
ਵੈਨਕੂਵਰ, 11 ਫਰਵਰੀ ( ਸੰਦੀਪ ਸਿੰਘ ਧੰਜੂ)- ਬ੍ਰਿਟਿਸ਼ ਕੋਲੰਬੀਆ ਦੇ ਉਤਰੀ ਹਿੱਸੇ ਵਿਚ ਸਥਿਤ ਟੰਬਲਰ ਰਿਜ ਸੈਕੰਡਰੀ ਸਕੂਲ ਵਿਚ ਵਾਪਰੀ ਇਕ ਦੁਖਦਾਈ ਘਟਨਾ ਦੌਰਾਨ ਘੱਟੋ ਘੱਟ 10 ਲੋਕਾਂ ਦੇ ਮਾਰੇ ਜਾਣ ਅਤੇ 25 ਹੋਰਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਿਕ ਮੰਗਲਵਾਰ ਨੂੰ ਦੁਪਹਿਰ ਬਾਦ 1.20 ਵਜੇ ਆਰ ਸੀ ਐਮ ਪੀ ਨੂੰ ਜਾਣਕਾਰੀ ਮਿਲੀ ਕਿ ਇਕ ਹਮਲਾਵਰ ਵਲੋਂ ਸਕੂਲ ਵਿਚ ਗੋਲੀਬਾਰੀ ਕੀਤੀ ਜਾ ਰਹੀ ਹੈ। ਦੁਪਹਿਰ 2 ਵਜੇ ਤੋਂ ਬਾਅਦ ਇਲਾਕੇ ਦੇ ਮੋਬਾਈਲ ਫੋਨਾਂ ‘ਤੇ ਇੱਕ ਚੇਤਾਵਨੀ ਜਾਰੀ ਕੀਤੀ ਗਈ, ਜਿਸ ਵਿੱਚ ਵਸਨੀਕਾਂ ਨੂੰ ਜਗ੍ਹਾ ‘ਤੇ ਪਨਾਹ ਲੈਣ, ਆਪਣੇ ਦਰਵਾਜ਼ੇ ਬੰਦ ਕਰਨ ਅਤੇ ਬਾਹਰ ਜਾਣ ਤੋਂ ਬਚਣ ਦੀ ਸਲਾਹ ਦਿਤੀ ਗਈ। ਪੁਲਿਸ ਦੇ ਸਕੂਲ ਵਿਚ ਪੁੱਜਣ ਤੇ ਸਕੂਲ ਦੇ ਅੰਦਰ ਛੇ ਲੋਕ ਮ੍ਰਿਤਕ ਪਾਏ ਗਏ, ਇੱਕ ਦੀ ਮੌਤ ਹਸਪਤਾਲ ਲਿਜਾਂਦੇ ਸਮੇਂ ਹੋਈ ਅਤੇ ਦੋ ਹੋਰ ਰਿਹਾਇਸ਼ ਕੁਆਰਟਰ ਵਿੱਚ ਮ੍ਰਿਤਕ ਪਾਏ ਗਏ। ਜ਼ਿਕਰਯੋਗ ਹੈ ਕਿ ਟੰਬਲਰ ਰਿਜ ਸੈਕੰਡਰੀ ਸਕੂਲ ਵਿੱਚ 7ਵੀਂ ਤੋਂ 12ਵੀਂ ਜਮਾਤ ਤੱਕ ਦੇੇ ਵਿਦਿਆਰਥੀ ਪੜ੍ਹਦੇ ਹਨ ਪਰ ਇਸ ਬਾਰੇ ਵੇਰਵੇ ਨਹੀਂ ਦਿੱਤੇ ਕਿ ਪੀੜਤਾਂ ਵਿਚ ਕਿੰਨੇ ਬੱਚੇ ਜਾਂ ਬਾਲਗ ਸ਼ਾਮਿਲ ਹਨ। 9ਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਦੱਸਿਆ ਕਿ ਉਸਨੂੰ ਦੂਜੇ ਬੱਚਿਆਂ ਨਾਲ ਇੱਕ ਵਿੱਚ ਇੱਕ ਅਲਮਾਰੀ ਵਿੱਚ ਲੁਕ ਕੇ ਆਪਣੀ ਜਾਨ ਬਚਾਈ।
ਪੁਲਿਸ ਵੱਲੋਂ ਅਜੇ ਹਮਲਾਵਰ ਦੀ ਪਛਾਣ ਜਾਰੀ ਨਹੀ ਕੀਤੀ ਪਰ ਮੰਨਿਆ ਜਾ ਰਿਹਾ ਹੈ ਕਿ ਗੋਲੀਬਾਰੀ ਕਰਨ ਵਾਲੀ ਔਰਤ ਸੀ ਜਿਸਨੂੰ ਵੀ ਮ੍ਰਿਤਕ ਪਾਇਆ ਗਿਆ ਹੈ। ਟੰਬਲਰ ਰਿਜ ਨੂੰ ਕੋਲਾ ਖਾਣ ਵਿਚ ਕੰਮ ਕਰਨ ਵਾਲੇ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਚਾਰ ਦਹਾਕੇ ਪਹਿਲਾਂ ਜਿਲੇ ਵਜੋਂ ਸਥਾਪਿਤ ਕੀਤਾ ਗਿਆ ਸੀ।
ਇਸੇ ਦੌਰਾਨ ਬੀ.ਸੀ. ਦੇ ਪ੍ਰੀਮੀਅਰ ਡੇਵਿਡ ਐਬੀ ਨੇ ਮੰਗਲਵਾਰ ਰਾਤ ਨੂੰ ਇੱਕ ਪ੍ਰੈਸ ਕਾਨਫਰੰਸ ਰਾਹੀਂ ਇਸ ਘਟਨਾ ਦੀ ਨਿੰਦਿਆ ਕਰਦਿਆਂ ਇਸਨੂੰ ਇੱਕ ਵਿਨਾਸ਼ਕਾਰੀ ਦੁਖਾਂਤ ਦੱਸਿਆ ਅਤੇ ਪੀੜ੍ਹਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਸ ਮੁਸ਼ਕਿਲ ਘੜੀ ਵਿੱਚ ਉਨਾਂ ਦੇ ਨਾਲ ਖੜ੍ਹੇ ਹਨ।

Comments