
ਬਠਿੰਡਾ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜ਼ਿਲ੍ਹਾ ਬਠਿੰਡਾ ਦੇ ਪਿੰਡ ਕਾਲਝਰਾਣੀ ਵਿਖੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਸੂਬੇ ਭਰ ‘ਚ ਬਣਾਏ ਜਾ ਰਹੇ 3000 ਤੋਂ ਵੱਧ ਖੇਡ ਮੈਦਾਨਾਂ ਦਾ ਨੀਂਹ ਪੱਥਰ ਰੱਖਿਆ। ਜਿਸ ਨੂੰ ਤੈਅ ਸਮੇਂ ‘ਚ ਪੂਰਾ ਕਰਕੇ ਲੋਕ ਸਮਰਪਿਤ ਕੀਤਾ ਜਾਵੇਗਾ।
ਇਸ ਮੋਕੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਮਾੜੀ ਅਲਾਮਤ ਤੋਂ ਦੂਰ ਰੱਖਣ ਅਤੇ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਖੇਡ ਮੁਕਾਬਲਿਆਂ ‘ਚ ਤਗ਼ਮੇ ਜਿੱਤਣ ਦੇ ਸੁਪਨੇ ਸਾਕਾਰ ਕਰਨ ਲਈ ਇਹ ਖੇਡ ਮੈਦਾਨ ਅਹਿਮ ਭੂਮਿਕਾ ਨਿਭਾਉਣਗੇ, ਨਾਲ ਹੀ ਉੱਭਰਦੇ ਖਿਡਾਰੀਆਂ ਲਈ ਵੀ ਚਾਨਣ ਮੁਨਾਰਾ ਸਾਬਤ ਹੋਣਗੇ। ਇਹਨਾਂ ਖੇਡ ਮੈਦਾਨਾਂ ‘ਚ ਨੌਜਵਾਨਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਖੇਡ ਕਲਚਰ ਨੂੰ ਪੰਜਾਬ ‘ਚ ਪ੍ਰਫੁੱਲਿਤ ਕਰਨ ਅਤੇ ਸੂਬੇ ਦੇ ਨੌਜਵਾਨਾਂ ਨੂੰ ਮੈਦਾਨਾਂ ਨਾਲ ਜੋੜਣ ਲਈ ਸਾਡੀ ਸਰਕਾਰ ਵਚਨਬੱਧ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਖੇਡਾਂ ਸਾਡੇ ਅੰਦਰ ਚੰਗੀ ਭਾਵਨਾ ਅਤੇ ਸਪੋਰਟਸਮੈਨਸ਼ਿੱਪ ਪੈਦਾ ਕਰਦੀਆਂ ਨੇ। ਖੇਡ ਦੇ ਮੈਦਾਨ ਵਿੱਚ ਅਸੀਂ ਪੂਰੇ ਜਜ਼ਬੇ ਅਤੇ ਜਨੂੰਨ ਨਾਲ ਹਾਰੀ ਹੋਈ ਬਾਜ਼ੀ ਜਿੱਤਣਾ ਸਿੱਖਦੇ ਹਾਂ। ਅਸੀਂ ਹਰ ਪਿੰਡ ਵਿੱਚ ਖੇਡ ਮੈਦਾਨ ਬਣਾਉਣ ਦਾ ਨੇਕ ਉਪਰਾਲਾ ਕਰਕੇ ਸਾਡੇ ਬੱਚਿਆਂ ਨੂੰ ਖੇਡਾਂ ਦੀ ਚਿਣਗ ਲਗਾ ਰਹੇ ਹਾਂ।
