮਕੀਆਂ ਵੀ ਮਿਲਦੀਆਂ ਰਹੀਆਂ ਹਨ ਅਤੇ ਸ਼ਹਿਰ ਵਿੱਚ ਨਵੇਂ ਬਣਨ ਵਾਲੇ ਕੁਝ ਘਰਾਂ ਨੂੰ ਅੱਗ ਦੇ ਹਵਾਲੇ ਕਰਨ ਦੀਆਂ ਘਟਨਾਵਾਂ ਵੀ ਵਾਪਰੀਆਂ ਸਨ।
ਸ਼ਹਿਰ ਦੇ ਰਿਹਾਇਸ਼ੀ ਇਲਾਕੇ ਵਿੱਚ ਦਿਨ-ਦਿਹਾੜੇ ਇਕ ਨਾਮਵਰ ਬਿਲਡਰ ਨੂੰ ਗੋਲੀਆਂ ਨਾਲ ਭੁੰਨਣ ਦੀ ਇਸ ਘਟਨਾ ਮਗਰੋਂ ਲੋਕਾਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ।
