ਮਿਸ਼ਨ – ਕੈਨੇਡਾ ਵੱਸਦੇ ਉੱਘੇ ਲੇਖਕ ਅਤੇ ਪੱਤਰਕਾਰ ਸੁਖਮੰਦਰ ਸਿੰਘ ਬਰਾੜ ਭਗਤਾ ਭਾਈ ਕਾ ਦੇ ਘਰ ਨੂੰ ਅੱਗ ਲੱਗਣ ਦੀ ਖ਼ਬਰ ਹੈ। ਭਗਤਾ ਭਾਈਕਾ ਵਾਲੇ ਬਰਾੜ ਆਪਣੇ ਪਰਿਵਾਰ ਨਾਲ ਵੈਨਕੂਵਰ ਤੋਂ ਚੜ੍ਹਦੇ ਵਾਲੇ ਪਾਸੇ ਸਰੀ ਸ਼ਹਿਰ ਤੋਂ ਤਕਰੀਬਨ 40 ਕਿਲੋਮੀਟਰ ਦੂਰ ਮਿਸ਼ਨ ਸ਼ਹਿਰ ਵਿੱਚ ਰਹਿੰਦੇ ਹਨ । ਅੱਗ ਲੱਗਣ ਦੀ ਘਟਨਾ ਵੀਰਵਾਰ ਸਵੇਰੇ ਗਿਆਰਾਂ ਵਜੇ ਵਾਪਰੀ ਜਦੋ ਅਜੇ ਪਰਿਵਾਰ ਦੇ ਕੁਝ ਮੈਂਬਰ ਸੁੱਤੇ ਪਏ ਸਨ । ਅੱਗ ਘਰ ਦੇ ਗੈਰਾਜ ਤੋਂ ਸ਼ੁਰੂ ਹੋਈ ਦੱਸੀ ਗਈ ਹੈ । ਮੌਕੇ ਤੇ ਪਹੁੰਚੇ ਅੱਗ ਬੁਝਾਊ ਅਮਲੇ ਵੱਲੋਂ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ।
ਘਰ ਦੇ ਮਾਲਕ ਸੁਖਮੰਦਰ ਸਿੰਘ ਬਰਾੜ ਨੇ ‘ਸਰੀ ਨਿਊਜ਼’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੱਲ੍ਹ ਸ਼ਾਮ ਦੇ 9:30 ਵਜੇ ਮਕਾਨ ਨੂੰ ਦੁਬਾਰਾ ਅੱਗ ਲੱਗ ਗਈ ਜਿਸ ਨਾਲ ਬਹੁਤ ਭਾਰੀ ਨੁਕਸਾਨ ਹੋ ਗਿਆ ਹੈ । ਉਨ੍ਹਾਂ ਦੱਸਿਆ ਕਿ ਸਾਰੇ ਕੱਪੜੇ ਸੜ ਕੇ ਸੁਆਹ ਹੋ ਗਏ। ਪੂਰੇ ਪਰਿਵਾਰ ਦੀਆਂ ਜੁੱਤੀਆਂ ਅਤੇ ਗੈਰਾਜ ਵਿੱਚ ਪਿਆ ਸਮਾਨ ਅੱਗ ਦੀ ਲਪੇਟ ਵਿੱਚ ਆ ਗਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ਬੁਝਾਉਣ ਲਈ ਵਰਤੇ ਗਏ ਪਾਣੀ ਨਾਲ ਵੀ ਕਾਫ਼ੀ ਨੁਕਸਾਨ ਹੋ ਗਿਆ ਹੈ । ਘਰ ਦੇ ਅੰਦਰ ਧੂੰਆਂ ਫੈਲ ਜਾਣ ਅਤੇ ਪਾਣੀ ਭਰ ਜਾਣ ਨਾਲ ਤਿੰਨ ਕਮਰੇ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ । ਅੱਗ ਲੱਗਣ ਮੌਕੇ ਘਰ ਵਿੱਚ ਦੋ ਮਹਿੰਗੀਆਂ ਟੈਸਲਾ ਗੱਡੀਆਂ ਵੀ ਖੜ੍ਹੀਆਂ ਸਨ। ਉਨ੍ਹਾਂ ਦੱਸਿਆ ਕਿ ਕੋਈ ਵੀ ਕਾਰ ਚਾਰਜ ਨਹੀਂ ਕੀਤੀ ਜਾ ਰਹੀ ਸੀ ਇਸ ਲਈ ਟੈਸਲਾ ਗੱਡੀਆਂ ਦਾ ਬਚਾਅ ਹੋ ਗਿਆ ਪਰੰਤੂ ਅੱਗ ਲੱਗਣ ਨਾਲ ਡਰਾਈਵਿੰਗ ਸਕੂਲ ਵਾਲੀ ਇੱਕ ਹਾਈਬ੍ਰਿਡ ਕਾਰ ਬੁਰੀ ਤਰਾਂ ਨੁਕਸਾਨੀ ਗਈ ਹੈ । ਅੱਗ ਲੱਗਣ ਨਾਲ ਬੇਸਮੈਂਟ ਵਾਲੇ ਦੋ ਕਮਰਿਆਂ ਦੀ ਛੱਤ ਵੀ ਡਿੱਗ ਪਈ ਹੈ । ਅੱਗ ਲੱਗਣ ਦੀ ਘਟਨਾ ਵਾਪਰਨ ਮਗਰੋਂ ਉਦਾਸ ਅਤੇ ਘਰੋ ਬੇਘਰ ਹੋਏ ਸੁਖਮੰਦਰ ਸਿੰਘ ਬਰਾੜ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਦੁਬਾਰਾ ਕਦੋਂ ਘਰ ਵਾਪਸੀ ਹੋਵੇਗੀ ।
Comments