350ਵੇਂ ਸ਼ਹੀਦੀ ਦਿਹਾੜੇ ਮੌਕੇ ਸਮਾਗਮ ਦੌਰਾਨ ਪੰਜਾਬੀ ਗਾਣੇ ਗਾਉਣ ’ਤੇ ਦਿੱਤਾ ਬਿਆਨ !
ਚੰਡੀਗੜ੍ਹ- ਪੰਜਾਬੀ ਗਾਇਕ ਬੀਰ ਸਿੰਘ ਨੇ ਹਾਲ ਹੀ ਵਿੱਚ ਸ੍ਰੀਨਗਰ ਵਿੱਚ ਹੋਏ ਇੱਕ ਧਾਰਮਿਕ ਸਮਾਗਮ ਦੌਰਾਨ ਹੋਈ ਗਲਤੀ ਲਈ ਸਮੂਹ ਸਿੱਖ ਸੰਗਤ ਅਤੇ ਅਕਾਲ ਤਖਤ ਸਾਹਿਬ ਕੋਲੋਂ ਮਾਫੀ ਮੰਗੀ ਹੈ। ਇਹ ਸਮਾਗਮ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਇਆ ਗਿਆ ਸੀ,। ਇਸ ਸਮਾਗਮ ਮੌਕੇ ਦੌਰਾਨ ਬੀਰ ਸਿੰਘ ਨੇ ‘ਚਰਖਾ ਚੰਨਣ ਦਾ’ ਅਤੇ ਹੋਰ ਨੱਚਣ ਟੱਪਣ ਵਾਲੇ ਹਲਕੇ ਪੰਜਾਬੀ ਗੀਤ ਪੇਸ਼ ਕਰ ਦਿੱਤੇ ਜੋ ਕਿ ਸਮਾਗਮ ਦੀ ਗੰਭੀਰਤਾ ਅਨੁਸਾਰ ਢੁਕਵੇਂ ਨਹੀਂ ਸਨ।
ਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸੰਗੀਤਕ ਕਰੀਅਰ ਦੌਰਾਨ ਸਦਾ ਹੀ ਸਾਫ਼ ਸੁਥਰੇ ਗੀਤ ਗਾਏ ਹਨ। ਉਨ੍ਹਾਂ ਦਾ ਕੋਈ ਵੀ ਗੀਤ ਅਜਿਹਾ ਨਹੀਂ ਹੈ ਜੋ ਪਰਿਵਾਰ ਨਾਲ ਬੈਠ ਕੇ ਨਾ ਸੁਣਿਆ ਜਾ ਸਕਦਾ ਹੋਵੇ । ਬੀਰ ਸਿੰਘ ਨੇ ਕਿਹਾ ਕਿ ਉਹ ਆਸਟਰੇਲੀਆ ਤੋਂ ਸਿੱਧਾ ਸ੍ਰੀਨਗਰ ਪਹੁੰਚੇ ਸਨ, ਜਿੱਥੇ ਉਨ੍ਹਾਂ ਦੇ ਮੋਬਾਈਲ ਨੈਟਵਰਕ ਅਤੇ ਹੋਰ ਸਹੂਲਤਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ।
ਉਨ੍ਹਾਂ ਨੇ ਦੱਸਿਆ ਕਿ ਇਸ ਵੱਡੀ ਗਲਤੀ ਲਈ ਉਨ੍ਹਾਂ ਦੀ ਪ੍ਰਬੰਧਕੀ ਟੀਮ ਜ਼ਿੰਮੇਵਾਰ ਸੀ, ਜਿਸ ਨੇ ਉਨ੍ਹਾਂ ਨੂੰ ਸਮਾਗਮ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ। ਪਹਿਲਾਂ ਉਹ ਪੰਜਾਬੀ ਸਾਹਿਤ ਅਕਾਦਮੀ ਨਾਲ ਕੁਝ ਵਪਾਰਕ ਪ੍ਰੋਗਰਾਮ ਕਰ ਚੁੱਕੇ ਸਨ ਅਤੇ ਉਨ੍ਹਾਂ ਨੇ ਇਸ ਸਮਾਗਮ ਨੂੰ ਵੀ ਉਸੇ ਤਰੀਕੇ ਨਾਲ ਹੀ ਲਿਆ।
ਬੀਰ ਸਿੰਘ ਨੇ ਸਫਾਈ ਦਿੰਦੇ ਹੋਏ ਕਿਹਾ,
“ਮੈਂ ਸਿੱਧਾ ਸਟੇਜ ਉੱਤੇ ਗਿਆ ਅਤੇ ਮੇਰਾ ਸਾਰਾ ਧਿਆਨ ਦਰਸ਼ਕਾਂ ਵੱਲ ਸੀ। ਮੈਂ ਮੰਚ ਦੇ ਪਿੱਛੇ ਲੱਗੇ ਬੈਨਰ ‘ਤੇ ਵੀ ਝਾਤੀ ਨਹੀਂ ਮਾਰ ਸਕਿਆ । ਇਹ ਮੇਰੀ ਵੱਡੀ ਭੁੱਲ ਸੀ ਕਿ ਮੈਂ ਸਮਾਗਮ ਦੀ ਪੂਰੀ ਜਾਣਕਾਰੀ ਨਹੀਂ ਲਈ।”
ਜਦ ਉਨ੍ਹਾਂ ਨੂੰ ਅਸਲੀਅਤ ਦਾ ਪਤਾ ਲੱਗਾ ਕਿ ਇਹ ਸਮਾਗਮ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਸਮਰਪਿਤ ਹੈ, ਤਾਂ ਉਨ੍ਹਾਂ ਨੇ ਤੁਰੰਤ ਮੰਨਿਆ ਕਿ ਇਹ ਵੱਡੀ ਗਲਤੀ ਹੋਈ ਹੈ, ੳਨ੍ਹਾਂ ਜੁੱਤੀਆਂ ਉਤਾਰੀਆਂ, ਸਲੋਕ ਮਹਲਾ 9ਵਾਂ ਦਾ ਪਾਠ ਕੀਤਾ ਅਤੇ ਸੰਗਤ ਕੋਲੋਂ ਮਾਫੀ ਮੰਗੀ।
ਬੀਰ ਸਿੰਘ ਨੇ ਕਿਹਾ:
“ਮੈਂ ਇਹ ਗਲਤੀ ਕਬੂਲ ਕਰਦਾ ਹਾਂ। ਮੈਂ ਆਪਣੀ ਪੁਰਾਣੀ ਮੈਨੇਜਮੈਂਟ ਟੀਮ ਨੂੰ ਅੱਜ ਤੋਂ ਬਰਖਾਸਤ ਕਰ ਦਿੱਤਾ ਹੈ ਅਤੇ ਭਵਿੱਖ ਵਿੱਚ ਉਨ੍ਹਾਂ ਨਾਲ ਕੰਮ ਨਹੀਂ ਕਰਾਂਗਾ। ਗੁਰੂ ਸਾਹਿਬ ਦੇ ਇਤਿਹਾਸ ਨਾਲ ਸੰਬੰਧਿਤ ਕਿਸੇ ਵੀ ਪ੍ਰੋਗਰਾਮ ਲਈ ਭਵਿੱਖ ਵਿੱਚ ਪੂਰਾ ਸਤਿਕਾਰ ਅਤੇ ਮਰਿਆਦਾ ਰੱਖੀ ਜਾਵੇਗੀ।”
ਉਨ੍ਹਾਂ ਨੇ ਅਕਾਲ ਤਖਤ ਸਾਹਿਬ, ਜਥੇਦਾਰ ਸਾਹਿਬ ਅਤੇ ਸਾਰੀ ਸਿੱਖ ਕੌਮ ਕੋਲੋਂ ਨਿਮਰਤਾ ਸਾਹਿਤ ਮਾਫ਼ੀ ਮੰਗਦਿਆਂ ਕਿਹਾ,
“ਜੋ ਸੇਵਾ ਤੁਸੀਂ ਮੈਨੂੰ ਦੇਵੋ, ਮੈਂ ਉਹ ਸਵੀਕਾਰ ਕਰਨ ਨੂੰ ਤਿਆਰ ਹਾਂ। ਮੈਂ ਇੱਕ ਨਿਮਾਣਾ ਸਿੱਖ ਹਾਂ ਅਤੇ ਮੰਨਦਾ ਹਾਂ ਕਿ ਗੁਰੂ ਸਾਹਿਬ ਅਤੇ ਸਿੱਖ ਸੰਗਤ ਮਿਹਰਬਾਨ ਹਨ। ਭਵਿੱਖ ਵਿੱਚ ਅਜਿਹੀ ਗਲਤੀ ਕਦੇ ਨਹੀਂ ਹੋਵੇਗੀ।”
ਗਾਇਕ ਬੀਰ ਸਿੰਘ ਨੇ ਖੁਦ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਕੇ ਮੁਆਫ਼ੀ ਮੰਗ ਲਈ ਹੈ, ਉਨ੍ਹਾਂ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਹੋਈ ਭੁੱਲ ਦੀ ਖਿਮਾ ਜਾਚਨਾ ਕੀਤੀ ।
ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਸਰਕਾਰਾਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਨਾ ਦੇਣ ।
Comments