ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੀ ਚੰਡੀਗੜ੍ਹ ਰਿਹਾਇਸ਼ ਵਿਖੇ ਸੂਬੇ ਦੇ ਡਿਪਟੀ ਕਮਿਸ਼ਨਰਾਂ ਨਾਲ ਵੀਡੀਓ ਕਾਨਫਰੰਸ ਦੇ ਜ਼ਰੀਏ ਅਤੇ ਸੈਕਟਰੀ, ਚੀਫ ਸੈਕਟਰੀ ਤੇ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਰਿਹਾਇਸ਼ ‘ਤੇ ਹਾਈ ਲੈਵਲ ਮੀਟਿੰਗ ਕੀਤੀ।ਮੁੱਖ ਮੰਤਰੀ ਨੇ ਅਧਿਕਾਰੀਆਂ ਕੋਲੋਂ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਕੁਦਰਤੀ ਆਫ਼ਤ ਨਾਲ ਨਜਿੱਠਣ ਨੂੰ ਲੈ ਕੇ ਵਿਚਾਰ ਚਰਚਾ ਕੀਤੀ।
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ 13 ਸਤੰਬਰ ਤੋਂ ਸਪੈਸ਼ਲ ਗਿਰਦਾਵਰੀ ਸ਼ੁਰੂ ਕਰਨ ਅਤੇ ਇਸ ਪ੍ਰਕਿਰਿਆ ਨੂੰ 45 ਦਿਨਾਂ ਦੇ ਅੰਦਰ-ਅੰਦਰ ਪੂਰਾ ਕਰਕੇ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਸੌਂਪਣ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਅਫ਼ਸਰ ਸਾਹਿਬਾਨਾਂ ਨੂੰ ਪਿੰਡ-ਪਿੰਡ ਜਾ ਕੇ ਖੇਤਾਂ ਦਾ ਮੁਆਇਨਾ ਕਰਕੇ ਰਿਪੋਰਟ ਤਿਆਰ ਕਰਨ ਲਈ ਕਿਹਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੜ੍ਹਾਂ ਕਾਰਨ ਨੁਕਸਾਨੇ ਗਏ ਘਰਾਂ ਲਈ SDRF ਦੇ 6800 ਰੁਪਏ ਦੇ ਫੰਡ ਨੂੰ ਆਪਣੇ ਵੱਲੋਂ ਵਧਾ ਕੇ ਅਸੀਂ 40,000 ਰੁਪਏ ਮੁਆਵਜ਼ਾ ਦੇਵਾਂਗੇ। ਹੜ੍ਹਾਂ ਵਿੱਚ ਮਰੇ ਪਸ਼ੂਆਂ ਦਾ ਪੀੜਤਾਂ ਨੂੰ 37,500 ਰੁਪਏ ਮੁਆਵਜ਼ਾ ਦਿੱਤਾ ਜਾਵੇਗਾ। ਅਸੀਂ ਕਿਸੇ ਦਾ ਵੀ ਚੁੱਲ੍ਹਾ ਬੁਝਣ ਨਹੀਂ ਦੇਵਾਂਗੇ।
ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਇਸ ਮੁਸ਼ਕਲ ਦੀ ਘੜੀ ਵਿੱਚ ਵਿਰੋਧੀਆਂ ਵੱਲੋਂ ਕੀਤੀ ਜਾ ਰਹੀ ਰਾਜਨੀਤੀ ਵਿੱਚ ਨਹੀਂ ਉਲਝਣਾ। 45 ਦਿਨਾਂ ਦੇ ਅੰਦਰ-ਅੰਦਰ ਹਰ ਤਰ੍ਹਾਂ ਦੇ ਨੁਕਸਾਨ ਦੇ ਚੈੱਕ ਤਿਆਰ ਕਰਕੇ ਲੋਕਾਂ ਨੂੰ ਅਸੀਂ ਆਪਣੇ ਹੱਥੀਂ ਦੇਵਾਂਗੇ। ਜਦੋਂ ਤੱਕ ਲੋਕਾਂ ਨੂੰ ਮੁਆਵਜ਼ਾ ਨਹੀਂ ਮਿਲਦਾ, ਉਦੋਂ ਤੱਕ ਨਾ ਮੈਂ ਚੈਨ ਨਾਲ ਬੈਠਾਂਗਾ ਅਤੇ ਨਾ ਕਿਸੇ ਅਧਿਕਾਰੀ ਨੂੰ ਬੈਠਣ ਦੇਵਾਂਗਾ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨੁਕਸਾਨੀ ਗਈ ਹਰ ਫ਼ਸਲ ਦਾ ਮੁਆਵਜ਼ਾ ਦਿੱਤਾ ਜਾਵੇਗਾ। ਹੜ੍ਹਾਂ ਕਾਰਨ ਘਰਾਂ ਅਤੇ ਪਸ਼ੂਆਂ ਦੇ ਹੋਏ ਨੁਕਸਾਨ ਦੀ ਵੀ ਭਰਪਾਈ ਕੀਤੀ ਜਾਵੇਗੀ। ਇਸ ਦੁੱਖ ਦੀ ਘੜੀ ‘ਚ ਤੁਹਾਡਾ ਪੁੱਤ ਤੁਹਾਡੇ ਨਾਲ ਖੜ੍ਹਾ ਹੈ। ਜਲਦ ਤੋਂ ਜਲਦ ਸਭ ਨੂੰ ਉਹਨਾਂ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ।
Comments