
ਵੈਨਕੂਵਰ ਨੇੜਲੇ ਸ਼ਹਿਰ ਡੈਲਟਾ ਤੋਂ 5 ਲੱਖ ਡਾਲਰ ਮੁੱਲ ਦੇ ਮਹਿੰਗੇ ਸਾਈਕਲ ਚੋਰੀ ਹੋ ਗਏ ਹਨ। ਘਟਨਾ ਡੈਲਟਾ ਵਿੱਚ 19 ਮਾਰਚ, 2024 ਨੂੰ, ਸਵੇਰੇ 1:01 ਵਜੇ ਐਨਾਸਿਸ ਟਾਪੂ ‘ਤੇ ਵਾਪਰੀ ਜਿੱਥੇ ਦੋ ਸ਼ੱਕੀ ਵਿਅਕਤੀ ਗੋਦਾਮ ਵਿੱਚ ਖੜੇ ਟਰੇਲਰ ਨੂੰ ਟਰੱਕ ਨਾਲ ਜੋੜ ਕੇ ਮਿੰਟਾਂ ਵਿੱਚ ਹੀ ਫ਼ਰਾਰ ਹੋ ਗਏ। ਟਰੱਕ ਨੂੰ ਇੱਕ ਚਿੱਟੇ ਫਰੇਟਲਾਈਨਰ ਡੇਕੈਬ ਟਰੈਕਟਰ ਵਜੋਂ ਦਰਸਾਇਆ ਗਿਆ ਹੈ ਜਿਸ ਦੇ ਦਰਵਾਜ਼ਿਆਂ ਉੱਤੇ “ਰਾਈਡਰ” ਲਿਖਿਆ ਹੋਇਆ ਹੈ।
ਡੈਲਟਾ ਪੁਲਿਸ ਚੋਰੀ ਦੀ ਰਿਪੋਰਟ ਤਕਰੀਬਨ 2 ਘੰਟੇ ਬਾਅਦ ਦਿੱਤੀ ਗਈ।ਸ਼ਿਪਿੰਗ ਕੰਟੇਨਰ ਵਿੱਚ $500,000 ਮੁੱਲ ਦੇ 150 ਬਿਕਟਰਿਕਸ ਇਲੈਕਟ੍ਰਿਕ ਸਾਈਕਲ ਸਨ। ਚੋਰੀ ਦੀ ਵਾਰਦਾਤ ਗੋਦਾਮ ਦੇ ਸੀ.ਸੀ.ਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਚੋਰੀ ਹੋਇਆ ਟਰੇਲਰ ਤਿੰਨ ਦਿਨ ਬਾਅਦ 22 ਮਾਰਚ ਨੂੰ ਸਰੀ ਨੇੜੇ ਲੈਂਗਲੀ ਟਾਊਨ ਵਿੱਚ ਖੜਾ ਮਿਲਿਆ। ਪੁਲਸ ਮੁਤਾਬਕ ਟਰੇਲਰ ਖਾਲੀ ਕੀਤਾ ਹੋਇਆ ਸੀ ਅਤੇ ਇਸਦੀ ਲਾਇਸੈਂਸ ਪਲੇਟ ਗਾਇਬ ਸੀ।
ਬਿਕਟਰਿਕਸ ਕੰਪਨੀ ਨੇ ਮਹਿਜ਼ ਤਿੰਨ ਹਫ਼ਤੇ ਪਹਿਲਾਂ ਹੀ ਵੈਨਕੂਵਰ ਵਿੱਚ ਆਪਣੇ ਨਵੇਂ ਸ਼ੋਅ ਰੂਮ ਦਾ ਉਦਘਾਟਨ ਕੀਤਾ ਸੀ। ਕੰਪਨੀ ਦੇ ਨੁਮਾਇੰਦੇ ਮੀਡੀਆ ਇੰਟਰਵਿਊ ਅਤੇ ਸੋਸ਼ਲ ਮੀਡੀਆ ਰਾਹੀਂ ਸਬੂਤ ਸਾਂਝੇ ਕਰ ਰਹੇ ਹਨ। ਡੈਲਟਾ ਪੁਲਸ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਪੁਲਿਸ ਦੀ ਗੁਪਤ ਰੂਪ ਵਿੱਚ ਤਫ਼ਤੀਸ਼ ਕਰਨ ਦੀ ਯੋਗਤਾ ਨੂੰ ਗੁੰਝਲਦਾਰ ਬਣਾ ਦਿੱਤਾ ਹੈ।ਡੈਲਟਾ ਪੁਲਿਸ ਮੁਤਾਬਕ ਵਿਭਾਗ ਦੇ ਅਫਸਰਾਂ ਦੀ ਇੱਕ ਟੀਮ ਚੋਰੀ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਜਵਾਬਦੇਹ ਬਣਾਉਣ ਲਈ ਕੰਮ ਕਰ ਰਹੀ ਹੈ। ਪੁਲਸ ਚੋਰੀ ਕੀਤੀ ਜਾਇਦਾਦ ਨੂੰ ਮੁੜ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਪੁਲਸ ਸ਼ੱਕੀ ਵਿਅਕਤੀਆਂ ਵਿੱਚ ਇੱਕ ਮਰਦ ਅਤੇ ਇੱਕ ਔਰਤ ਦੀ ਭਾਲ ਕਰ ਰਹੀ ਹੈ। ਦੋਵਾਂ ਨੇ ਗੂੜ੍ਹੇ ਕੱਪੜੇ ਪਾਏ ਹੋਏ ਸਨ ਅਤੇ ਉਨ੍ਹਾਂ ਨੇ ਆਪਣੀ ਪਛਾਣ ਛੁਪਾਉਣ ਦੀ ਕੋਸ਼ਿਸ਼ ਕੀਤੀ ਸੀ।
ਚੋਰੀ ਹੋਏ ਸਾਈਕਲਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ।ਖ਼ਬਰ ਲਿਖੇ ਜਾਣ ਤੱਕ ਤੱਕ ਚੋਰੀ ਕੀਤੇ ਗਏ ਸਾਇਕਲ ਬਰਾਮਦ ਕਰਨ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋ ਸਕੀਆਂ।
ਡੈਲਟਾ ਪੁਲਿਸ ਨੇ ਸਾਰੇ ਕਾਰੋਬਾਰੀਆਂ ਨੂੰ ਉਹਨਾਂ ਦੀਆਂ ਕੀਮਤੀ ਸੰਪਤੀਆਂ ਦੀ ਰੱਖਿਆ ਕਰਨ ਲਈ ਸੁਰੱਖਿਆ ਉਪਾਵਾਂ ‘ਤੇ ਵਿਚਾਰ ਕਰਨ, GPS ਟਰੈਕਿੰਗ ਅਤੇ ਉੱਚ-ਮੁੱਲ ਦੀਆਂ ਸ਼ਿਪਮੈਂਟਾਂ ਵਾਲੇ ਆਪਣੇ ਟ੍ਰੇਲਰਾਂ ਲਈ ਪਿੰਨ-ਲਾਕ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ।ਜੇਕਰ ਕਿਸੇ ਨੂੰ ਇਸ ਚੋਰੀ, ਸ਼ੱਕੀ ਵਿਅਕਤੀਆਂ, ਚੋਰੀ ਵਿੱਚ ਵਰਤੇ ਗਏ ਟਰੱਕ, ਜਾਂ ਚੋਰੀ ਹੋਏ ਇਲੈਕਟ੍ਰਿਕ ਸਾਈਕਲਾਂ ਬਾਰੇ ਕੋਈ ਜਾਣਕਾਰੀ ਹੋਵੇ ਡੈਲਟਾ ਪੁਲਿਸ ਵਿਭਾਗ ਨੂੰ (604)946-4411 ‘ਤੇ ਕਾਲ ਕੀਤੀ ਜਾ ਸਕਦੀ ਹੈ । ਫ਼ੋਨ ਕਰਨ ਮੌਕੇ ਫਾਈਲ 24-4794 ਦਾ ਹਵਾਲਾ ਦਿੱਤਾ ਜਾ ਸਕਦਾ ਹੈ।

Mandeep says
Good information, Thank you.