ਪਟਿਆਲਾ- ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਸਵ ਮਨਮੋਹਨ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ‘ਚ ਲਗਾਉਣ ਦਾ ਵਿਰੋਧ ਕੀਤਾ ਗਿਆ ਹੈ । ਕੇਂਦਰੀ ਜੇਲ੍ਹ ਪਟਿਆਲਾ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਲਿਖੇ ਇੱਕ ਪੱਤਰ ਵਿੱਚ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਕਿ ਮਨਮੋਹਨ ਸਿੰਘ ਕਾਂਗਰਸ ਪਾਰਟੀ ਵੱਲੋਂ ਕਠਪੁਤਲੀ ਪ੍ਰਧਾਨ ਮੰਤਰੀ ਸਨ ਜੋ 84 ਸਿੱਖ ਕਤਲੇਆਮ ਦੀ ਦੋਸ਼ੀ ਹੈ, ਅਤੇ ਜਿਸ ਪਾਰਟੀ ਨੇ ਕਾਤਲਾਂ ਦੀ ਪੁਸ਼ਤ ਪਨਾਹੀ ਕੀਤੀ ਹੈ ।ਇਸ ਲਈ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਵਿੱਚ ਲਗਾਉਣ ਦਾ ਕੋਈ ਵੀ ਤਰਕ ਨਹੀਂ ਹੈ।
ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਕਿ ਸਿੱਖ ਅਜਾਇਬ ਘਰ ਵਿੱਚ ਉਨ੍ਹਾਂ ਸਿੱਖ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਲਗਾਈਆਂ ਜਾਣ ਜਿਨ੍ਹਾਂ ਨੇ ਖਾਲਸਾ ਪੰਥ ਅਤੇ ਸਿੱਖੀ ਸਿਧਾਂਤਾਂ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਹੋਣ । ਉਨ੍ਹਾਂ ਕਿਹਾ ਕਿ ਡਾਕਟਰ ਮਨਮੋਹਣ ਸਿੰਘ ਨੇ ਸਿੱਖਾਂ ਦੇ ਕਾਤਲਾਂ ਸੱਜਣ ਕੁਮਾਰ ਅਤੇ ਜਗਦੀਸ਼ ਟਾਇਟਲਰ ਵਰਗਿਆਂ ਨਾਲ ਸਟੇਜਾਂ ਸਾਂਝੀਆਂ ਕੀਤੀਆਂ ਅਤੇ ਤਾਅ ਉਮਰ ਗਾਂਧੀ ਪਰਿਵਾਰ ਦੇ ਜੀਅ ਹਜ਼ੂਰੀਏ ਬਣ ਕੇ ਰਹੇ । ਭਾਈ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਬਨਣਾ ਹੀ ਪ੍ਰਾਪਤੀ ਹੈ ਤਾਂ ਕੱਲ੍ਹ ਨੂੰ ਕੋਈ ਸਿੱਖਾਂ ਦੇ ਕਾਤਲ ਬੇਅੰਤ ਸਿੰਘ ਦੀ ਤਸਵੀਰ ਵੀ ਅਜਾਇਬ ਘਰ ਵਿੱਚ ਲਗਵਾਉਣ ਦੀ ਮੰਗ ਕਰੇਗਾ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਆਪਣੇ ਫ਼ੈਸਲੇ ‘ਤੇ ਮੁੜ ਗੌਰ ਕਰਨ ਦੀ ਬੇਨਤੀ ਕੀਤੀ ਹੈ । ਭਾਈ ਰਾਜੋਆਣਾ ਨੇਂ ‘ਦਾਗੀਆਂ ਅਤੇ ਬਾਗੀਆਂ’ ਅਤੇ ‘ਅਕਾਲੀ ਫੂਲਾ ਸਿੰਘ ਦੇ ਅਖੌਤੀ ਵਾਰਸਾਂ’ ਦੇ ਇਸ ਮਸਲੇ ਬਾਰੇ ਚੁੱਪ ਰਹਿਣ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ ।
Comments