
ਵੈਨਕੂਵਰ, 15 ਅਕਤੂਬਰ (ਹਰਦਮ ਮਾਨ) — ਚੜ੍ਹਦੀ ਕਲਾ ਬ੍ਰਦਰਹੁੱਡ ਐਸੋਸੀਏਸ਼ਨ ਵੱਲੋਂ ਮਨੁੱਖਤਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸਰੀ ਵਿੱਚ ਦੂਜਾ ਖੂਨਦਾਨ ਕੈਂਪ ਲਾਇਆ ਗਿਆ। ਸਮਾਜਿਕ ਸੇਵਾ ਦੇ ਜਜ਼ਬੇ ਨਾਲ ਪ੍ਰੇਰਿਤ ਹੋਏ ਐਸੋਸੀਏਸ਼ਨ ਦੇ ਮੈਂਬਰਾਂ ਨੇ ਬੜੇ ਉਤਸ਼ਾਹ ਨਾਲ ਖੂਨ ਦਾਨ ਕੈਂਪ ਵਿੱਚ ਭਾਗ ਲਿਆ ਅਤੇ ਕੁੱਲ 20 ਮੈਂਬਰਾਂ ਨੇ ਖੂਨਦਾਨਕਰਕੇ ਜੀਵਨ ਬਚਾਉਣ ਦੀ ਮੁਹਿੰਮ ਵਿੱਚ ਯੋਗਦਾਨ ਪਾਇਆ।
ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਦਿਲਾਵਰੀ ਨੇ ਕਿਹਾ ਕਿ ਖੂਨਦਾਨ ਮਨੁੱਖਤਾ ਦੀ ਸਭ ਤੋਂ ਉੱਤਮ ਸੇਵਾ ਹੈ। ਉਨ੍ਹਾਂ ਕਿਹਾ ਕਿ ਹਰ ਸਿਹਤਮੰਦ ਵਿਅਕਤੀ ਨੂੰ ਆਪਣੀ ਸਮਰੱਥਾ ਅਨੁਸਾਰ ਖੂਨਦਾਨ ਕਰਨਾ ਚਾਹੀਦਾ ਹੈ, ਕਿਉਂਕਿ ਇਹ ਕਿਸੇ ਲੋੜਵੰਦ ਦੀ ਜ਼ਿੰਦਗੀ ਬਚਾਉਣ ਦਾ ਸੌਖਾ ਤੇ ਸਭ ਤੋਂ ਕੀਮਤੀ ਤਰੀਕਾ ਹੈ।ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਸਮਾਜ ਭਲਾਈ ਦੇ ਲਗਾਤਾਰ ਉਪਰਾਲਿਆਂ ਤਹਿਤ ਇਹ ਐਸੋਸੀਏਸ਼ਨ ਵੱਲੋਂ ਦੂਜਾ ਖੂਨਦਾਨ ਕੈਂਪ ਸੀ। ਮਾਰਚ ਮਹੀਨੇ ਵਿੱਚ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਤੀਜਾ ਖੂਨਦਾਨ ਕੈਂਪ ਲਾਉਣ ਦੀ ਤਿਆਰੀ ਵੀ ਜਾਰੀ ਹੈ।
ਇਸ ਪਵਿੱਤਰ ਮੁਹਿੰਮ ਦੌਰਾਨ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਮਾਨਕਟਲਾ, ਬਲਜੀਤ ਸਿੰਘ ਰਾਏ, ਲਖਬੀਰ ਗਰੇਵਾਲ, ਮਨਜੀਤ ਸਿੰਘ ਚੀਮਾ, ਸੰਦੀਪ ਧੰਜੂ, ਅਵਤਾਰ ਸਿੰਘ ਧਨੋਆ, ਹਰਵਿੰਦਰ ਸਿੰਘ, ਇੰਦਰਜੀਤ ਸਿੰਘ ਲੱਧੜ, ਦਮਨਦੀਪ ਸਿੰਘ, ਨਿਰੰਜਨ ਸਿੰਘ ਲਹਿਲ, ਬੁੱਧੀ ਕਪੂਰ,ਹਰਵਿੰਦਰ ਸਿੰਘ ਖਾਲਸਾ ਅਤੇ ਮਲਕੀਤ ਸਿੰਘ ਰੰਧਾਵਾ ਸਮੇਤ ਕਈ ਹੋਰ ਮੈਂਬਰ ਹਾਜ਼ਰ ਸਨ।
