• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Saturday December 13, 2025
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg
  • NPX25_squamish_reporter.png

ਕੈਨੇਡਾ ਵਿੱਚ ਨਸਲਵਾਦ ਨੂੰ ਚੁਣੌਤੀ ਦੇਣ ਦੀ ਗਾਥਾ

https://www.surreynewsbc.com/wp-content/uploads/2025/10/IMG_2601.jpeg
ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ
October 13, 2025 9:00pm
“ ਕੈਨੇਡਾ ਦੇ ਇਤਿਹਾਸ ਵਿੱਚ ਨਸਲਵਾਦ ਨੂੰ ਜ਼ਬਰਦਸਤ ਚੁਣੌਤੀ ਦੇਣ ਵਾਲੀ ਇੱਕ ਗੌਰਵਮਈ ਗਾਥਾ ਤੇ ਸ਼ਾਨਾਮੱਤਾ ਇਤਿਹਾਸ ਸਾਂਝਾ ਕਰ ਰਹੇ ਹਾਂ। ਇਸ ਸੱਚੀ ਸਾਖੀ ਨੂੰ ਕੈਨੇਡਾ ਦੇ ਬਹੁ-ਸਭਿਆਚਾਰਕ ਢਾਂਚੇ ਦਾ ਮੁੱਢ ਬੰਨ੍ਹਣ ਵਜੋਂ ਚੇਤੇ ਕੀਤਾ ਜਾਣਾ ਬਣਦਾ ਹੈ।”- ਲੇਖਕ ਡਾ.ਗੁਰਵਿੰਦਰ ਸਿੰਘ ਧਾਲੀਵਾਲ
ਇਸ ਗਾਥਾ ਦਾ ਖਲਨਾਇਕ ਹਿੰਦੁਸਤਾਨ ਦੀ ਬ੍ਰਿਟਿਸ਼ ਸਰਕਾਰ ਦਾ ਏਜੰਟ ਐਂਗਲੋ-ਇੰਡੀਅਨ ਵਿਲੀਅਮ ਹਾਪਕਿਨਸਨ ਹੈ, ਜਿਸ ਨੇ 1914 ਵਿੱਚ ਕੈਨੇਡਾ ਦੇ ਪਹਿਲੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਭਾਗ ਸਿੰਘ ਭਿਖੀਵਿੰਡ ਅਤੇ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਨੂੰ ਆਪਣੇ ਏਜੰਟ ਰਾਹੀਂ ਸ਼ਹੀਦ ਕਰਵਾਇਆ ਸੀ। ਇਸ ਗੌਰਵਮਈ ਸਾਖੀ ਦਾ ਨਾਇਕ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਹੈ, ਜਿਸ ਨੇ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੂੰ ਸ਼ਹੀਦ ਕਰਾਉਣ ਦੇ ਦੋਸ਼ੀ ਦੁਸ਼ਟ ਹਾਪਕਿਨਸਨ ਨੂੰ ਸੋਧਿਆ ਸੀ। ਇਹ ਇਤਿਹਾਸਕ ਸੱਚਾਈ ਹੈ ਕਿ ਕੈਨੇਡਾ ਦੀ ਧਰਤੀ ‘ਤੇ ਕਿਸੇ ਸਮੇਂ ਚਿੱਟੇ ਨਸਲਵਾਦ ਦਾ ਖੁੱਲ੍ਹੇਆਮ ਬੋਲਬਾਲਾ ਸੀ, ਭਾਵੇਂ ਅੱਜ ਵੀ ਇਹ ਲੁਕਵੇਂ ਰੂਪ ਵਿੱਚ ਕਿਤੇ ਨਾ ਕਿਤੇ ਮੌਜੂਦ ਹੈ।
     21 ਅਕਤੂਬਰ 1914 ਦੇ ਦਿਨ ਭਾਈ ਮੇਵਾ ਸਿੰਘ ਵਲੋਂ ਚੁੱਕੇ ਇਨਕਲਾਬੀ ਕਦਮ ਤੋਂ ਬਾਅਦ ਸਹੀ ਅਰਥਾਂ ਵਿੱਚ ਕੈਨੇਡਾ ਦੇ ਬਹੁ-ਸੱਭਿਆਚਾਰਕ ਢਾਂਚੇ ਦਾ ਮੁੱਢ ਬੱਝਿਆ ਸੀ। ਇਹ ਇਤਿਹਾਸ ਜਾਨਣਾ ਇਸ ਕਰਕੇ ਜ਼ਰੂਰੀ ਹੈ, ਕਿਉਂਕਿ ਇਹ ਕੁਰਬਾਨੀ ਹੀ ਅੱਗਿਓ ਅਨੇਕਾਂ ਗਦਰੀ ਯੋਧਿਆਂ ਤੇ ਆਜ਼ਾਦੀ ਘੁਲਾਟੀਆਂ ਲਈ ਪ੍ਰੇਰਨਾ ਦਾ ਕਾਰਨ ਬਣੀ। ਹਿੰਦੁਸਤਾਨੀ ਬ੍ਰਿਟਿਸ਼ ਏਜੰਟ ਵਿਲੀਅਮ ਹਾਪਕਿਨਸਨ ਨੂੰ ਸੋਧਣ ਕਾਰਨ, ਭਾਈ ਸਾਹਿਬ ਨੂੰ ਫਾਂਸੀ ਹੋਈ ਸੀ। ਹਾਪਕਿਨਸਨ ਦਾ ਜਨਮ ਭਾਰਤ ਦੇ ਇਲਾਹਾਬਾਦ ਸ਼ਹਿਰ ਵਿੱਚ 1880 ਵਿੱਚ ਹੋਇਆ ਸੀ। ਵਿਲੀਅਮ ਹਾਪਕਿਨਸਨ ਦਾ ਬਾਪ ਅੰਗਰੇਜ਼ ਅਤੇ ਮਾਂ ਭਾਰਤੀ ਹਿੰਦੂ ਸੀ, ਇਸੇ ਕਾਰਨ ਉਸ ਦੇ ਯੂਰੇਸ਼ੀਅਨ ਐਂਗਲੋ ਇੰਡੀਅਨ ਵੰਸ਼ ਵਿੱਚ ਹੋਣ ਦਾ ਪਿਛੋਕੜ ਮਿਲਦਾ ਹੈ। ਉਹ 16 ਸਾਲ ਦੀ ਉਮਰ ਤੋਂ ਪੰਜਾਬ ਪੁਲਿਸ ਵਿੱਚ ਵੀ ਕੁਝ ਸਮਾਂ ਭਰਤੀ ਰਿਹਾ ਅਤੇ ਮਗਰੋਂ ਕੋਲਕਤਾ ਚਲਿਆ ਗਿਆ ਤੇ 21 ਸਾਲ ਦੀ ਉਮਰ ਵਿੱਚ ਕਲਕੱਤਾ ਪੁਲਿਸ ਵਿੱਚ ਭਰਤੀ ਹੋ ਗਿਆ। ਵਿਲੀਅਮ ਹਾਪਕਿਨਸਨ ਜਿੱਥੇ ਅੰਗਰੇਜ਼ੀ ਅਤੇ ਹਿੰਦੀ ਬੋਲ ਸਕਦਾ ਸੀ, ਉੱਥੇ ਕੁਝ ਸਮਾਂ ਪੰਜਾਬ ‘ਚ ਰਹਿਣ ਕਾਰਨ ਉਸ ਨੂੰ ਪੰਜਾਬੀ ਵੀ ਸਮਝ ਆਉਂਦੀ ਸੀ। ਉਸਦੇ ਅੰਦਰ ਇਸ ਗੱਲ ਦੀ ਤੀਬਰ ਇੱਛਾ ਸੀ ਕਿ ਉਹ ਜਲਦੀ ਤੋਂ ਜਲਦੀ ਅੰਗਰੇਜ਼ ਸਰਕਾਰ ਖਿਲਾਫ ਲੜ ਰਹੇ ‘ਬਾਗੀਆਂ ਦਾ ਖਾਤਮਾ’ ਕਰ ਅਤੇ ‘ਚਿੱਟੀ ਚਮੜੀ ਦੀ ਰਾਜ ਸੱਤਾ ਅਤੇ ਉੱਤਮਤਾ’ ਦੇ ਹੱਕ ਵਿੱਚ ਭੁਗਤੇ।
   ਵਿਲੀਅਮ ਹਾਪਕਿਨਸਨ 1908 ਵਿੱਚ ਕੈਨੇਡਾ ਪਹੁੰਚਿਆ, ਜਿੱਥੇ ਉਸ ਨੇ ਇੱਕ ਦੁਕਾਨਦਾਰ ਵਜੋਂ ਆਪਣਾ ਸਫਰ ਸ਼ੁਰੂ ਕੀਤਾ। ਕੁਝ ਸਮੇਂ ਬਾਅਦ ਹੀ ਹਾਪਕਿਨਸਨ ਨੇ ਕੈਨੇਡਾ ਦੇ ਕਿਰਤ ਉਪ ਮੰਤਰੀ ਮਕੈਂਜੀ ਕਿੰਗ ਨਾਲ ਮੁਲਾਕਾਤ ਕੀਤੀ। ਉਸ ਨੇ ‘ਟਾਈਮਜ਼ ਆਫ ਲੰਡਨ’ ਦੇ ਇੱਕ ਪੱਤਰਕਾਰ ਵੱਲੋਂ 1908 ਵਿੱਚ ਭਾਰਤੀ ਬ੍ਰਿਟਿਸ਼ ਹਕੂਮਤ ਦੇ ਬਾਗੀਆਂ ਦੀਆਂ ਗਤੀਵਿਧੀਆਂ ਬਾਰੇ ਪ੍ਰਕਾਸ਼ਤ ਇਕ ਰਿਪੋਰਟ ਲਈ ਵੱਧ ਤੋਂ ਵੱਧ ਖੁਫੀਆ ਜਾਣਕਾਰੀ ਮੁਹਈਆ ਕੀਤੀ। ਛੇਤੀ ਹੀ ਹਾਪਕਿਨਸਨ ਕੈਨੇਡਾ ਵਿੱਚ ਬ੍ਰਿਟਿਸ਼ ਭਾਰਤ ਦੇ ਏਜੰਟ, ਲੰਡਨ ਦੇ ਏਜੰਟ ਅਤੇ ਡੋਮੀਨੀਅਨ ਕੈਨੇਡਾ ਦੇ ਕਰਿੰਦੇ ਵਜੋਂ ਇਮੀਗ੍ਰੇਸ਼ਨ ਅਧਿਕਾਰੀ ਅਤੇ ਸੂਹੀਏ ਦੇ ਕੰਮ ਕਰਨ ਲੱਗਾ। ਕੈਨੇਡਾ ਦੇ ਗਵਰਨਰ ਜਨਰਲ ਲਾਰਡ ਗ੍ਰੇ ਅਤੇ ਇਸ ਤੋਂ ਇਲਾਵਾ ਬ੍ਰਿਟਿਸ਼ ਹਾਂਡੂਰਸ ਦੇ ਗਵਰਨਰ ਕਰਨਲ ਕਿੰਗ, ਕੈਨੇਡੀਅਨ ਸਰਕਾਰ ਲਈ ਕੰਮ ਕਰਦੇ ਈ ਜੀ ਸਵੈਨ ਸਮੇਤ ਸਾਰਿਆਂ ਨਾਲ ਸੰਪਰਕ ਕਾਇਮ ਕਰ ਲਿਆ। ਅੰਗਰੇਜ਼ੀ, ਹਿੰਦੀ ਤੋਂ ਇਲਾਵਾ ਪੰਜਾਬੀ ਰਾਹੀਂ ਹਾਪਕਿਨਸਨ ਨੇ ਇਥੋਂ ਦੀ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੰਸਥਾ ਵਿੱਚ ਘੁਸਪੈਠ ਕਰ ਲਿਆ।
     ਕੈਨੇਡਾ ਵਿੱਚ ਬ੍ਰਿਟਿਸ਼ ਭਾਰਤ ਦੇ ਏਜੰਟ ਹਾਪਕਿਨਸਨ ਨੇ ਬੇਲਾ ਜਿਆਣ ਵਰਗੇ ਲਾਲਚੀ, ਵਿਕਾਊ ਅਤੇ ਗੱਦਾਰ ਅਤੇ ਝੋਲੀਚੁੱਕ ਲੱਭੇ ਅਤੇ ਹਿੰਦੁਸਤਾਨੀ ਬ੍ਰਿਟਿਸ਼ ਹਕੂਮਤ ਖਿਲਾਫ ਲੜਨ ਵਾਲੇ ਗਦਰੀ ਬਾਬਿਆਂ ਅਤੇ ਸਿੱਖ ਜੁਝਾਰੂਆਂ ਨੂੰ ਖਤਮ ਕਰਨ ਦਾ ਨਿਸ਼ਚਾ ਕਰ ਲਿਆ। ਹਾਪਕਿਨਸਨ ਦੀਆਂ ਨਸਲਵਾਦੀ ਅਤੇ ਭਰਿਸ਼ਟਾਚਾਰੂ ਕਾਰਵਾਈਆਂ ਜ਼ਾਹਿਰ ਹੋਣ ਲੱਗੀਆਂ, ਪਰ ਹਕੂਮਤ ਨੇ ਆਪਣੇ ਪਾਲੇ ਹੋਏ ਸੂਹੀਏ ਦਾ ਹਰ ਤਰ੍ਹਾਂ ਬਚਾਓ ਕੀਤਾ। ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਅਧੀਨ ਐਂਗਲੋ-ਇੰਡੀਅਨ ਹਾਪਕਿਨਸਨ ਨੇ ਕੈਨੇਡਾ ਵਸਦੇ ਭਾਰਤੀਆਂ ਨੂੰ ਦੋ ਧਿਰਾਂ ਵਿੱਚ ਵੰਡ ਦਿੱਤਾ। ਉਸ ਨੇ ਕੈਨੇਡਾ ਵਸਦੇ ਸਿੱਖਾਂ ਅਤੇ ਭਾਰਤੀਆਂ ਨੂੰ ਇਥੋਂ ਕੱਢਣ ਲਈ ਹਾਂਡੂਰਸ ਦੀ ਸਾਜ਼ਿਸ਼ ਰਚੀ, ਭਾਰਤੀਆਂ ਖਿਲਾਫ ਨਸਲੀ ਕਾਲੇ ਕਾਨੂੰਨਾਂ ਲਈ ਸਰਗਰਮੀ ਦਿਖਾਈ ਤੇ ਗੁਰੂ ਨਾਨਕ ਜਹਾਜ਼ ਵਾਪਸ ਮੋੜੇ ਜਾਣ ਦੀ ਸਾਜਿਸ਼ ਦਾ ਮੁੱਖ ਭਾਗੀ ਬਣਿਆ। ਕਹਿਣ ਦਾ ਭਾਵ, ਕੋਈ ਵੀ ਅਜਿਹੀ ਨਫਰਤੀ ਅਤੇ ਨਸਲੀ ਗਤੀਵਿਧੀ ਨਹੀਂ ਸੀ, ਜਿਸ ਵਿੱਚ ਹਾਪਕਿਨਸਨ ਨੇ ਕੋਈ ਸਾਜਿਸ਼ ਨਾ ਰਚੀ ਹੋਵੇ।
      ਹਾਪਕਿਨਸਨ ਦੀ ਸਭ ਤੋਂ ਵੱਡੀ ਜ਼ਾਲਮਾਨਾ ਕਾਰਵਾਈ ਆਪਣੇ ਏਜੰਟਾਂ ਰਾਹੀਂ ਗੁਰਦੁਆਰਾ ਸਾਹਿਬ ਦੇ ਅੰਦਰ ਸਿੱਖਾਂ ਨੂੰ ਸ਼ਹੀਦ ਕਰਵਾਉਣ ਦੀ ਸੀ। ਗੁਰਦੁਆਰਾ ਸਾਹਿਬ ਵਿਖੇ ਗੋਲੀਆਂ ਚਲਾ ਕੇ ਦੋ ਸਿੱਖਾਂ ਦੀ ਹੱਤਿਆ ਕਰਵਾਉਣ ਦੇ ਭਿਅੰਕਰ ਦੋਸ਼ ਕਰ ਕੇ ਅੱਜ ਤੋਂ 111 ਵਰ੍ਹੇ ਪਹਿਲਾਂ, ਵੈਨਕੂਵਰ ਸ਼ਹਿਰ ਦੀ ਬ੍ਰਿਟਿਸ਼ ਕੋਲੰਬਿਆਂ ਪ੍ਰੋਵਿੰਸ਼ਿਅਲ ਕੋਰਟ ਵਿੱਚ, ਮੁਕੱਦਮੇ ਦੌਰਾਨ ਭਾਈ ਮੇਵਾ ਸਿੰਘ ਨੇ ਵਿਲੀਅਮ ਚਾਰਲਸ ਹਾਪਕਿਨਸਨ ਨੂੰ ਸੋਧਿਆ ਤੇ ਮਗਰੋਂ ਖ਼ੁਦ ਨੂੰ ਪੁਲਿਸ ਹਵਾਲੇ ਕਰ ਦਿੱਤਾ। ਇਹ ਕਹਾਣੀ ਊਧਮ ਸਿੰਘ ਵਲੋਂ ਲੰਡਨ ‘ਚ ਪੰਜਾਬ ਦੇ ਸਾਬਕਾ ਗਵਰਨਰ, ਮਾਈਕਲ ਉਡਵਾਇਰ ਨੂੰ ਸੰਨ 1940 ਵਿੱਚ ਮਾਰਨ ਨਾਲ ਕਾਫੀ ਮਿਲਦੀ ਹੈ। ਸ਼ਹੀਦ ਮੇਵਾ ਸਿੰਘ ਨੇ ਇਹ ਕਾਰਨਾਮਾ ਸ਼ਹੀਦ ਊਧਮ ਸਿੰਘ ਦੇ ਇਨਕਲਾਬੀ ਕਦਮ ਤੋਂ 26 ਸਾਲ ਪਹਿਲਾਂ ਕੀਤਾ ਸੀ, ਜਿਹੜਾ ਇਤਿਹਾਸ ਦੀਆਂ ਕਿਤਾਬਾਂ ਦੇ ਅਣਗੌਲੇ ਪੰਨਿਆਂ ‘ਚ ਹੀ ਗੁਆਚ ਗਿਆ। ਕਿੰਨਾ ਚੰਗਾ ਹੋਵੇ ਸਕੂਲਾਂ ਦੀਆਂ ਕਿਤਾਬਾਂ ਵਿੱਚ ਸ਼ਹੀਦ ਮੇਵਾ ਸਿੰਘ ਦੀ ਕੁਰਬਾਨੀ ਬਾਰੇ ਪੜ੍ਹਾਇਆ ਜਾਵੇ ਤੇ ਉਨ੍ਹਾਂ ਦੀ ਯਾਦਗਾਰ ਸਥਾਪਤ ਕਰਕੇ, ਆਉਣ ਵਾਲੀਆਂ ਪੀੜ੍ਹੀਆਂ ਲਈ ਸੇਧ ਲਈ ਜਾਵੇ।
     ਸ਼ਹੀਦ ਭਾਈ ਮੇਵਾ ਸਿੰਘ ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਜਿਲ੍ਹੇ ‘ਚ ਪੈਂਦੇ ਪਿੰਡ ਲੋਪੋਕੇ, ਤਹਿਸੀਲ ਅਜਨਾਲਾ ਵਿਖੇ ਸੰਨ 1880 ਨੂੰ ਸ. ਨੰਦ ਸਿੰਘ ਔਲਖ ਦੇ ਘਰ ਹੋਇਆ। ਸਿੱਖੀ ਪਿਛੋਕੜ ਨਾਲ ਸਬੰਧਤ ਪਰਿਵਾਰ ਵਾਲੇ ਮੇਵਾ ਸਿੰਘ 20ਵੀਂ ਸਦੀ ਦੇ ਸ਼ੁਰੂ ‘ਚ ਹੋਰਨਾਂ ਪੰਜਾਬੀਆਂ ਵਾਂਗ ਸੁਨਹਿਰੀ ਭਵਿੱਖ ਸਿਰਜਨ ਲਈ 1906 ਈਂ ਵਿੱਚ ਵੈਨਕੂਵਰ ਆ ਵਸੇ।
ਕੈਨੇਡਾ ਦੀ ਨਸਲਵਾਦੀ ਸਰਕਾਰ ਏਸ਼ੀਆਈ ਲੋਕਾਂ ਖਿਲਾਫ਼ ਕਾਲੇ ਕਾਨੂੰਨ ਬਣਾ ਰਹੀ ਸੀ, ਜਿਸ ਦੀ ਸਭ ਤੋਂ ਘਿਨਾਉਣੀ ਮਿਸਾਲ, 1907 ਵਿੱਚ ਭਾਰਤੀਆਂ ਤੋਂ ਵੋਟ ਦਾ ਹੱਕ ਵਾਪਸ ਲੈਣਾ ਵੀ ਸ਼ਾਮਿਲ ਸੀ। ਭਾਈ ਮੇਵਾ ਭਾਵੇਂ ਕਿਰਤੀ ਵਜੋਂ ਨਿਊ ਵੈਸਟਮਿਨਿਸਟਰ ਦੀ ਫਰੇਜ਼ਰ ਮਿੱਲ ‘ਚ ਕੰਮ ਕਰਦੇ ਸਨ, ਪਰ ਉਨ੍ਹਾਂ ਦਾ ਸੰਪਰਕ ਆਜ਼ਾਦੀ ਲਈ ਜੂਝਣ ਵਾਲੇ ਸਿੱਖ ਆਗੂਆਂ ਨਾਲ ਲਗਾਤਾਰ ਬਣਿਆ ਰਹਿੰਦਾ ਸੀ। ਇੱਥੇ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਅਜਿਹੇ ਸੱਚੇ -ਸੁੱਚੇ ਮਨੁੱਖਾਂ ਅੰਦਰ ਆਜ਼ਾਦੀ ਦੀ ਚਿਣਗ ਕਿਤੇ ਨਾ ਕਿਤੇ ਅਵਚੇਤਨ ਮਨ ਅਤੇ ਪਰੋਖ ਰੂਪ ਵਿੱਚ ਪਹਿਲਾਂ ਹੀ ਮੌਜੂਦ ਸੀ। ਕੈਨੇਡਾ ਆ ਕੇ ਉਸ ਨੂੰ ਨਸਲਵਾਦ ਅਤੇ ਵਿਤਕਰਿਆਂ ਦੇ ਮਾਹੌਲ ਨੇ ਹੋਰ ਹਵਾ ਦਿੱਤੀ। ਜੋ ਲੇਖਕ ਇਹ ਸਾਬਤ ਕਰ ਦੀ ਕੋਸ਼ਿਸ਼ ਕਰਦੇ ਹਨ ਕਿ ਗਦਰੀ ਯੋਧਿਆਂ ਅੰਦਰ ਜਾਗ੍ਰਿਤੀ ਕੇਵਲ ਬਾਹਰਲੇ ਮੁਲਕਾਂ ਜਾਂ ਬਾਹਰੀ ਫਲਸਫਿਆਂ ਕਰਕੇ ਆਈ ਸੀ, ਉਹ ਭੁਲੇਖੇ ਪੈਦਾ ਕਰਦੇ ਹਨ।
     ਕੈਨੇਡਾ ਦੀ ਪਹਿਲੀ ਸੰਸਥਾ ਖਾਲਸਾ ਦੀਵਾਨ ਸੁਸਾਇਟੀ, ਵੈਨਕੂਵਰ ਦੇ ਪਹਿਲੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਵਿੱਚ ਭਾਈ ਮੇਵਾ ਸਿੰਘ ਦੀ ਵਿਸ਼ੇਸ਼ ਭੂਮਿਕਾ ਸੀ। 21 ਜੂਨ 1908 ਨੂੰ ਮੇਵਾ ਸਿੰਘ ਨੇ ਅੰਮ੍ਰਿਤ ਛਕਿਆ ਅਤੇ ਆਪਣਾ ਜੀਵਨ ਜ਼ੁਲਮ ਖਿਲਾਫ਼ ਲੜਨ ਅਤੇ ਸੱਚ ‘ਤੇ ਪਹਿਰਾ ਦੇਣ ਨੂੰ ਸਮਰਪਿਤ ਕੀਤਾ। ਹੱਕ ਸੱਚ ਅਤੇ ਇਨਸਾਫ਼ ਲਈ ਮਰ-ਮਿੱਟਣ ਦੀ ਭਾਈ ਸਾਹਿਬ ਦੀ ਭਾਵਨਾ ਇਸ ਗੱਲ ਤੋਂ ਹੋਰ ਵੀ ਸਪੱਸ਼ਟ ਹੁੰਦੀ ਹੈ ਕਿ ਅਜੇ ਉਨ੍ਹਾਂ ਵਿਆਹ ਨਹੀਂ ਸੀ ਕਰਾਇਆ, ਜਦੋਂ ਉਹ ਭਰ ਜੁਆਨੀ ‘ਚ ਸ਼ਹੀਦੀ ਪਾ ਗਏ। ਭਾਈ ਮੇਵਾ ਸਿੰਘ ਦੇ ਜੀਵਨ ‘ਤੇ ‘ਗੁਰੂ ਨਾਨਕ ਜਹਾਜ਼’ ਨੂੰ ਕੈਨੇਡਾ ਤੋਂ ਵਾਪਿਸ ਮੋੜਨ ਦੀ ਘਟਨਾ ਦਾ ਡੂੰਘਾ ਅਸਰ ਪਿਆ ਸੀ। 23 ਮਈ 1914 ਨੂੰ ਬਾਬਾ ਗੁਰਦਿੱਤ ਸਿੰਘ ਸਰਹਾਲੀ ਦੀ ਅਗਵਾਈ ‘ਚ ‘ਗੁਰੂ ਨਾਨਕ ਜਹਾਜ਼’ ਦੇ ਵੈਨਕੂਵਰ ਪੁੱਜਣ ‘ਤੇ ਕੈਨੇਡਾ ਸਰਕਾਰ ਨੇ ਉਸ ਦੇ ਮੁਸਾਫਿਰਾਂ ਨੂੰ ਕੈਨੇਡਾ ਦਾਖਿਲ ਹੋਣ ਤੋਂ ਰੋਕ ਦਿੱਤਾ।
     ਭਾਈ ਮੇਵਾ ਸਿੰਘ ਸਮੇਤ ਉੱਤਰੀ ਅਮਰੀਕਾ ‘ਚ ਵਸਦੇ ਸਾਰੇ ਯੋਧਿਆਂ ਅੰਦਰ, ਇਸ ਘਟਨਾ ਨੇ ਰੋਸ ਦੀ ਲਹਿਰ ਪੈਦਾ ਕਰ ਦਿੱਤੀ। 6 ਜੁਲਾਈ,1914 ਨੂੰ ਬੀ.ਸੀ. ਅਪੀਲ ਕੋਰਟ ਨੇ ਜਹਾਜ਼ ਦੇ ਸਵਾਰਾਂ ਖਿਲਾਫ਼ ਫੈਸਲਾ ਸੁਣਾ ਕੇ, ਉਨ੍ਹਾਂ ਨੂੰ ਵਾਪਿਸ ਮੋੜਨ ਦਾ ਰਾਹ ਪੱਧਰਾ ਕਰ ਦਿੱਤਾ। ਅਜਿਹੀ ਸਥਿਤੀ ਵਿੱਚ ਗਦਰੀ ਬਾਬਿਆਂ ਨੇ ਫੈਸਲਾ ਕੀਤਾ ਕਿ ‘ਗੁਰੂ ਨਾਨਕ ਜਹਾਜ਼’ ਦੇ ਵਾਪਿਸ ਜਾਣ ਤੋਂ ਪਹਿਲਾਂ, ਇਸ ਦੇ ਸਵਾਰਾਂ ਰਾਹੀਂ, ਭਾਰਤ ਅੰਦਰ ਗਦਰ ਲਹਿਰ ਦੇ ਸਾਹਿਤ ਤੋਂ ਇਲਾਵਾ ਹਥਿਆਰ ਵੀ ਭੇਜੇ ਜਾਣ ਦਾ ਯਤਨ ਕੀਤਾ ਜਾਵੇ। ਇਸ ਮਕਸਦ ਲਈ ਵੈਨਕੂਵਰ ਦੇ ਆਗੂ ਭਾਈ ਭਾਗ ਸਿੰਘ, ਭਾਈ ਬਲਵੰਤ ਸਿੰਘ, ਭਾਈ ਹਰਨਾਮ ਸਿੰਘ ਕਾਹਰੀ ਸਾਹਰੀ ਸਮੇਤ ਭਾਈ ਮੇਵਾ ਸਿੰਘ ਕੈਨੇਡਾ ਦੀ ਸਰਹੱਦ ਪਾਰ ਕਰਕੇ ਅਮਰੀਕਾ ‘ਚ ਦਾਖਿਲ ਹੋਏ, ਜਿਥੋਂ ਹਥਿਆਰ ਖਰੀਦ ਕੇ ਅਗਲੇ ਦਿਨ ਵਾਪਿਸ ਪਰਤੇ।
   ਕੈਨੇਡਾ ਦੇ ਸ਼ਹਿਰ ਐਬਸਫੋਰਡ ਦੇ ਸੁੂਮਸ ਬਾਰਡਰ ਨੇੜਲੀਆਂ ਝਾੜੀਆਂ ਰਾਹੀਂ ਦਾਖਿਲ ਹੁੰਦਿਆਂ, ਭਾਈ ਮੇਵਾ ਸਿੰਘ ਵੀ ਬਾਕੀ ਗਦਰੀ ਆਗੂਆਂ ਸਮੇਤ ਹਥਿਆਰਾਂ ਸਣੇ ਗ੍ਰਿਫ਼ਤਾਰ ਕਰ ਲਏ ਗਏ। ਬ੍ਰਿਟਿਸ਼ ਹਿੰਦੁਸਤਾਨੀ ਸਰਕਾਰ ਦੇ ਸੂਹੀਏ ਵਿਲੀਅਮ ਹਾਪਕਿਨਸਨ ਅਤੇ ਇੰਮੀਗ੍ਰੇਸ਼ਨ ਅਧਿਕਾਰੀ ਮੈਕਲਮ ਹੀਡ ਨੇ, ਭਾਈ ਮੇਵਾ ਸਿੰਘ ਲੋਪੋਕੇ ਨੂੰ ਕਈ ਤਰ੍ਹਾਂ ਦੀ ਸਜ਼ਾ ਦੇ ਡਰਾਵੇ ‘ਤੇ ਰਿਹਾਈ ਦੇ ਲਾਲਚ ਦੇ ਕੇ ਹੋਰਨਾਂ ਗਦਰੀ ਯੋਧਿਆਂ ਖਿਲਾਫ਼ ਬਿਆਨ ਦੇਣ ਲਈ ਧਮਕਾਇਆ, ਪਰੰਤੂ ਭਾਈ ਮੇਵਾ ਸਿੰਘ ਨੇ ਝੂਠੀ ਗਵਾਹੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਮਗਰੋਂ  7 ਅਗਸਤ 1914 ਨੂੰ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਇਸ ਦੌਰਾਨ ਹੀ 23 ਜੁਲਾਈ 1914 ਨੂੰ ‘ਗੁਰੂ ਨਾਨਕ ਜਹਾਜ਼’ ਵੈਨਕੂਵਰ ਦੀ ਬੰਦਰਗਾਹ ਤੋਂ ਮੋੜ ਦਿੱਤਾ ਗਿਆ ਸੀ, ਜਿਸ ਕਰਕੇ ਗਦਰੀ ਯੋਧਿਆਂ ਅੰਦਰ ਬ੍ਰਿਟਿਸ਼ ਸਾਮਰਾਜ ਖਿਲਾਫ਼ ਵਿਰੋਧ ਸਿਖਰਾਂ ‘ਤੇ ਸੀ।
    ਪਹਿਲਾ ਵਿਸ਼ਵ ਯੁੱਧ ਸ਼ੁਰੂ ਹੁੰਦਿਆਂ ਸਾਰ ਕੈਨੇਡਾ ਤੇ ਅਮਰੀਕਾ ਦੇ ਬਹੁਤ ਸਾਰੇ ਗਦਰੀ ਬਾਬੇ, ਭਾਰਤ ਨੂੰ ਆਜ਼ਾਦ ਕਰਾਉਣ ਲਈ ਰਵਾਨਾ ਹੋਣ ਲੱਗੇ, ਤਾਂ ਸਰਕਾਰੀ ਪਿੱਠੂ ਤੇ ਕੌਮੀ ਗੱਦਾਰ ਬੇਲੇ ਜਿਆਣ ਨੇ ਹਿੰਦੁਸਤਾਨੀ ਬ੍ਰਿਟਿਸ਼ ਸਰਕਾਰ ਦੀ ਏਜੰਟ ਹਾਪਕਿਨਸਨ ਦੀ ਸ਼ਹਿ ‘ਤੇ ਵਹਿਸ਼ੀਆਨਾ ਕਾਰਵਾਈ ਕਰਦਿਆਂ, 5 ਸਤੰਬਰ 1914 ਨੂੰ ਵੈਨਕੂਵਰ ਦੇ ਗੁਰਦੁਆਰਾ ਸਾਹਿਬ ਵਿਖੇ ਗੋਲੀਆਂ ਚਲਾ ਦਿੱਤੀਆਂ। ਦੀਵਾਨ ਹਾਲ ਅੰਦਰ ਸੁਸਾਇਟੀ ਦੇ ਪ੍ਰਧਾਨ ਭਾਈ ਭਾਗ ਸਿੰਘ ਅਤੇ ਭਾਈ ਬਤਨ ਸਿੰਘ ਸ਼ਹੀਦੀਆਂ ਪਾ ਗਏ। ਗੁਰਦੁਆਰੇ ਅੰਦਰ ਮੌਜੂਦ ਸੰਗਤ ਵਿਚੋਂ ਕਈ ਹੋਰ ਵਿਅਕਤੀ ਜ਼ਖਮੀ ਵੀ ਹੋਏ, ਜਿੰਨਾ ਵਿੱਚ ਭਾਈ ਦਲੀਪ ਸਿੰਘ ਫਾਲਾ, ਭਾਈ ਉੱਤਮ ਸਿੰਘ ਨੂਰਪੁਰੀ, ਭਾਈ ਲਾਭ ਸਿੰਘ ਤੇ ਭਾਈ ਜਵਾਲਾ ਸਿੰਘ ਸ਼ੇਖ ਦੌਲਤ ਆਦਿ ਦਰਜਨ ਤੋਂ ਵੱਧ ਵਿਅਕਤੀ ਸ਼ਾਮਿਲ ਸਨ। ਇਹ ਘਟਨਾ ਕੈਨੇਡਾ ਦੇ ਸਿੱਖ ਇਤਿਹਾਸ ਦਾ ਸਭ ਤੋਂ ਦਰਦਨਾਕ ਪੰਨਾ ਸੀ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿੱਖ ਆਗੂਆਂ ਨੂੰ ਸ਼ਹੀਦ ਕੀਤਾ ਗਿਆ ਹੋਵੇ। ਨੌਜਵਾਨ ਭਾਈ ਮੇਵਾ ਸਿੰਘ ਉਸ ਵੇਲੇ ਸੰਗਤਾਂ ਵਿੱਚ ਮੌਜੂਦ ਸਨ, ਜਿਨ੍ਹਾਂ ਦੇ ਹਿਰਦੇ ਨੂੰ ਇਸ ਘਟਨਾ ਨੇ ਵਲੂੰਧਰ ਦਿੱਤਾ। ਭਾਈ ਮੇਵਾ ਸਿੰਘ ਲੋਪੋਕੇ ਦੀ ਨਜ਼ਰ ‘ਚ ਇਸ ਦੁਖਾਂਤ ਲਈ ਹਾਪਕਿਨਸਨ ਤੇ ਰੀਡ ਮੁੱਖ ਦੋਸ਼ੀ ਸਨ, ਜਿਨ੍ਹਾਂ ਵਲੋਂ ਇਹ ਸਾਰਾ ਕਾਰਾ ਕਰਵਾਇਆ ਗਿਆ।
     ਹਿੰਦੁਸਤਾਨੀ ਅੰਗਰੇਜ਼ ਸਰਕਾਰ ਦੇ ਝੋਲੀ ਚੁੱਕ ਤੇ ਗ਼ੱਦਾਰ ਬੇਲਾ ਜਿਆਣ ਖਿਲਾਫ਼, ਵੈਨਕੂਵਰ ਦੀ ਸੂਬਾਈ ਅਦਾਲਤ ਵਿੱਚ, ਗੁਰਦੁਆਰੇ ਅੰਦਰ ਗੋਲੀ ਚਲਾ ਕੇ ਸਿੰਘਾਂ ਨੂੰ ਸ਼ਹੀਦ ਕਰਨ ਦਾ ਮੁਕੱਦਮਾ ਚੱਲ ਰਿਹਾ ਸੀ, ਜਿਸ ਵਿੱਚ ਵਿਲੀਅਮ ਹਾਪਕਿਨਸਨ ਗਵਾਹੀ ਦੇਣ ਲਈ ਅਦਾਲਤ ਵਿੱਚ ਪੁੱਜਿਆ। ਅਜੇ ਹਾਪਕਿਨਸਨ ਬਰਾਂਡੇ ਵਿੱਚ ਹੀ ਸੀ, ਜਦੋਂ ਭਾਈ ਮੇਵਾ ਸਿੰਘ ਨੇ ਉਸ ਨੂੰ ਦਬੋਚ ਲਿਆ ਤੇ ਆਪਣੇ ਪਿਸਤੌਲ ਅਤੇ ਰਿਵਾਲਵਰ ਦੋਹਾਂ ਹੱਥਾਂ ‘ਚ ਵਾਰੀ-ਵਾਰੀ ਲੈ ਕੇ, ਗੋਲੀਆਂ ਦਾਗ਼ ਦਿੱਤੀਆਂ। ਹਿੰਦ ਸਰਕਾਰ ਦਾ ਸੂਹੀਆ ਵਿਲੀਅਮ ਚਾਰਲਸ ਹਾਪਕਿਨਸਨ ਮੌਕੇ ‘ਤੇ ਹੀ ਮਾਰਿਆ ਗਿਆ ਤੇ ਭਾਈ ਸਾਹਿਬ ਨੇ ਖ਼ੁਦ ਨੂੰ ਹਥਿਆਰਾਂ ਸਮੇਤ ਪੁਲਿਸ ਹਵਾਲੇ ਕਰ ਦਿੱਤਾ। ਹਿੰਦੁਸਤਾਨ, ਬਰਤਾਨੀਆ ਅਤੇ ਡੋਮੇਨੀਅਨ ਕੈਨੇਡੀਅਨ ਹਕੂਮਤਾਂ ਦਾ ਤੀਹਰਾ ਏਜੰਟ ਵਿਲੀਅਮ ਹਾਪਕਿਨਸਨ ਸਾਰਿਆਂ ਲਈ ‘ਮਹੱਤਵਪੂਰਨ’ ਸੀ ਅਤੇ ਉਸ ਨੂੰ ਦਫਨਾਉਣ ਸਮੇਂ 2000 ਦੇ ਕਰੀਬ ਪੁਲਿਸ ਕਰਮਚਾਰੀ, ਫਾਇਰਮੈਨ, ਇਮੀਗ੍ਰੇਸ਼ਨ ਅਤੇ ਕਸਟਮ ਅਧਿਕਾਰੀ ਸ਼ਾਮਿਲ ਹੋਏ ਤੇ ਵੱਡਾ ਮਾਰਚ ਕੀਤਾ ਗਿਆ।
    30 ਅਕਤੂਬਰ 1914 ਨੂੰ ਭਾਈ ਮੇਵਾ ਸਿੰਘ ਤੇ ਮੁਕੱਦਮੇ ਦੀ ਸੁਣਵਾਈ ਲਈ, ਬੀ.ਸੀ. ਸੁਪਰੀਮ ਕੋਰਟ ਦੇ ਜੱਜ ਮਿਸਟਰ ਆਈਲੇ ਮੌਰੀਸਨ ਵਲੋਂ 12 ਮੈਂਬਰੀ ਜਿਊਰੀ ਚੁਣੀ ਗਈ। ਭਾਈ ਸਾਹਿਬ ਦੇ ਵਕੀਲ ਮਿਸਟਰ ਵੁੱਡ ਅਤੇ ਸਰਕਾਰੀ ਵਕੀਲ ਮਿਸਟਰ ਟੇਲਰ ਸਨ। ਅਦਾਲਤ ‘ਚ ਇੱਕ ਹਜ਼ਾਰ ਦੇ ਕਰੀਬ ਲੋਕ ਹਾਜ਼ਰ ਸਨ, ਜਿੰਨਾਂ ‘ਚੋਂ ਚਾਰ ਕੁ ਹੀ ਭਾਰਤੀ ਸਨ। ਇਸ ਮੌਕੇ ‘ਤੇ ਭਾਈ ਮੇਵਾ ਸਿੰਘ ਨੇ ਜੋ ਬਿਆਨ ਦਿੱਤੇ, ਉਹ ਬਹਾਦਰੀ ਨੇ ਨਿਡੱਰਤਾ ਪੱਖੋਂ ਖਾਸ ਅਹਿਮੀਅਤ ਰੱਖਦੇ ਸਨ। ਅਦਾਲਤ ਵਿਚ ਅਨੁਵਾਦਕ ਡਾਲਟਨ ਵਲੋਂ, ਭਾਈ ਸਾਹਿਬ ਦੇ ਬਿਆਨ ਜੱਜ ਅੱਗੇ ਰੱਖੇ ਗਏ : ”ਮੇਰਾ ਨਾਂ ਮੇਵਾ ਸਿੰਘ ਹੈ, ਮੈਂ ਰੱਬ ਤੋਂ ਡਰਨ ਵਾਲਾ ਬੰਦਾ ਹਾਂ, ਜੋ ਹਰ ਰੋਜ਼ ਅਰਦਾਸ ਕਰਦਾ ਹਾਂ। ਮੇਰੀ ਜ਼ਬਾਨ ਵਿੱਚ ਐਸੇ ਸ਼ਬਦ ਨਹੀਂ, ਜੋ ਬਿਆਨ ਕਰ ਸਕਣ ਕਿ ਵੈਨਕੂਵਰ ਵਿੱਚ ਮੈਨੂੰ ਕਿਹੜੇ-ਕਿਹੜੇ ਦੁੱਖ, ਮੁਸੀਬਤਾਂ ਅਤੇ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ ਹਨ… ਅਸੀਂ ਸਿੱਖ ਗੁਰਦੁਆਰੇ ‘ਚ ਅਰਦਾਸ ਕਰਨ ਜਾਂਦੇ ਹਾਂ ਪਰ ਇਨ੍ਹਾਂ ਪਾਪੀਆਂ ਨੇ ਗੁਰੁਦਆਰੇ ‘ਚ ਗੋਲੀ ਚਲਾਕੇ ਅਤੇ ਭਾਈ ਭਾਗ ਸਿੰਘ ਦਾ ਕਤਲ ਕਰਕੇ, ਗੁਰਦੁਆਰੇ ਦੀ ਪਵਿੱਤਰਤਾ ਭੰਗ ਕੀਤੀ ਹੈ। ਇਨ੍ਹਾਂ ਪਾਪੀਆਂ ਨੇ ਦੋ ਮਾਸੂਮ ਬੱਚਿਆਂ ਨੂੰ ਯਤੀਮ ਬਣਾਇਆ ਹੈ। ਦੁਸ਼ਟਾਂ ਵਲੋਂ ਗੁਰਦੁਆਰੇ ‘ਚ ਕੀਤੇ ਇਨ੍ਹਾਂ ਕਾਰਿਆਂ ਨੇ ਮੇਰੇ ਸੀਨੇ ‘ਚ ਅੱਗ ਲਾ ਦਿੱਤੀ ਹੈ।
”ਮੈਂ ਆਪਣੇ ਭਾਈਚਾਰੇ ਅਤੇ ਆਪਣੇ ਧਰਮ ਦੀ ਅਣਖ ਅਤੇ ਇੱਜ਼ਤ ਲਈ, ਹਾਪਕਿਨਸਨ ਦਾ ਕਤਲ ਕੀਤਾ ਹੈ। ਮੈਂ ਇਹ ਸਭ ਕੁਝ ਬਰਦਾਸ਼ਤ ਨਹੀਂ ਸੀ ਕਰ ਸਕਦਾ। ਜੱਜ ਸਾਹਿਬ, ਜੇ ਇਹ ਸਭ ਕੁਝ ਤੁਹਾਡੇ ਚਰਚ ਵਿੱਚ ਹੋਇਆ ਹੁੰਦਾ, ਤਾਂ ਤੁਸੀਂ ਈਸਾਈਆਂ ਨੇ ਵੀ ਬਰਦਾਸ਼ਤ ਨਹੀਂ ਸੀ ਕਰਨਾ, ਕਿਉਂਕਿ ਅਜਿਹਾ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਮੁਰਦਾ ਕੌਮ ਸਮਝਣਾ ਸੀ। ਕਿਸੇ ਸਿੱਖ ਲਈ ਵੀ ਗੁਰਦੁਆਰੇ ‘ਚ ਇਹ ਸਭ ਕੁਝ ਹੁੰਦਾ ਵੇਖਣ ਨਾਲੋਂ, ਮਰ ਜਾਣਾ ਚੰਗਾ ਹੈ। ਮੈਨੂੰ ਕਿਸੇ ਇਨਸਾਫ਼ ਦੀ ਆਸ ਨਹੀਂ। ਮੈਨੂੰ ਪਤਾ ਹੈ ਕਿ ਮੈ ਹਾਪਕਿਨਸਨ ਨੂੰ ਗੋਲ਼ੀ ਮਾਰੀ ਹੈ ਅਤੇ ਇਸ ਵਾਸਤੇ ਮੈਨੂੰ ਮਰਨਾ ਪਵੇਗਾ। ਮੈ ਇਹ ਬਿਆਨ ਇਸ ਕਰਕੇ ਦੇ ਰਿਹਾ ਹਾਂ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਨਾਲ ਕੀ ਵਰਤਾਉ ਹੁੰਦਾ ਰਿਹਾ ਹੈ। ਸਾਨੂੰ ਜੱਜਾਂ ਕੋਲੋਂ, ਪੁਲਿਸ ਕੋਲੋਂ ਜਾਂ ਕਿਸੇ ਹੋਰ ਕੋਲੋਂ ਕਦੀ ਇਨਸਾਫ਼ ਨਹੀਂ ਮਿਲਿਆ ਅਤੇ ਮੈਂ ਆਪਣੀ ਜਾਨ ਇਸੇ ਕਰਕੇ ਦੇ ਰਿਹਾ ਹਾਂ, ਤਾਂ ਜੋ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਸਕੇ…।” ਭਾਈ ਮੇਵਾ ਸਿੰਘ ਦਾ ਵੈਨਕੂਵਰ ਦੀ ਅਦਾਲਤ ਵਿੱਚ ਦਿੱਤਾ ਬਿਆਨ ਇਤਿਹਾਸਕ ਦਸਤਾਵੇਜ਼ ਹੈ, ਜਿਸ ‘ਚ ਉਨ੍ਹਾਂ ਪ੍ਰਵਾਸੀਆਂ ਅਤੇ ਘੱਟ ਗਿਣਤੀ ਭਾਈਚਾਰਿਆਂ ਨਾਲ ਹੁੰਦੇ ਵਰਤਾਉ ਦੀ ਦਿਲਕੰਬਾਊ ਤਸਵੀਰ ਪੇਸ਼ ਕੀਤੀ ਹੈ।
      ਨਸਲਵਾਦੀ ਹਾਪਕਿਨਸਨ ਦੇ ਕਤਲ ਦੀ ਜ਼ਿੰਮੇਵਾਰੀ ਭਾਈ ਮੇਵਾ ਸਿੰਘ ਵਲੋਂ ਕਬੂਲਣ ਮਗਰੋਂ, ਅਦਾਲਤ ਨੇ ਸਿਰਫ਼ ਇੱਕ ਘੰਟਾ ਚਾਲੀ ਮਿੰਟ ‘ਚ ਫੈਸਲਾ ਕਰਦਿਆਂ, ਭਾਈ ਸਾਹਿਬ ਲਈ ਸਜ਼ਾ-ਏ-ਮੌਤ ਸੁਣਾ ਦਿੱਤੀ। 11 ਜਨਵਰੀ 1915 ਈ. ਨੂੰ ਨਿਊਵੈਸਟ ਮਿਨਿਸਟਰ ਦੀ ਪ੍ਰੋਵਿੰਸ਼ਿਅਲ ਜੇਲ੍ਹ ਵਿੱਚ ਭਾਈ ਮੇਵਾ ਸਿੰਘ ਗੁਰਬਾਣੀ ਦਾ ਸ਼ਬਦ ”ਹਰਿ ਜਗੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੋਰੋ” ਗਾਇਨ ਕਰਦਿਆਂ, ਹੱਸਦੇ-ਹੱਸਦੇ ਫਾਂਸੀ ਚੜ੍ਹ ਗਏ। ਜੇਲ੍ਹ ਬਾਹਰ ਚਾਰ ਸੌ ਦੇ ਕਰੀਬ ਲੋਕ ਵੈਰਾਗ ‘ਚ ‘ਸ਼ਹੀਦ ਮੇਵਾ ਸਿੰਘ ਅਮਰ ਰਹੇ’ ਦੇ ਨਾਅਰੇ ਲਾ ਕੇ, ਧਰਮੀ ਯੋਧੇ ਦੀ ‘ਜੈ ਜੈ ਕਾਰ’ ਕਰ ਰਹੇ ਸਨ।
     ਨਿਊ ਵੈਸਟਮਿਨਸਟਰ ਸ਼ਹਿਰ ਦੇ ਸਾਬਕਾ ਸਿਟੀ ਕੌਂਸਲਰ ਚੱਕਪਿੱਕਮਾਇਰ ਨੇ ਭਾਈ ਮੇਵਾ ਸਿੰਘ ਲੋਪੋਕੇ ਦੇ ਇਤਿਹਾਸ ਨੂੰ ਵਿਚਾਰਨ ਮਗਰੋਂ, ਸਿਟੀ ਕੌਂਸਲ ਵਿਚ 2020 ਨੂੰ ਮਤਾ ਲਿਆਂਦਾ ਅਤੇ 11 ਜਨਵਰੀ ਨੂੰ ‘ਸ਼ਹੀਦ ਮੇਵਾ ਸਿੰਘ ਲੋਪੋਕੇ ਦਿਨ’ ਵਜੋਂ ਪ੍ਰੋਕਲੇਮੇਸ਼ਨ ਜਾਰੀ ਕਰਵਾਇਆ। ਇਸ ਸ਼ਹਿਰ ਵਿਚ ਹੀ ਭਾਈ ਸਾਹਿਬ ਨੂੰ ਫਾਂਸੀ ਦਿੱਤੀ ਗਈ ਸੀ। ਸਾਬਕਾ ਕੌਂਸਲਰ ਚੱਕ ਪਕਮਾਇਰ ਨੂੰ ਸ਼ਹੀਦ ਭਾਈ ਮੇਵਾ ਸਿੰਘ ਜੀ ਦੀ ਸ਼ਹਾਦਤ ਦਾ ਐਲਾਨਨਾਮਾ ਜਾਰੀ ਕਰਨ, ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਅਤੇ ਭਾਰਤ ਦੇ ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼ ਨਿਭਾਈ ਇਤਿਹਾਸਕ ਭੂਮਿਕਾ ਲਈ ਸਦਾ ਚੇਤੇ ਕੀਤਾ ਜਾਂਦਾ ਰਹੇਗਾ। ਨਸਲਵਾਦ ਖ਼ਿਲਾਫ਼ ਡਟਣ ਵਾਲ਼ੇ ਸਮੂਹ ਭਾਈਚਾਰਿਆਂ ਨੂੰ ਮੰਗ ਕਰਨੀ ਚਾਹੀਦੀ ਹੈ ਕਿ ਸੂਬਾਈ ਅਤੇ ਫੈਡਰਲ ਪੱਧਰ ਦੇ ਸਿਆਸਤਦਾਨ ਭਾਈ ਮੇਵਾ ਸਿੰਘ ਦੀ ਸ਼ਹਾਦਤ ਦੇ ਸਹੀ ਅਰਥਾਂ ਨੂੰ ਵਿਚਾਰਨ ਅਤੇ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਨੂੰ ਕੈਨੇਡਾ ਵਿਚ ਮਲਟੀ-ਕਲਚਰਲਿਜ਼ਮ ਸਥਾਪਤ ਕਰਨ ਵਾਲੀ ਸ਼ਖ਼ਸੀਅਤ ਵਜੋਂ ਸਨਮਾਨ ਦਿੱਤਾ ਜਾਏ।
     21 ਅਕਤੂਬਰ 1914 ਦੇ ਇਤਿਹਾਸ ਨੂੰ ਗੰਭੀਰਤਾ ਨਾਲ ਵਿਚਾਰ ਕੇ, ਇਸ ਦਿਨ ‘ਤੇ ਫ਼ਖ਼ਰ ਮਹਿਸੂਸ ਕਰੀਏ ਕਿ ਮਹਾਨ ਯੋਧੇ ਭਾਈ ਮੇਵਾ ਸਿੰਘ ਲੋਪੋਕੇ ਨੇ ਸਿਆਸੀ ਉਦੇਸ਼ ਹਿਤ, ਕੈਨੇਡਾ ਵਿੱਚੋਂ ਚਿੱਟੇ ਨਸਲਵਾਦ ਦਾ ਅੰਤ ਕਰਨ ਲਈ ਵਿਲੀਅਮ ਹਾਪਕਿਨਸਨ ਨੂੰ ਸੋਧ ਕੇ, ਕੈਨੇਡੀਅਨ ਬਹੁ-ਸੱਭਿਆਚਾਰ ਨੂੰ ਪ੍ਰਫੁੱਲਤ ਕੀਤਾ ਹੈ। ਅੱਜ ਲੋੜ ਅਜਿਹੇ ਆਗੂਆਂ ਦੀ ਹੈ, ਜੋ ਭਾਈ ਮੇਵਾ ਸਿੰਘ ਦੀ ਸੋਚ ਅਨੁਸਾਰ ਮੌਜੂਦਾ ਨਸਲਵਾਦੀ ਅਤੇ ਫਾਸ਼ੀਵਾਦੀ ਤਾਕਤਾਂ ਖ਼ਿਲਾਫ਼ ਡਟਣ। ਹਾਪਕਿਨਸਨ ਅਤੇ ਬੇਲੇ ਵਰਗਿਆਂ ਦੇ ਵਾਰਿਸ ਅੱਜ ਵੀ ਖ਼ਤਮ ਨਹੀਂ ਹੋਏ, ਜਿਸ ਕਰਕੇ ਸ਼ਹੀਦ ਮੇਵਾ ਸਿੰਘ ਲੋਪੋਕੇ ਦੇ ਵਾਰਿਸਾਂ ਨੂੰ ਤਕੜੇ ਹੋ ਕੇ ਮੈਦਾਨ ਵਿੱਚ ਨਿੱਤਰਨ ਦੀ ਲੋੜ ਹੈ, ਤਾਂ ਕਿ ਨਸਲਵਾਦੀ, ਬਸਤੀਵਾਦੀ ਅਤੇ ਮਨੁੱਖੀ ਹੱਕਾਂ ਨੂੰ ਕੁਚਲਣ ਵਾਲੀਆਂ ਹਕੂਮਤਾਂ ਖਿਲਾਫ਼ ਜੰਗ ਜਾਰੀ ਰੱਖਿਆ ਜਾ ਸਕੇ। ਅਜਿਹੇ ਕਦਮ ਨਸਲਵਾਦ ਦੇ ਮੁਕੰਮਲ ਖਾਤਮੇ ਵਿੱਚ ਸਹਾਈ ਸਿਧ ਹੋਣਗੇ।
Share

Westbound Highway 1 Reopens Through Abbotsford

Surrey Mayor Urges Ottawa to Tighten Immigration Laws After Extortion Suspects Seek Refugee Status

Evacuation order issued in Fraser Valley

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News