
ਸੁਲਤਾਨਪੁਰ ਲੋਧੀ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਮੁੱਖ ਮੰਤਰੀ ਨੇ ਲੋਕਾਂ ਦੀਆਂ ਦੁੱਖ-ਤਕਲੀਫ਼ਾਂ ਨੂੰ ਸੁਣਿਆ।
ਪੀੜਤ ਲੋਕਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਾਣੀ ਨੇ ਇਨਸਾਨਾਂ ਦੇ ਨਾਲ-ਨਾਲ ਬੇਜ਼ੁਬਾਨਾਂ ਨੂੰ ਵੀ ਕਾਫੀ ਪ੍ਰਭਾਵਿਤ ਕੀਤਾ ਹੈ। ਸਮਾਂ ਮੁਸ਼ਕਿਲ ਜ਼ਰੂਰ ਹੈ ਪਰ ਆਪਾਂ ਸਾਰਿਆਂ ਨੇ ਇੱਕ ਦੂਜੇ ਦੇ ਸਾਥ ਨਾਲ ਰਲ਼ ਮਿਲ ਕੇ ਲੰਘਾਉਣਾ ਹੈ। ਕੁਦਰਤ ਦੀ ਮਾਰ ਹੇਠ ਆਏ ਲੋਕਾਂ ਨੂੰ ਸਪੈਸ਼ਲ ਗਰਦਾਵਰੀ ਤਹਿਤ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ। ਜਲਦ ਹੀ ਪਰਮਾਤਮਾ ਦੀ ਮਿਹਰ ਸਦਕਾ ਹਾਲਾਤ ਠੀਕ ਹੋਣਗੇ। ਹੌਸਲਾ ਹਿੰਮਤ ਰੱਖੋ, ਅਸੀਂ ਇਸ ਔਖੀ ਘੜੀ ‘ਚ ਤੁਹਾਡੇ ਨਾਲ ਖੜ੍ਹੇ ਹਾਂ।
ਹੜ੍ਹ ਕਿਸਮਤਾਂ ਦੀ ਮਾਰ ਨਹੀਂ, ਇਸ ਦਾ ਹੱਲ ਕੱਢਾਂਗੇ- ਭਗਵੰਤ ਮਾਨ
ਬਿਆਸ ਦਰਿਆ ਦੀ ਮਾਰ ਹੇਠ ਆਏ ਸੁਲਤਾਨਪੁਰ ਲੋਧੀ ਇਲਾਕੇ ‘ਚ ਜ਼ਮੀਨੀ ਹਾਲਾਤਾਂ ਦਾ ਜਾਇਜ਼ਾ ਲੈਣ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਲਾਕਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਵਾਰ-ਵਾਰ ਮਾਰ ਕਰਦੇ ਇਸ ਗੰਭੀਰ ਮਸਲੇ ਦੇ ਹੱਲ ਵਾਸਤੇ ਇੰਜੀਨੀਅਰਾਂ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਵਿਸ਼ੇਸ਼ ਗਿਰਦਾਵਰੀ ਦੇ ਵੀ ਹੁਕਮ ਜਾਰੀ ਕਰ ਦਿੱਤੇ ਗਏ ਹਨ ਜਿਸ ‘ਚ ਫ਼ਸਲਾਂ ਸਮੇਤ ਪਸ਼ੂ ਧਨ ਸੰਬੰਧੀ ਹੋਏ ਨੁਕਸਾਨ ਦਾ ਵੀ ਸਰਕਾਰ ਮੁਆਵਜ਼ਾ ਜਾਰੀ ਕਰੇਗੀ।
