ਓਟਵਾ – ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 2025 ਦੀ ਫੈਡਰਲ ਚੋਣ ਦਾ ਐਲਾਨ ਕਰ ਦਿੱਤਾ ਹੈ, ਜਿਸ ਨਾਲ ਦੇਸ਼ ਇੱਕ ਛੇ ਮਹੀਨੇ ਪਹਿਲਾਂ ਹੀ ਚੋਣ ਮੁਹਿੰਮ ਵਿੱਚ ਦਾਖਲ ਹੋ ਗਿਆ ਹੈ।
ਐਤਵਾਰ ਨੂੰ ਗਵਰਨਰ ਜਨਰਲ ਮੈਰੀ ਸਾਈਮਨ ਨੂੰ ਮਿਲਣ ਤੋਂ ਬਾਅਦ, ਕਾਰਨੀ ਨੇ ਚੋਣ ਵਾਸਤੇ ਰਿੱਟ ਜਾਰੀ ਕਰਨ ਦੀ ਮੰਗ ਕੀਤੀ। ਕੈਨੇਡਾ ਦੇ ਨਿਯਮਾਂ ਅਨੁਸਾਰ, ਇਹ ਸਭ ਤੋਂ ਘੱਟ, ਪੰਜ ਹਫ਼ਤਿਆਂ ਦੀ ਚੋਣ ਮੁਹਿੰਮ ਹੋਵੇਗੀ, ਜਿਸ ਅਧੀਨ ਕੈਨੇਡੀਅਨ 28 ਅਪਰੈਲ ਨੂੰ ਵੋਟ ਪਾਉਣਗੇ।
ਗਵਰਨਰ ਜਨਰਲ ਨਾਲ ਮੁਲਾਕਾਤ ਕਰਨ ਮਗਰੋਂ ਰੀਡੋ ਹਾਲ ਦੇ ਬਾਹਰ ਗੱਲ ਕਰਦੇ ਹੋਏ, ਕਾਰਨੀ ਨੇ ਕਿਹਾ, “ਅਸੀਂ ਪਿਛਲੇ ਨੌ ਦਿਨਾਂ ਵਿੱਚ ਕਾਫੀ ਕੁਝ ਕੀਤਾ ਹੈ, ਪਰ ਜ਼ਰੂਰੀ ਹੈ ਕਿ ਸਰਕਾਰ ਕੋਲ਼ ਕੈਨੇਡੀਅਨ ਲੋਕਾਂ ਦਾ ਸਮਰਥਨ ਹੋਵੇ, ਤਾਂ ਜੋ ਅਸੀਂ ਆਪਣਾ ਕੰਮ ਪੂਰਾ ਕਰ ਸਕੀਏ—ਕੈਨੇਡਾ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨਾ, ਵਪਾਰਕ ਭਾਈਵਾਲੀ ਲਈ ਮੌਕੇ ਵਧਾਉਣਾ , ਅਤੇ (ਅਮਰੀਕੀ ਰਾਸ਼ਟਰਪਤੀ) ਡੋਨਲਡ ਟਰੰਪ ਸਾਹਮਣੇ ਮਜ਼ਬੂਤੀ ਨਾਲ ਖੜ੍ਹੇ ਹੋਣ ਦੇ ਨਾਲ ਨਾਲ ਅਮਰੀਕਾ ਨਾਲ ਚੰਗਾ ਵਪਾਰਕ ਸਮਝੌਤਾ ਕਰਨ ਲਈ ਮਜ਼ਬੂਤ ਸਮਰਥਨ ਲੈਣਾ।”
ਚੋਣਾਂ ਦਾ ਐਲਾਨ ਹੁੰਦਿਆਂ ਹੀ ਕੈਨੇਡਾ ਵਿੱਚ 36 ਦਿਨ ਲੰਮੀ ਚੱਲਣ ਵਾਲੀ ਚੋਣ ਮੁਹਿੰਮ ਦਾ ਆਗਾਜ਼ ਹੋ ਗਿਆ ਹੈ ।