
ਕਾਮਾਗਾਟਾਮਾਰੂ ਜਹਾਜ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ
ਸਰੀ,2 ਅਕਤੂਬਰ (ਹਰਦਮ ਮਾਨ)- ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਬੀਤੇ ਦਿਨੀਂ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪ੍ਰਬੰਧਕਾਂ ਵੱਲੋਂ ਵਿਰਸੇ ਵਿਰਾਸਤ ਨਾਲ ਸੰਬੰਧਤ ਬ੍ਰਹਮ ਗਿਆਨੀ ਭਾਈ ਲਾਲੋ ਜੀ ਨੂੰ ਯਾਦ ਕਰਦਿਆਂ ਉਨ੍ਹਾਂ ਦਾ ਜੀਵਨ ਸੰਗਤਾਂ ਨਾਲ ਸਾਂਝਾ ਕੀਤਾ ਗਿਆ।
ਦਰਬਾਰ ਹਾਲ ਵਿਚ ਸੁਸਾਇਟੀ ਦੇ ਪਬਲਿਕ ਰਿਲੇਸ਼ਨ ਸੁਰਿੰਦਰ ਸਿੰਘ ਜੱਬਲ ਅਤੇ ਹੈੱਡ ਗ੍ਰੰਥੀ ਸਤਵਿੰਦਰਪਾਲ ਸਿੰਘ ਨੇ ਬ੍ਰਹਮ ਗਿਆਨੀ ਭਾਈ ਲਾਲੋ ਜੀ ਦੇ ਜੀਵਨ ‘ਤੇ ਰੌਸ਼ਨੀ ਪਾਈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਸਮੇਂ ਵਾਪਰੀਆਂ ਘਟਨਾਵਾਂ ਅਤੇ ਸਾਖੀਆਂ ਸੰਗਤ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਭਾਈ ਲਾਲੋ ਜੀ ਦਾ ਜਨਮ ਸੰਨ 1452 ਨੂੰ ਸੈਦਪੁਰ ਵਿਚ ਭਾਈ ਜਗਤ ਰਾਮ ਘਟੌੜਾ ਤੇ ਬੀਬੀ ਖੇਮੋਂ ਦੇ ਘਰ ਹੋਇਆ, ਬਾਅਦ ਵਿਚ ਇਹ ਸਥਾਨ ਏਮਨਾਬਾਦ ਸ਼ਹਿਰ ਦੇ ਨਾਮ ਨਾਲ ਮਸ਼ਹੂਰ ਹੋਇਆ। ਭਾਈ ਲਾਲੋ ਜੀ ਪਿਤਾ ਪੁਰਖੀ ਤਰਖਾਣਾ ਕੰਮ ਕਰ ਕੇ ਆਪਣੇ ਜੀਵਨ ਦਾ ਨਿਰਬਾਹ ਕਰਦੇ ਸਨ। ਦਸਾਂ ਨਹੁੰਆਂ ਦੀ ਕਿਰਤ ਦੇ ਨਾਲ ਨਾਲ ਆਏ ਗਏ ਦੀ ਸੇਵਾ ਕਰਨ ਅਤੇ ਵੰਡ ਛਕਣ ਦੇ ਮੁਦੱਈ ਸਨ। ਕੁਝ ਹਿਕਮਤ ਵੀ ਜਾਣਦੇ ਸਨ ਤੇ ਆਏ ਗਏ ਲੋੜਵੰਦਾਂ ਦੇ ਦਵਾ ਦਾਰੂ ਦੀ ਸੇਵਾ ਵੀ ਕਰਦੇ ਸਨ। ਇਹ ਉਨ੍ਹਾਂ ਦੀ ਨਿੱਤ ਦੀ ਕਾਰ ਸੀ ਜਿਸ ਕਰ ਕੇ ਪੇਸ਼ੇ ਤੇ ਦਵਾਈਆਂ ਪੱਖੋਂ ਆਲੇ ਦੁਆਲੇ ਪਿੰਡਾਂ ਵਿਚ ਜਾਣ ਪਹਿਚਾਣ ਵੀ ਬਣ ਗਈ ਸੀ।
ਸਾਖੀਕਾਰਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ 1507 ਵਿਚ ਭਾਈ ਲਾਲੋ ਦੇ ਘਰ ਏਮਨਾਬਾਦ ਵਿਚ ਪਹੁੰਚੇ। ਉਸ ਸਮੇਂ ਭਾਈ ਲਾਲੋ ਜੀ 55 ਸਾਲ ਦੇ ਸਨ। ਇਹ ਉਹ ਸਮਾਂ ਸੀ ਜਦੋਂ ਕਿ ਛੂਤ ਛਾਤ ਤੇ ਜਾਤਪਾਤ ਦਾ ਕੋਹੜ ਸਿਖਰਾਂ ‘ਤੇ ਸੀ। ਉੱਚੀ ਜਾਤ ਦੇ ਘਮੰਡੀਆਂ ਵੱਲੋਂ ਬ੍ਰਹਮ ਗਿਆਨੀ ਭਾਈ ਲਾਲੋ ਨੂੰ ਅਛੂਤ ਆਖ ਕੇ ਭੰਡਿਆ ਜਾਂਦਾ ਸੀ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਸਾਂ ਨਹੁੰਆਂ ਦੀ ਈਮਾਨਦਾਰੀ ਨਾਲ ਕਿਰਤ ਕਮਾਈ ਕਰਨ ਵਾਲੇ ਤੇ ਉਸ ਕਿਰਤ ਕਮਾਈ ਵਿੱਚੋਂ ਆਏ ਗਏ ਦੀ ਸੇਵਾ ਕਰ ਕੇ ਵੰਡ ਕੇ ਖਾਣ ਵਾਲੇ ਦੀ ਅਛੂਤ ਜਾਂ ਅਖੌਤੀ ਵੰਡ ‘ਤੇ ਕਰਾਰੀ ਸੱਟ ਮਾਰੀ ਤੇ ਉਸ ਸਮੇਂ ਦੇ ਧੰਨਵਾਨ ਮਲਿਕ ਭਾਗੋ ਨੂੰ ਅਹਿਸਾਸ ਕਰਵਾ ਦਿੱਤਾ ਕਿ ਈਮਾਨਦਾਰੀ ਨਾਲ ਕਮਾਈ ਹੋਈ ਰੁੱਖੀ ਸੁੱਖੀ ਕੋਧਰੇ ਦੀ ਰੋਟੀ ਖਾਣ ਨਾਲ ਮਨ ਭਗਤੀ ਭਾਵ ਵਿਚ ਜੁੜਦਾ ਹੈ ਤੇ ਮਾਸੂਮਾਂ ਦੀ ਖੂਨ ਪਸੀਨੇ ਦੀ ਕਮਾਈ ਵਾਲੇ ਪਰਾਏ ਨਾਲ ਬ੍ਰਹਮ ਭੋਜ ਕਰਵਾ ਦੇਣੇ ਵਿਅਰਥ ਹਨ। ਮਲਿਕ ਭਾਗੋ ਨੂੰ ਗੁਰੂ ਨਾਨਕ ਦੇਵ ਜੀ ਦੀ ਏਸ ਸਿੱਖਿਆ ਨਾਲ ਗਿਆਨ ਹੋ ਗਿਆ। ਭਾਈ ਲਾਲੋ ਜੀ ਦੇ ਘਰ ਦੀ ਉਹ ਖੂਹੀ ਜਿੱਥੋਂ ਗੁਰੂ ਸਾਹਿਬ ਇਸ਼ਨਾਨ ਕਰਦੇ ਸਨ, ਉਹ ਸਥਾਨ ਭਗਤੀ ਦਾ ਘਰ ਬਣ ਗਿਆ ਅਤੇ ਉਹ ਜਗ੍ਹਾ ਏਮਨਾਬਾਦ ਵਿਚ ਸਿੱਖ ਧਰਮਸਾਲ ਬਣ ਗਈ ਸੀ ਤੇ ਨਾਨਕ ਨਾਮ ਲੇਵਾ ਇਕੱਠੇ ਹੋਣ ਲੱਗ ਪਏ ਸਨ।
ਸ੍ਰੀ ਗੁਰੂ ਨਾਨਕ ਦੇਵ ਜੀ 1517 ਵਿਚ ਭਾਈ ਲਾਲੋ ਜੀ ਦੀ ਸਪੁੱਤਰੀ ਬੀਬੀ ਰੱਜੋ ਦੇ ਵਿਆਹ ਸਮੇਂ ਅਤੇ 1521 ਵਿਚ ਜਦੋਂ ਬਾਬਰ ਨੇ ਹਿੰਦੁਸਤਾਨ ‘ਤੇ ਹਮਲਾ ਕੀਤਾ ਸੀ, ਉਦੋਂ ਵੀ ਭਾਈ ਲਾਲੋ ਜੀ ਦੇ ਘਰ ਗਏ ਸਨ। ਇਸੇ ਸੰਬੰਧ ਵਿਚ ਗੁਰਬਾਣੀ ਵਿਚ ਦਰਜ ਸ਼ਬਦ ਭਾਈ ਲਾਲੋ ਜੀ ਨੂੰ ਸੰਬੋਧਨ ਕਰਕੇ ਉਚਾਰਿਆ ਸੀ “ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ”। ਇਸ ਤਰ੍ਹਾਂ ਉਨ੍ਹਾਂ ਭਾਈ ਲਾਲੋ ਜੀ ਨੂੰ ਬੜੇ ਪਿਆਰ ਨਾਲ ਸੱਤ ਵਾਰੀ ‘ਵੇ ਲਾਲੋ’ ਸ਼ਬਦ ਨਾਲ ਪੁਕਾਰ ਕੇ ਮਾਣ ਸਤਿਕਾਰ ਦਿੱਤਾ ਸੀ। ਅੱਜ ਵੀ ਬ੍ਰਹਮ ਗਿਆਨੀ ਭਾਈ ਲਾਲੋ ਜੀ ਦੀ ਸੱਚੀ ਸੁੱਚੀ, ਇਮਾਨਦਾਰੀ ਵਾਲੀ ਦਸਾਂ ਨਹੁੰਆਂ ਦੀ ਕਮਾਈ ‘ਕਿਰਤ ਕਰੋ ਤੇ ਵੰਡ ਛਕੋ’ ਵਾਲੇ ਸਿੱਖੀ ਅਸੂਲ਼ ਨੂੰ ਵਡਿਆਉਂਦੀ ਹੈ। 1531 ਵਿਚ ਭਾਈ ਲਾਲੋ ਜੀ ਅਕਾਲ ਪੁਰਖ ਜੀ ਦੇ ਚਰਨਾਂ ਵਿਚ ਜਾ ਬਿਰਾਜੇ ਸਨ।
ਉਪਰੰਤ 1914 ਵਿਚ ਵਾਪਰੀ ਇਕ ਹੋਰ ਵਿਰਾਸਤੀ ਮਹੱਤਵਪੂਰਨ ਘਟਨਾ ਕਿ ਬਾਬਾ ਗੁਰਦਿੱਤ ਸਿੰਘ ਜੀ ਨੇ ਕਾਮਾਗਾਟਾਮਾਰੂ ਨਾਮੀ ਜਹਾਜ਼ ਜੋ ਜਪਾਨ ਤੋਂ ਖਰੀਦ ਕੇ ਇਸ ਦਾ ਨਾਂ ‘ਗੁਰੂ ਨਾਨਕ ਜਹਾਜ਼’ ਰੱਖਿਆ ਸੀ ਤੇ ਮੁਸਾਫਿਰਾਂ ਨੂੰ ਲੈ ਕੇ ਕੈਨੇਡਾ ਪਹੁੰਚੇ ਸਨ ਪਰ ਇਸ ਦੇ ਮੁਸਾਫਿਰਾਂ ਨੂੰ ਵੈਨਕੂਵਰ ਵਿਚ ਉਤਰਨ ਨਹੀਂ ਸੀ ਦਿੱਤਾ ਗਿਆ ਤੇ ਵਾਪਸ ਇੰਡੀਆ ਭੇਜ ਦਿੱਤਾ ਸੀ। ਉਸ ਸਮੇਂ ਦੋਹਾਂ ਮੁਲਕਾਂ (ਇੰਡੀਆ ਤੇ ਕੈਨੇਡਾ) ਵਿਚ ਬਰਤਾਨਵੀ ਸਰਕਾਰ ਹੁਕਮਰਾਨ ਸੀ। ਜਦੋਂ ਇਹ ਗੁਰੂ ਨਾਨਕ ਜਹਾਜ਼ ਕਲਕੱਤਾ ਦੀ ਬਜ ਬਜ ਘਾਟ ‘ਤੇ ਵਾਪਸ ਪੁੱਜਾ ਤਾਂ ਇੰਡੀਆ ਵਿਚਲੀ ਬਰਤਾਨਵੀ ਸਰਕਾਰ ਨੇ ਗੋਲੀਆਂ ਚਲਾ ਕੇ ਗੁਰੂ ਨਾਨਕ ਜਹਾਜ਼ ਦੇ 19 ਮੁਸਾਫਿਰਾਂ ਨੂੰ ਸ਼ਹੀਦ ਕਰ ਦਿੱਤਾ ਸੀ। ਇਹਨਾਂ ਮੁਸਾਫਿਰਾਂ ਦੀ ਦੁੱਖ ਭਰੀ ਦਾਸਤਾਨ ਨੂੰ ਸਟੇਜ ਤੋਂ ਹਾਜ਼ਰੀਨ ਸੰਗਤ ਨਾਲ ਸਾਂਝਿਆਂ ਕੀਤਾ ਗਿਆ ਅਤੇ ਇਹਨਾਂ ਸ਼ਹੀਦਾਂ ਦੀ ਵਿਰਾਸਤ ਨੂੰ ਯਾਦ ਰੱਖਦੇ ਹੋਏ ਸਮਾਗਮ ਦੀ ਸਮਾਪਤੀ ‘ਤੇ ਸਮੁੱਚੀ ਸੰਗਤ ਵੱਲੋਂ ਅਰਦਾਸ ਵੀ ਕੀਤੀ ਗਈ।

Er. Karamjit Singh says
You are doing a yeo man service to the community by making the community richer through your esteemed newspaper. Good luck. I am in Surrey these days, with my son, upto 24 October,2025.