ਫਲੋਰੀਡਾ – ਅਮਰੀਕਾ ਦੇ ਫਲੋਰੀਡਾ ਵਿੱਚ ਵਾਪਰੇ ਟਰੱਕ ਹਾਦਸੇ ਵਿੱਚ ਮੁਲਜ਼ਮ ਟਰੱਕ ਡਰਾਇਵਰ ਹਰਜਿੰਦਰ ਸਿੰਘ ਦੀ ਜ਼ਮਾਨਤ ਦੀ ਅਰਜ਼ੀ ਰੱਦ ਹੋ ਗਈ ਹੈ । ਹਰਜਿੰਦਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ, ਜਿੱਥੇ ਜੱਜ ਨੇ ਉਸ ਦੀ ਜ਼ਮਾਨਤ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ।
ਅਮਰੀਕਾ ਦੇ ਫਲੋਰੀਡਾ ਵਿੱਚ West Palm Beach ਤੋਂ 50 ਮੀਲ ਦੂਰ ਉੱਤਰ ਵਾਲੇ ਪਾਸੇ 12 ਅਗਸਤ ਨੂੰ ਵਾਪਰੇ ਇਸ ਹਾਦਸੇ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਦੀ ਡੈਸ਼ਕੈਮ ਫੁਟੇਜ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈ ਸੀ ।
ਫਲੋਰੀਡਾ ਹਾਈਵੇਅ ਸੇਫਟੀ ਐਂਡ ਮੋਟਰ ਵਹੀਕਲਜ਼ ਡਿਪਾਰਟਮੈਂਟ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਮੁਤਾਬਕ ਇਸ ਹਾਦਸੇ ਵਿੱਚ ਇੱਕ ਮਿੰਨੀ ਵੈਨ ਵਿੱਚ ਸਵਾਰ ਤਿੰਨ ਲੋਕ ਮਾਰੇ ਗਏ। ਬਿਆਨ ਵਿੱਚ ਕਿਹਾ ਗਿਆ ਹੈ ਕਿ ਸੈਮੀ-ਟਰੱਕ ਦਾ ਡਰਾਈਵਰ ਲਾਪਰਵਾਹੀ ਨਾਲ ਚਲਾ ਰਿਹਾ ਅਤੇ ਅਜਿਹੀ ਥਾਂ ਤੋਂ ਯੂ-ਟਰਨ ਲੈ ਰਿਹਾ ਸੀ ਜਿਸ ਨੂੰ ਸਿਰਫ਼ ਐਮਰਜੈਂਸੀ ਜਾਂ ਪੁਲਿਸ ਦੇ ਵਾਹਨ ਹੀ ਵਰਤ ਸਕਦੇ ਹਨ ।
ਫਲੋਰੀਡਾ ਦੇ ਅਧਿਕਾਰੀਆਂ ਮੁਤਾਬਕ ਹਰਜਿੰਦਰ ਸਿੰਘ ਗ਼ੈਰਕਾਨੂੰਨੀ ਢੰਗ ਨਾਲ ਮੈਕਸੀਕੋ ਦੀ ਸਰਹੱਦ ਟੱਪ ਕੇ ਅਮਰੀਕਾ ਦਾਖ਼ਲ ਹੋਇਆ ਸੀ । ਅਮਰੀਕੀ ਅਦਾਲਤ ਦੇ ਜੱਜ ਨੇ ਆਖਿਆ ਹੈ ਕਿ ਹਰਜਿੰਦਰ ਸਿੰਘ ਗ਼ੈਰਕਾਨੂੰਨੀ ਪ੍ਰਵਾਸੀ ਹੈ ਅਤੇ ਉਸ ਦੇ ਭੱਜ ਜਾਣ ਦਾ ਖ਼ਦਸ਼ਾ ਹੈ ਇਸ ਲਈ ਉਸ ਦੀ ਜ਼ਮਾਨਤ ਦੀ ਅਰਜ਼ੀ ਸਵੀਕਾਰ ਨਹੀਂ ਕੀਤੀ ਜਾ ਸਕਦੀ । ਉਸ ਨੂੰ St. Lucie County Jail ਵਿੱਚ ਰੱਖਿਆ ਜਾ ਰਿਹਾ ਹੈ ।
Comments