
ਮਾਨਸਾ – ਬਠਿੰਡਾ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੀ ਚੋਣ ਮੁਹਿੰਮ ਨੂੰ ਉਦੋਂ ਹੋਰ ਵੱਡਾ ਹੁਲਾਰਾ ਮਿਲਿਆ ਜਦੋਂ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਚੁਸਪਿੰਦਰ ਬੀਰ ਸਿੰਘ ਚਾਹਲ ਆਪਣੇ ਸਾਥੀਆਂ ਸਮੇਤ ‘ਆਪ’ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੇ ਇਹ ਸ਼ਮੂਲੀਅਤ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿੱਚ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਪਾਰਟੀ ਨੂੰ ਹੋਰ ਬਲ ਮਿਲੇਗਾ ਅਤੇ ਪਾਰਟੀ ਮਾਲਵਾ ਖੇਤਰ ਵਿਚ ਪਹਿਲਾਂ ਨਾਲੋਂ ਵੀ ਵੱਧ ਮਜ਼ਬੂਤ ਹੋਵੇਗੀ। ਸਰੀ ਨਿਊਜ਼ ਬੀਸੀ ਨਾਲ ਵਿਸ਼ੇਸ਼ ਗੱਲ-ਬਾਤ ਕਰਦਿਆਂ ਚੁਸ਼ਪਿੰਦਰ ਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦਾ ਕਾਂਗਰਸ ਨਾਲ ਨਹਿਰੂ ਤੋਂ ਲੈ ਕੇ ਰਾਹੁਲ ਗਾਂਧੀ ਤੱਕ ਨਾਤਾ ਰਿਹਾ ਹੈ ਪਰ ਹੁਣ ਉਨ੍ਹਾਂ ਕਾਂਗਰਸ ਦੀਆਂ ਨੀਤੀਆਂ ਤੋਂ ਤੰਗ ਆ ਕੇ ਪਾਰਟੀ ਛੱਡੀ ਹੈ। ‘ਆਪ’ ਜੁਆਇਨ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਆਪਣਾ ਲਿਖਤੀ ਅਸਤੀਫਾ ਪਾਰਟੀ ਦੇ ਥੂਥ ਕਾਂਗਰਸ ਦੇ ਸੂਬਾ ਪ੍ਰਧਾਨ ਮੋਹਿਤ ਮੋਹਿੰਦਰਾ ਨੂੰ ਭੇਜ ਦਿੱਤਾ ਸੀ। ਚੁਸਪਿੰਦਰ ਬੀਰ ਕਾਲਜ ਪੜ੍ਹਨ ਸਮੇਂ ਕਬੱਡੀ ਦਾ ਨਾਮਵਰ ਖਿਡਾਰੀ ਰਿਹਾ ਹੈ। ਉਸਦਾ ਨੌਜਵਾਨਾਂ ਵਿੱਚ ਕਾਫੀ ਆਧਾਰ ਹੈ। ਉਹ ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਮਾਨਸਾ ਤੋਂ ਕਾਂਗਰਸ ਦੀ ਟਿਕਟ ਦਾ ਵੀ ਵੱਡਾ ਦਾਅਵੇਦਾਰ ਸੀ ਪਰੰਤੂ ਕਾਂਗਰਸ ਨੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਨੂੰ ਟਿਕਟ ਦੇ ਦਿੱਤੀ ਸੀ ।ਚੁਸਪਿੰਦਰ ਬੀਰ ਵੱਲੋ ਆਪ ਵਿੱਚ ਸ਼ਮੂਲੀਅਤ ਦਾ ਸਭ ਤੋਂ ਵੱਧ ਲਾਹਾ ਬਠਿੰਡਾ ਅਤੇ ਸੰਗਰੂਰ ਲੋਕ ਸਭਾ ਹਲਕੇ ਤੋਂ ‘ਆਪ’ ਉਮੀਦਵਾਰਾਂ ਨੂੰ ਮਿਲੇਗਾ।
