
ਕੋਕਾਹਾਲਾ ਕੈਨਿਯਨ ਪਾਰਕ ਅਤੇ ਓਥੇਲੋ ਟਨਲ ਦੇ ਬੰਦ ਲਾਂਘੇ ਆਂਉਦੀਆ ਗਰਮੀਆਂ ਵਿੱਚ ਦੁਬਾਰਾ ਖੁੱਲ੍ਹਣਗੇ। ਬੀ.ਸੀ.ਸਰਕਾਰ ਵੱਲੋਂ ਪ੍ਰੈੱਸ ਦੇ ਨਾਮ ਜਾਰੀ ਕੀਤੇ ਗਏ ਇੱਕ ਬਿਆਨ ਮੁਤਾਬਕ ਲਾਂਘਾ ਖੁੱਲ੍ਹਣ ਦਾ ਕੰਮ ਦੋ ਪੜਾਵਾਂ ਵਿੱਚ ਮੁਕੰਮਲ ਹੋਵੇਗਾ ਅਤੇ ਇਸ ਕੰਮ ਉੱਪਰ ਲਗਭਗ 4.5 ਮਿਲੀਅਨ ਡਾਲਰ ਦੀ ਲਾਗਤ ਦਾ ਅਨੁਮਾਨ ਹੈ। ਬਹਾਲੀ ਦਾ ਕੰਮ ਦੋ ਪੜਾਵਾਂ ਵਿੱਚ ਹੋਵੇਗਾ ਤਾਂ ਜੋ ਲੋਕ ਜੁਲਾਈ 2024 ਦੇ ਸ਼ੁਰੂ ਵਿੱਚ ਪਾਰਕ ਦੇ ਕੁਝ ਹਿੱਸੇ ਦਾ ਦੌਰਾ ਕਰ ਸਕਣ। ਪਹਿਲਾ ਪੜਾਅ ਪਾਰਕ ਦੇ ਪ੍ਰਵੇਸ਼ ਦੁਆਰ ਅਤੇ ਪਾਰਕਿੰਗ ਲਾਟ ਤੋਂ ਸੁਰੰਗ ਦੋ ਦੇ ਅੰਤ ਤੱਕ ਸਹੂਲਤਾਂ ਅਤੇ ਪਹੁੰਚ ਨੂੰ ਬਹਾਲ ਕਰੇਗਾ। ਹੜ੍ਹਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਟ੍ਰੇਲ ਨੂੰ ਦੁਬਾਰਾ ਬਣਾਇਆ ਜਾਵੇਗਾ ਅਤੇ ਹੋਰ ਉੱਚਾ ਕੀਤਾ ਜਾਵੇਗਾ। ਪਾਰਕ ਦਾ ਬਾਕੀ ਹਿੱਸਾ 2025 ਵਿੱਚ ਖੋਲ੍ਹਣ ਦਾ ਅਨੁਮਾਨ ਹੈ। ਨਵੰਬਰ 2021 ਵਿੱਚ ਭਾਰੀ ਮੀਂਹ ਅਤੇ ਗੰਭੀਰ ਹੜ੍ਹਾਂ ਨੇ ਪੂਰੇ ਪਾਰਕ ਵਿੱਚ 30 ਤੋਂ ਵੱਧ ਥਾਂਵਾਂ ਨੂੰ ਨੁਕਸਾਨ ਪਹੁੰਚਾਇਆ ਸੀ।
1914 ਵਿੱਚ ਬਣਾਈਆਂ ਗਈਆਂ ਪੰਜ ਇਤਿਹਾਸਕ ਓਥੈਲੋ ਸੁਰੰਗਾਂ ਵੀ ਇਹਨਾਂ ਹੜ੍ਹਾਂ ਦੀ ਮਾਰ ਹੇਠ ਆ ਕੇ ਨੁਕਸਾਨੀਆਂ ਗਈਆਂ ਸਨ। ਪੁਲ ਦੀ ਨੀਂਹ ਨੁਕਸਾਨੀ ਗਈ ਸੀ ਅਤੇ ਚਟਾਨਾਂ ਦੇ ਡਿੱਗਣ ਦਾ ਖਤਰਾ ਖੜ੍ਹਾ ਹੋ ਗਿਆ ਸੀ। ਹੜ੍ਹਾਂ ਨੇ ਸਥਾਨਕ ਪਹੁੰਚ ਵਾਲੀਆਂ ਸੜਕਾਂ ਅਤੇ ਪਗਡੰਡੀਆਂ ਨੂੰ ਵੀ ਨਸ਼ਟ ਕਰ ਦਿੱਤਾ ਸੀ ।
ਹੋਪ, ਕੈਸਕੇਡਜ਼ ਅਤੇ ਕੈਨਿਯਨਜ਼ ਵਿਜ਼ਿਟਰ ਸੈਂਟਰ ਅਤੇ ਮਿਊਜ਼ੀਅਮ ਦੀ ਟੀਮ ਲੀਡ, ਬ੍ਰਾਇਨ ਮੈਕਕਿਨੀ ਨੇ ਲਾਂਘਾ ਖੁੱਲ੍ਹਣ ਦੀ ਖ਼ਬਰ ਦਾ ਸੁਆਗਤ ਕੀਤਾ ਹੈ। ਉਹਨਾਂ ਕਿਹਾ ਕਿ ਇੱਥੇ ਹਰ ਸਾਲ ਹਜ਼ਾਰਾਂ ਸੈਲਾਨੀ ਆਂਉਦੇ ਹਨ ਅਤੇ ਕੁਦਰਤੀ ਸੁਹੱਪਣ ਨਾਲ ਭਰਪੂਰ ਸਾਡੇ ਇਸ ਰਮਣੀਕ ਇਲਾਕੇ ਵਿੱਚ ਅਕਸਰ ਫਿਲਮਾਂ ਦੀ ਸ਼ੂਟਿੰਗ ਹੁੰਦੀ ਰਹਿੰਦੀ ਹੈ। ਬਹਾਲੀ ਦੇ ਕੰਮ ਨੂੰ ਕੈਨੇਡਾ ਸਰਕਾਰ ਦੇ ਕੁਦਰਤੀ ਆਫ਼ਤ ਵਿੱਤੀ ਸਹਾਇਤਾ ਫੰਡ ਦੁਆਰਾ ਸਮਰਥਨ ਦਿੱਤਾ ਜਾ ਰਿਹਾ ਹੈ। ਬੀ.ਸੀ.ਪਾਰਕਸ ਵੱਲੋਂ ਉਸਾਰੀ ਦੌਰਾਨ ਪੁਰਾਤੱਤਵ ਅਤੇ ਵਿਰਾਸਤੀ ਮੁੱਲਾਂ ਦੀ ਰੱਖਿਆ ਕਰਨ ਲਈ ਫਸਟ ਨੇਸ਼ਨਜ਼ ਅਤੇ ਪੁਰਾਤੱਤਵ ਅਤੇ ਸੱਭਿਆਚਾਰਕ ਵਿਰਾਸਤ ਦੇ ਮਾਹਿਰਾਂ ਨਾਲ ਰਲ ਕੇ ਕੰਮ ਕੀਤਾ ਜਾ ਰਿਹਾ ਹੈ। ਹੋਪ ਦੇ ਮੇਅਰ ਵਿਕਟਰ ਸਮਿਥ ਨੇ ਇਸ ਖਬਰ ਦਾ ਸਵਾਗਤ ਕੀਤਾ ਹੈ। ਉਹਨਾਂ ਕਮਿਊਨਿਟੀ ਅਤੇ ਸੈਲਾਨੀਆਂ ਲਈ ਪਾਰਕ ਦੀ ਮਹੱਤਤਾ ਨੂੰ ਉਜਾਗਰ ਕੀਤਾ ਹੈ। ਕੈਨਿਯਨ ਪਾਰਕ ਕਿਸੇ ਸਮੇਂ ਇਤਿਹਾਸਕ ਕੇਟਲ ਵੈਲੀ ਰੇਲਵੇ ਰੂਟ ਦਾ ਹਿੱਸਾ ਸੀ, ਅਤੇ ਕੈਨਿਯਨ ਵਿੱਚੋਂ ਇੱਕ ਲਾਂਘਾ ਬਣਾਉਣ ਲਈ 1914 ਵਿੱਚ ਬਣਾਈ ਗਈ ਓਥੈਲੋ ਸੁਰੰਗ ਇੰਜੀਨੀਅਰਿੰਗ ਦੇ ਇਕ ਕਾਰਨਾਮੇ ਵਜੋਂ ਦੇਖੀ ਗਈ ਸੀ।
