
ਚੰਡੀਗੜ੍ਹ- ਪੰਜਾਬ ਦੇ ਮਸ਼ਹੂਰ ਸੰਗੀਤਕਾਰ ਚਰਨਜੀਤ ਆਹੂਜਾ ਦਾ ਦੇਹਾਂਤ ਹੋ ਗਿਆ ਹੈ । ਉਨ੍ਹਾਂ ਨੇ ਮੋਹਾਲੀ ਵਿੱਚ ਆਖਰੀ ਸਾਹ ਲਿਆ। ਸੰਗੀਤ ਸਮਰਾਟ ਜਨਾਬ ਚਰਨਜੀਤ ਆਹੂਜਾ ਦੇ ਸਦਾ ਲਈ ਰੁਖ਼ਸਤ ਹੋ ਜਾਣ ਦੀ ਦੁਖਦਾਈ ਖਬਰ ਸੁਣ ਕੇ ਸਮੁੱਚੇ ਪੰਜਾਬੀ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ! 74 ਵਰ੍ਹਿਆਂ ਦੇ ਚਰਨਜੀਤ ਆਹੂਜਾ ਨੇ ਲਾਲ ਚੰਦ ਯਮਲਾ ਜੱਟ, ਅਮਰ ਸਿੰਘ ਚਮਕੀਲਾ ਤੋਂ ਲੈ ਕੇ ਸਰਦੂਲ ਸਿਕੰਦਰ , ਜਸਬੀਰ ਜੱਸੀ , ਰਣਜੀਤ ਬਾਵਾ ਤੇ ਹੋਰ ਕਲਾਕਾਰਾਂ ਨਾਲ ਕੰਮ ਕੀਤਾ ਹੈ।
ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਦਾ ਇਜ਼ਹਾਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, “ਸੰਗੀਤ ਸਮਰਾਟ ਉਸਤਾਦ ਚਰਨਜੀਤ ਅਹੂਜਾ ਸਾਬ੍ਹ ਦਾ ਚਲੇ ਜਾਣਾ ਸੰਗੀਤ ਇੰਡਸਟਰੀ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਆਹੂਜਾ ਸਾਬ੍ਹ ਵੱਲੋਂ ਬਣਾਈਆਂ ਧੁਨਾਂ ਹਮੇਸ਼ਾ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕਰਦੀਆਂ ਰਹਿਣਗੀਆਂ। ਸਚਿਨ ਅਹੂਜਾ ਸਮੇਤ ਪਰਿਵਾਰ ਤੇ ਚਾਹੁਣ ਵਾਲਿਆਂ ਨਾਲ ਦਿਲੋਂ ਹਮਦਰਦੀ। ਪਰਮਾਤਮਾ ਰੂਹ ਨੂੰ ਚਰਨਾਂ ‘ਚ ਥਾਂ ਦੇਣ।”
ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਉੱਘੀ ਪੰਜਾਬੀ ਗਾਇਕਾ ਜਸਪਿੰਦਰ ਨਰੂਲਾ ਨੇ ਆਪਣੇ ਜਜ਼ਬਾਤ ਸਾਂਝੇ ਕਰਦਿਆਂ ਕਿਹਾ ਕਿ ਉਹ ਚਰਨਜੀਤ ਆਹੂਜਾ ਨੂੰ ਰੱਖੜੀ ਬੰਨ੍ਹਿਆ ਕਰਦੇ ਸਨ ।
ਉਨ੍ਹਾਂ ਦੇ ਬੇਵਕਤ ਵਿਛੋੜੇ ‘ਤੇ ਦੁੱਖ ਜ਼ਾਹਰ ਕਰਦਿਆਂ ਉੱਘੇ ਲੋਕ ਗਾਇਕ ਪੰਮੀ ਬਾਈ ਨੇ ਕਿਹਾ ਕਿ ਪਰਮਜੀਤ ਸਿੰਘ ਨੂੰ ਪੰਮੀ ਬਾਈ ਬਣਾਉਣ ਦਾ ਸਿਹਰਾ ਚਰਨਜੀਤ ਆਹੂਜਾ ਨੂੰ ਜਾਂਦਾ ਹੈ !
ਜਸਬੀਰ ਜੱਸੀ ਨੇ ਕਿਹਾ ਕਿ ਸਾਰੀ ਦੁਨੀਆਂ ਦੇ ਲਫ਼ਜ਼ ਉਨ੍ਹਾਂ ਦੇ ਅਫ਼ਸੋਸ ਲਈ ਲਿਖ ਦੇਵਾਂ ਤਾਂ ਵੀ ਉਹ ਥੋੜ੍ਹੇ ਪੈ ਜਾਣਗੇ!
