
ਅਜਨਾਲਾ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਪ੍ਰਭਾਵਿਤ ਇਲਾਕੇ ਅਜਨਾਲਾ ਵਿਖੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਸੌਂਪੇ।
ਜਨਤਕ ਸੇਵਾ ਦੇ ਖ਼ੇਤਰ ਵਿੱਚ ਨਵਾਂ ਮੀਲਪੱਥਰ ਸਥਾਪਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਵੰਡਣ ਲਈ ਮਿੱਥੀ 45 ਦਿਨਾਂ ਦੀ ਸਮਾਂ ਹੱਦ ਦੇ ਬਾਵਜੂਦ 30 ਦਿਨਾਂ ਦੇ ਅੰਦਰ-ਅੰਦਰ ਹੜ੍ਹਾਂ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਅਜਨਾਲਾ, ਅੰਮ੍ਰਿਤਸਰ ਦੇ 631 ਲਾਭਪਾਤਰੀਆਂ ਨੂੰ 5.70 ਕਰੋੜ ਰੁਪਏ ਦੇ ਪ੍ਰਮਾਣ ਪੱਤਰ ਵੰਡੇ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਵੱਲੋਂ ਅਣਥੱਕ ਕੋਸ਼ਿਸ਼ਾਂ ਰਾਹੀਂ ਸਮੇਂ ਤੋਂ ਪਹਿਲਾਂ ਹੀ ਮੁਆਵਜ਼ਾ ਵੰਡਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।
ਆਮ ਆਦਮੀ ਪਾਰਟੀ ਦੇ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਦੇਸ਼ ‘ਚ ਪਹਿਲੀ ਵਾਰ ਹੈ ਕਿ ਨੁਕਸਾਨ ਤੋਂ ਬਾਅਦ ਪੀੜਤ ਪਰਿਵਾਰਾਂ ਤੇ ਕਿਸਾਨਾਂ ਨੂੰ 30 ਦਿਨਾਂ ਦੇ ਅੰਦਰ ਸਭ ਤੋਂ ਵੱਧ ਮੁਆਵਜ਼ਾ ਰਾਸ਼ੀ ₹20 ਹਜ਼ਾਰ ਪ੍ਰਤੀ ਏਕੜ ਕਿਸੇ ਸਰਕਾਰ ਨੇ ਦਿੱਤੀ ਹੋਵੇ।
ਮਾਨ ਸਰਕਾਰ ਆਉਣ ਵਾਲੇ ਦਿਨਾਂ ‘ਚ ਬਾਕੀ ਹਲਕਿਆਂ ਦੇ ਪੀੜਤ ਪਰਿਵਾਰਾਂ ਨੂੰ ਇਸੇ ਤਰ੍ਹਾਂ ਨੁਕਸਾਨ ਤੇ ਖ਼ਰਾਬੇ ਦੇ ਚੈੱਕ ਸੌਂਪੇਗੀ। ਮਿਸ਼ਨ ਚੜ੍ਹਦੀਕਲਾ ਤਹਿਤ ਪੀੜਤ ਪਰਿਵਾਰਾਂ ਨੂੰ ਮੁੜ ਪੈਰਾਂ ਸਿਰ ਕਰਨ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ।
