
ਬਾਦਲ, ਮੁਕਤਸਰ- ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ 98 ਵੀਂ ਜਨਮ ਵਰ੍ਹੇਗੰਢ ਨੂੰ ਸਦਭਾਵਨਾ ਦਿਵਸ ਵਜੋਂ ਮਨਾਇਆ । ਪਿੰਡ ਬਾਦਲ ਵਿਖੇ ਹੋਏ ਸਮਾਗਮ ਵਿੱਚ ਵੱਖ – ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਲੋਕਾ ਨੇ ਸ਼ਮੂਲੀਅਤ ਕਰ ਅਰਦਾਸ ਵਿੱਚ ਸ਼ਾਮਿਲ ਹੋ ਸ.ਬਾਦਲ ਨੂੰ ਸ਼ਰਧਾਂਜਲੀ ਭੇਟ ਕੀਤੀ। ਸ.ਸੁਖਬੀਰ ਸਿੰਘ ਬਾਦਲ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਨੇ ਆਈ ਲੀਡਰਸ਼ਿਪ ਅਤੇ ਸੰਗਤ ਦਾ ਧੰਨਵਾਦ ਕੀਤਾ ਅਤੇ ਸ.ਬਾਦਲ ਨਾਲ ਆਪਣੀਆਂ ਯਾਦਾਂ ਨੂੰ ਸਾਂਝਾ ਕੀਤਾ ।
ਇਸ ਮੌਕੇ ਸ. ਬਾਦਲ ਦੀ ਯਾਦ ਵਿੱਚ ਬਣਾਈ ਯਾਦਗਾਰ ਨੂੰ ਵੀ ਲੋਕ ਅਰਪਣ ਕੀਤਾ ਗਿਆ ਜਿੱਥੇ ਬਾਦਲ ਸਾਬ੍ਹ ਦਾ ਬੁੱਤ ਅਤੇ 70 ਫੁੱਟ ਉੱਚਾ ਅਕਾਲੀ ਝੰਡਾ ਲਗਾਇਆ ਗਿਆ ਹੈ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਹਰਜਿੰਦਰ ਸਿੰਘ ਧਾਮੀ , ਸ. ਬਲਵਿੰਦਰ ਸਿੰਘ ਭੂੰਦੜ, ਅਭੈ ਸਿੰਘ ਚੌਟਾਲਾ,ਡਾ. ਦਲਜੀਤ ਸਿੰਘ ਚੀਮਾ, ਸ.ਮਨਪ੍ਰੀਤ ਸਿੰਘ ਬਾਦਲ, ਸ੍ਰੀ ਸੁਰਜੀਤ ਕੁਮਾਰ ਜਿਆਣੀ ਅਤੇ ਹਰਦੇਵ ਅਰਸ਼ੀ ਨੇ ਸੰਬੋਧਨ ਕਰ ਸ ਮਰਹੂਮ ਸਿਆਸਤਦਾਨ ਨੂੰ ਯਾਦ ਕੀਤਾ ।
ਇਸ ਮੌਕੇ ਬੋਲਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਨੇ ਬਹੁਤ ਹੀ ਹਲੀਮੀ, ਸਹਿਜ ਤੇ ਸੇਵਾ ਭਾਵਨਾ ਨਾਲ ਪਿੰਡ ਦੀ ਸਰਪੰਚੀ ਤੋਂ ਸ਼ੁਰੂਆਤ ਕਰਕੇ ਕੇਂਦਰ ਸਰਕਾਰ ਦੇ ਮੰਤਰੀ ਵਜੋਂ, ਪੰਜ ਵਾਰ ਮੁੱਖ ਮੰਤਰੀ ਵਜੋਂ ਤੇ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਵਜੋਂ ਸੇਵਾ ਕੀਤੀ ਤੇ ਉਨ੍ਹਾਂ ਨੂੰ ਸਭ ਧਰਮਾਂ ਤੇ ਵਰਗਾਂ ਦੇ ਲੋਕਾਂ ਨੇ ਪ੍ਰਵਾਨ ਕੀਤਾ।
ਇਸ ਮੌਕੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ. ਬਾਦਲ ਨੇ ਪੰਜਾਬ ਤੇ ਪੰਜਾਬੀਅਤ ਦੀ ਚੜ੍ਹਦੀ ਕਲਾ ਲਈ ਕਾਰਜ ਕੀਤੇ , ਪੰਜਾਬ ਦੇ ਹੱਕਾਂ ਲਈ ਲੜਾਈ ਲੜੀ । ਸ.ਬਾਦਲ ਨੂੰ ਅੱਜ ਕਿਸਾਨ, ਗਰੀਬ ਅਤੇ ਵਪਾਰੀ ਹਰ ਵਰਗ ਯਾਦ ਕਰ ਰਿਹਾ ਹੈ ।
“ਮੈਂ ਉਹਨਾਂ ਵੱਲੋਂ ਦਿੱਤੀ ਹਰ ਸਿੱਖਿਆ ਨੂੰ ਲੈਕੇ ਚੱਲਦੀ ਹਾਂ ਤੇ ਅੱਜ ਲੋਕ ਸੇਵਾ ਵਿੱਚ ਜੋ ਵੀ ਕੰਮ ਕਰ ਰਹੀ ਹਾਂ ਇਹ ਸਭ ਸ.ਬਾਦਲ ਵੱਲੋਂ ਦਿੱਤੀ ਸੇਧ ਕਰਕੇ ਹੀ ਹੈ ।”

Comments