
ਸਰੀ, ਬੀ.ਸੀ. – ਕੈਨੇਡਾ ਦੇ ਉੱਘੇ ਕਾਰੋਬਾਰੀ ਬਲਦੇਵ ਸਿੰਘ ਬਾਠ ਨੇ ਪੰਜਾਬ ਵਿੱਚ ਵਿਦਿਆਰਥੀਆਂ ਲਈ ਸਕਾਲਰਸ਼ਿਪ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ । ਸਰੀ ਸਥਿਤ ਆਪਣੇ ਕਾਰਾਂ ਦੇ ਕਾਰੋਬਾਰ ਬਸੰਤ ਮੋਟਰਜ਼ ਦੇ ਸਾਲਾਨਾ ਸਮਾਗਮ ਦੌਰਾਨ ਸ. ਬਲਦੇਵ ਸਿੰਘ ਬਾਠ ਵੱਲੋਂ ਜਲੰਧਰ ਨੇੜਲੇ ਆਪਣੇ ਪਿੰਡ ਹਰਦੋ ਫਰਾਲਾ ਵਿਖੇ ਹਰ ਸਾਲ ਹੁਸ਼ਿਆਰ ਸਕੂਲੀ ਵਿਦਿਆਰਥੀਆਂ ਨੂੰ ਵਜ਼ੀਫ਼ਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅਗਲੇ ਸਾਲ ਜੁਲਾਈ ਮਹੀਨੇ ਤੋਂ ਇਸ ਵਿਸ਼ੇਸ਼ ਸਕਾਲਰਸ਼ਿਪ ਦਾ ਆਗਾਜ਼ ਕੀਤਾ ਜਾਵੇਗਾ । ਇਹ ਵਜ਼ੀਫ਼ਾ ਸਕੀਮ ਉਨ੍ਹਾਂ ਵੱਲੋਂ ਹਰ ਸਾਲ ਸਰੀ ਵਿਖੇ ਆਪਣੀ ਕਾਰ ਡੀਲਰਸ਼ਿਪ ਬਸੰਤ ਮੋਟਰਜ਼ ਵੱਲੋਂ ਦਿੱਤੀ ਜਾਂਦੀ ਸਕਾਲਰਸ਼ਿਪ ਦੀ ਤਰਜ਼ ‘ਤੇ ਹੀ ਦਿੱਤੀ ਜਾਇਆ ਕਰੇਗੀ । ਦੱਸਣਯੋਗ ਹੈ ਕਿ ਬਸੰਤ ਮੋਟਰਜ਼ ਵੱਲੋਂ ਪਿਛਲੇ ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਸਰੀ ਵਿੱਚ ਸਕੂਲ ਮੁਖੀਆਂ, ਅਧਿਆਪਕਾਂ ਅਤੇ ਮਾਹਿਰਾਂ ਦੀ ਸਲਾਹ ਨਾਲ ਹੁਸ਼ਿਆਰ ਵਿਦਿਆਰਥੀਆਂ ਨੂੰ ਹਰ ਸਾਲ ਸਕਾਲਰਸ਼ਿਪ ਦਿੱਤੀ ਜਾਂਦੀ ਹੈ । ਇਸ ਵਾਰ ਦੀ 34ਵੀਂ ਸਾਲਾਨਾ ਸਕਾਲਰਸ਼ਿਪ ਹਾਸਲ ਕਰਨ ਵਾਲੇ 34 ਵਿਦਿਆਰਥੀਆਂ ਵਿੱਚੋਂ ਜ਼ਿਆਦਾਤਰ ਲੜਕੀਆਂ ਸਨ । ਸਕਾਲਰਸ਼ਿਪ ਜੇਤੂ ਵਿਦਿਆਰਥੀਆਂ ਨੂੰ ਬੀ.ਸੀ. ਦੀ ਪੋਸਟ ਸਕੈੰਡਰੀ ਐਜੂਕੇਸ਼ਨ ਮੰਤਰੀ ਜੈਸੀ ਸੂੰਨੜ , ਸਰੀ ਦੀ ਮੇਅਰ ਬਰਿੰਡਾ ਲੌਕ ਅਤੇ ਉੱਘੇ ਰੇਡੀਓ ਹੋਸਟ ਹਰਜਿੰਦਰ ਥਿੰਦ ਨੇ ਇਨਾਮ ਤਕਸੀਮ ਕੀਤੇ । ਇਸ ਮੌਕੇ ਸਾਬਕਾ ਮੰਤਰੀ ਹੈਰੀ ਬੈਂਸ ਅਤੇ ਬੱਚਿਆਂ ਦੇ ਆਹਲਾ ਡਾਕਟਰ ਪ੍ਰਗਟ ਸਿੰਘ ਭੁਰਜੀ ਨੇ ਵੀ ਆਪਣੇ ਵਿਚਾਰ ਰੱਖੇ । ਸਮਾਗਮ ਵਿੱਚ ਸ਼ਾਮਲ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਬਸੰਤ ਮੋਟਰਜ਼ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ।
