ਚੰਡੀਗੜ੍ਹ- ‘ਆਪ’ ਪੰਜਾਬ ਦੀਆਂ ਮਹਿਲਾ ਆਗੂਆਂ ਲਈ ਮੋਹਾਲੀ ਵਿਖੇ ਆਯੋਜਿਤ ਟ੍ਰੇਨਿੰਗ ਕੈਂਪ ‘ਚ ਮੁੱਖ ਮੰਤਰੀ ਭਗਵੰਤ ਮਾਨ , ਪਾਰਟੀ ਦੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਅਤੇ ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਸਮੇਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਸ਼ਿਰਕਤ ਕੀਤੀ।’ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਸ ਸਮਾਗਮ ‘ਚ ਵੀਡੀਓ ਕਾਨਫ਼ਰੰਸਿੰਗ ਰਾਹੀਂ ਹਿੱਸਾ ਲਿਆ ਅਤੇ ਸਮੂਹ ਆਗੂਆਂ ਨੇ ਮਹਿਲਾ ਆਗੂਆਂ ਨੂੰ ਸਰਗਰਮ ਸਿਆਸਤ ਦਾ ਹਿੱਸਾ ਬਣ ਕੇ ‘ਆਪ’ ਦੀ ਲੋਕ ਪੱਖੀ ਸੋਚ ਦੇ ਪਸਾਰ ਅਤੇ ਪੰਜਾਬ ਦੀ ਬਿਹਤਰੀ ਲਈ ਆਪਣਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ।
ਇਸ ਮੌਕੇ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ,“ਔਰਤਾਂ ਤੇ ਬਿਨਾਂ ਜੇ ਘਰ ਦੇ ਚੁੱਲ੍ਹੇ ਨਹੀਂ ਚੱਲ ਸਕਦੇ ਤਾਂ ਔਰਤਾਂ ਬਿਨਾਂ ਦੇਸ਼ ਵੀ ਨਹੀਂ ਚੱਲ ਸਕਦੇ। ਅਸੀਂ ਚਾਹੁੰਦੇ ਹਾਂ ਸਾਡੀਆਂ ਮਹਿਲਾਵਾਂ ਰਾਜਨੀਤੀ ‘ਚ ਹਿੱਸਾ ਲੈਣ, ਵੋਟ ਪਾਉਣ ਲਈ ਜਾਗਰੂਕ ਹੋਣ, ਕਿਸੇ ਦੇ ਪਿੱਛੇ ਲੱਗ ਕੇ ਵੋਟ ਨਾ ਪਾਉਣ ।”
ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਮਹਿਲਾਵਾਂ ਦੀ ਸ਼ਮੂਲੀਅਤ ਬਹੁਤ ਮਾਇਨੇ ਰੱਖਦੀ ਹੈ। ‘ਆਪ’ ਪੰਜਾਬ ਦੇ ਮਹਿਲਾ ਵਿੰਗ ਦੀ ਲੀਡਰਸ਼ਿਪ ਇਸ ਨੂੰ ਹੋਰ ਮਜ਼ਬੂਤ ਅਤੇ ਦ੍ਰਿੜ ਬਣਾਵੇਗੀ। ਬਾਕੀ ਰਵਾਇਤੀ ਪਾਰਟੀਆਂ ਵਾਂਗ ਅਸੀਂ ਮਹਿਲਾਵਾਂ ਦੀ ਭੂਮਿਕਾ ਨੂੰ ਕਦੇ ਵੀ ਅਣਗੌਲਿਆ ਨਹੀਂ ਕਰਦੇ, ਉਨ੍ਹਾਂ ਨੂੰ ਬਰਾਬਰ ਦੇ ਹੱਕ ਦਿੰਦੇ ਹਾਂ।
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ,”ਮਹਿਲਾਵਾਂ ਨੂੰ ਰਾਜਨੀਤੀ ਦਾ ਹਿੱਸਾ ਬਣਨਾ ਚਾਹੀਦਾ ਹੈ। ਆਮ ਤੌਰ ‘ਤੇ 10 ਹਜ਼ਾਰ ਲੋਕਾਂ ਦੀ ਰੈਲੀ ‘ਚ ਮਸਾਂ 200-300 ਔਰਤਾਂ ਦੀ ਸ਼ਮੂਲੀਅਤ ਹੁੰਦੀ ਹੈ। ਔਰਤਾਂ ਘਰ ਚਲਾਉਣ ਤੋਂ ਲੈ ਕੇ ਦੇਸ਼ ਚਲਾਉਣ ਦੇ ਕਾਬਿਲ ਹਨ। ਅਸੀਂ ਪੰਜਾਬ ਦੀਆਂ ਔਰਤਾਂ ਨੂੰ ਹਰ ਖੇਤਰ ਵਿੱਚ ਅੱਗੇ ਲਿਆਉਣ ਲਈ ਬਣਦੇ ਕਦਮ ਚੁੱਕ ਰਹੇ ਹਾਂ। ਔਰਤਾਂ ਵੀ ਪੰਜਾਬ ਦੀ ਤਰੱਕੀ ਨੂੰ ਯਕੀਨੀ ਬਣਾਉਣ ਲਈ ਸਾਡੀ ਸਰਕਾਰ ਦਾ ਸਾਥ ਦੇਣ।”
ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਮਹਿਲਾ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਬਹੁਤ ਵਧੀਆ ਮੰਤਰਾਲਾ ਚਲਾ ਰਹੇ ਹਨ, ਸਾਡੀ ਪਾਰਟੀ ਦੀਆਂ ਮਹਿਲਾ ਵਿਧਾਇਕਾਂ ਬਹੁਤ ਵਧੀਆ ਹਲਕਾ ਸਾਂਭ ਰਹੀਆਂ ਹਨ। ਅੱਜ ਅਸੀਂ ਮਹਿਲਾ ਸਰਪੰਚ ਤੇ ਪੰਚਾਂ ਨੂੰ ਮਹਾਰਾਸ਼ਟਰ ਟਰੇਨਿੰਗ ਲਈ ਰਵਾਨਾ ਕੀਤਾ ਹੈ।
Comments