ਆਨੰਦਪੁਰ ਸਾਹਿਬ – ਉੱਘੇ ਸਿੱਖ ਵਿਦਵਾਨ ਡਾ. ਸਰਬਜਿੰਦਰ ਸਿੰਘ ਨੇ ਆਨੰਦਪੁਰ ਸਾਹਿਬ ਵਿਖੇ ਸਥਾਪਿਤ ਕੀਤੀ ਗਈ ਨਵੀਂ ਯੂਨੀਵਰਸਿਟੀ ਦੇ ਬਤੌਰ ਵਾਈਸ ਚਾਂਸਲਰ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਯੂਨੀਵਰਸਿਟੀ ਦੇ ਸੰਸਥਾਪਕ ਅਤੇ ਪ੍ਰਸਿੱਧ ਕਾਰੋਬਾਰੀ ਐੱਸ. ਪੀ. ਸਿੰਘ ਓਬਰਾਏ, ਯੂਨੀਵਰਸਿਟੀ ਦੇ ਕੁਝ ਮੁਲਾਜ਼ਮ ਅਤੇ ਹੋਰ ਅਧਿਕਾਰੀ ਮੌਜੂਦ ਰਹੇ ।
Futuristics ਯੂਨੀਵਰਸਿਟੀ ਵਿੱਚ ਬਤੌਰ ਵਾਈਸ ਚਾਂਸਲਰ ਅਹੁਦਾ ਸੰਭਾਲਣ ਬਾਰੇ ਜਾਣਕਾਰੀ ਦਿੰਦੇ ਹੋਏ ‘ਸਰੀ ਨਿਊਜ਼’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਡਾ. ਸਰਬਜਿੰਦਰ ਸਿੰਘ ਨੇ ਕਿਹਾ ਕਿ ਪੈਸਾ ਕਮਾਉਣਾ ਇਸ ਯੂਨੀਵਰਸਿਟੀ ਦਾ ਮੰਤਵ ਨਹੀਂ ਹੋਵੇਗਾ, ਸਗੋਂ ਇਸ ਯੂਨੀਵਰਸਿਟੀ ਵਿੱਚੋ ਤਾਲੀਮ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਖੁਦ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਦੇ ਕਾਬਲ ਬਣਾਇਆ ਜਾਵੇਗਾ।
ਇਸ ਯੂਨੀਵਰਸਿਟੀ ਦੀ ਉਸਾਰੀ ਦਾ ਟੱਕ ਲੱਗ ਚੁੱਕਾ ਹੈ। ਸ੍ਰੀ ਆਨੰਦਪੁਰ ਸਾਹਿਬ ਵਿਖੇ ਸਥਿਤ ਪੁਰਾਣੇ ਦਸ਼ਮੇਸ਼ ਪਬਲਿਕ ਸਕੂਲ ਦੇ ਨਜ਼ਦੀਕ Futuristics ਯੂਨੀਵਰਸਿਟੀ ਦੀ ਨਵੀਂ ਇਮਾਰਤ ਤਾਮੀਰ ਕਰਵਾਾਈ ਜਾਏਗੀ। ਮੁੱਢਲੇ ਖ਼ਰਚਿਆਂ ਅਤੇ ਵਿਦਿਆਰਥੀਆਂ ਦੀਆਂ ਲੋੜਾਂ ਦੇ ਮੱਦੇਨਜ਼ਰ ਇਸ ਕਾਰਜ ਲਈ ਸਾਢੇ ਚਾਰ ਸੌ ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਹ ਰਕਮ ਉੱਘੇ ਸਮਾਜ ਸੇਵੀ ਐੱਸ. ਪੀ. ਸਿੰਘ ਓਬਰਾਏ ਵੱਲੋਂ ਚਲਾਏ ਜਾ ਰਹੇ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਵੱਲੋਂ ਦਿੱਤੀ ਗਈ ਹੈ।ਇਸ ਯੂਨੀਵਰਸਿਟੀ ਵਿੱਚ ਸੋਸ਼ਲ ਸਾਇੰਸ ਦੀ ਪੜ੍ਹਾਈ ਕਰਵਾਈ ਜਾਵੇਗੀ। ਪਹਿਲਾਂ ਕੁਝ ਆਨਲਾਈਨ ਕੋਰਸ ਸ਼ੁਰੂ ਹੋਣਗੇ, ਜਿਨ੍ਹਾਂ ਦੀ ਪੜ੍ਹਾਈ ‘ਤੇ ਆੁਉਣ ਵਾਲਾ ਖ਼ਰਚਾ ਯੂਨੀਵਰਸਿਟੀ ਵੱਲੋਂ ਕੀਤਾ ਜਾਵੇਗਾ।
ਡਾ. ਸਰਬਜਿੰਦਰ ਸਿੰਘ ਨੇ ਦੱਸਿਆ ਕਿ ਗੁਰੂ ਮਹਾਰਾਜ ਵੱਲੋਂ ਆਪਣੇ ਦਰਬਾਰ ਵਿੱਚ 52 ਕਵੀਆਂ ਨੂੰ ਮਾਣ ਸਤਿਕਾਰ ਦਿੱਤਾ ਗਿਆ ਸੀ,ੳਨ੍ਹਾਂ ਦੀ ਸਮ੍ਰਿਤੀ ਨੂੰ ਸਮਰਪਿਤ 52 ਕਮਰਿਆਂ ਦਾ ਇੱਕ ਆਲੀਸ਼ਾਨ ਗੈਸਟ ਹਾਊਸ ਬਣਾਇਆ ਜਾ ਰਿਹਾ ਹੈ, ਜਿੱਥੇ ਲਿਖਣ ਦੇ ਚਾਹਵਾਨ ਬਜ਼ੁਰਗ ਇਕੱਲੇ ਜਾਂ ਆਪਣੇ ਜੀਵਨ ਸਾਥੀ ਨਾਲ ਰਹਿ ਸਕਣਗੇ। ਉਨ੍ਹਾਂ ਲਈ ਨਾ ਸਿਰਫ਼ ਮੁਫ਼ਤ ਰਹਿਣ-ਸਹਿਣ ਅਤੇ ਖਾਣੇ ਦੀ ਹੀ ਸਹੂਲਤ ਹੋਵੇਗੀ ਸਗੋਂ ਉਨ੍ਹਾਂ ਦੀ ਸਿਰਜਣਾ ਲਈ ਅਨੁਕੂਲ ਸਾਜ਼ਗਾਰ ਮਾਹੌਲ ਵੀ ਮੁਹੱਈਆ ਕਰਵਾਇਆ ਜਾਵੇਗਾ।ਇਸ ਤੋਂ ਇਲਾਵਾ ਉਨ੍ਹਾਂ ਦੀ ਕਿਤਾਬ ਦੀ ਛਪਾਈ ਦੀ ਜਿੰਮੇਵਾਰੀ ਵੀ ਟਰੱਸਟ ਦੀ ਹੋਵੇਗੀ।
ਡਾਕਟਰ ਸਰਬਜਿੰਦਰ ਸਿੰਘ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਪ੍ਰੋਫੈਸਰ, ਚੇਅਰਪਰਸਨ ਅਤੇ ਡੀਨ ਵਰਗੇ ਅਹਿਮ ਅਹੁਦਿਆਂ ‘ਤੇ ਸੇਵਾਵਾਂ ਨਿਭਾਅ ਚੁੱਕੇ ਹਨ। ਉਨ੍ਹਾਂ ਵੱਲੋਂ ਲਿਖੀਆਂ ਪੁਸਤਕਾਂ ਵੀ ਸੂਚੀ ਵਿੱਚ ਹੇਠ ਲਿਖੀਆਂ ਪੰਜਾਬੀ ਪੁਸਤਕਾਂ ਸ਼ਾਮਲ ਹਨ –
- ਧੁਰ ਕੀ ਬਾਣੀ: ਸੰਪਾਦਨ ਜੁਗਤ,
- ਮਰਨ ਕਬੂਲ,
- ਬੂੰਦ ਬੂੰਦ ਸਾਗਰ,
- ਨਾਨਕ ਤੂ ਲੈਹਣਾ ਤੂਹੈ,
- ਇਲਾਹੀ ਨਾਦ ਦਾ ਸਫ਼ਰ,
- ਲਿਖੇ ਬਾਝਹੁ ਸੁਰਤ ਨਾਹੀ,
- ਦੀਜੈ ਬੁਧ ਬਿਬੇਕਾ,
- ਰੂਹਾਂ ਦਾ ਰੁਦਨ,
- ਬਿਗਾਨੀਆਂ ਜੂਹਾਂ,
- ਰੁਤ ਫਿਰੀ ਵਣ ਕੰਬਿਆ,
- ਸ੍ਰੀ ਗੁਰੂ ਗ੍ਰੰਥ ਸਾਹਿਬ: ਜਾਣ ਪਛਾਣ ਅਤੇ
- ਖ਼ਾਲਸਾ ਹੋਵੇ ਖ਼ੁਦ ਖ਼ੁਦਾ ।
ਦੇਸ਼-ਵਿਦੇਸ਼ ਵਿਚ ਭ੍ਰਮਣ ਕਰ ਚੁੱਕੇ ਅਤੇ ਇਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸੇਵਾਵਾਂ ਨਿਭਾਅ ਰਹੇ ਪ੍ਰੋ. ਡਾਕਟਰ ਸਰਬਜਿੰਦਰ ਸਿੰਘ ਨੇ ਆਪਣੀ ਇਸ ਨਵੀਂ ਨਿਯੁਕਤੀ ਨੂੰ ‘ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼’ ਕਰਾਰ ਦਿੱਤਾ
Prof(Dr) Satnam Singh Jassal says
ਇਸ ਯੂਨੀਵਰਸਿਟੀ ਦੇ ਖੁੱਲ੍ਹਣ ਨਾਲ ਹਰ ਉਸ ਉੁ਼ਤਸ਼ਾਹੀ ਹੁਸ਼ਿਆਰ ਵਿਦਿਆਰਥੀ ਨੂੰ ਪੜ੍ਹਾਈ ਦੇ ਸੰਪੂਰਨ ਮੌਕੇ ਉਪਲੱਬਧ ਹੋ ਜਾਣਗੇ। ਡਾਕਟਰ ਸਰਬਜਿੰਦਰ ਸਿੰਘ ਬਹੁਤ ਸੁਲੱਝੀ ਹੋਈ ਸ਼ਖਸੀਅਤ ਹੈ ਅਤੇ ਉੁਬਰਾਏ ਸਾਹਿਬ ਦਾ ਸਹਿਯੋਗ ਇਸ ਯੂਨੀਵਰਸਿਟੀ ਲਈ ਬੇਹੱਦ ਚੜ੍ਹਦੀ ਕਲਾ ਵਾਲਾ ਰਹੇਗਾ! ਸ਼ੁੱਭ ਇੱਛਾਵਾਂ ਸਹਿਤ!