
ਟੋਰਾਂਟੋ- ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਕਾਰਾਂ ਚੋਰੀ ਹੋਣ ਦੀਆ ਘਟਨਾਵਾਂ ਰੋਕਣ ਲਈ ਨਵਾਂ ਕਾਨੂੰਨ ਲਿਆਂਦਾਂ ਜਾ ਰਿਹਾ ਹੈ। ਪ੍ਰੀਮੀਅਰ ਡਗ ਫ਼ੋਰਡ ਦੀ ਅਗਵਾਈ ਵਾਲੀ ਪੀ.ਸੀ.ਪਾਰਟੀ ਦੀ ਸਰਕਾਰ ਵੱਲੋਂ ਸੂਬੇ ਵਿਚ ਕਾਰਾਂ ਚੋਰੀ ਹੋਣ ਦੀਆ ਘਟਨਾਵਾਂ ਨੂੰ ਨੱਥ ਪਾਉਣ ਲਈ ਨਵੇਂ ਕਦਮ ਚੁੱਕੇ ਜਾ ਰਹੇ ਹਨ ।
ਸੂਬੇ ਦੇ ਟਰਾਂਸਪੋਰਟ ਮੰਤਰੀ ਪ੍ਰਬਮੀਤ ਸਰਕਾਰੀਆ ਨੇ ਅੱਜ ਅਹਿਮ ਐਲਾਨ ਕੀਤਾ, ਜਿਸ ਤਹਿਤ ਸੂਬਾ ਸਰਕਾਰ ਦੇ ਹੱਥ ਵਿੱਚ ਇਹ ਤਾਕਤ ਹੋਵੇਗੀ ਕਿ ਹਿੰਸਾ, ਹਥਿਆਰ, ਤਾਕਤ ਦੀ ਵਰਤੋਂ, ਜਾਂ ਵਿੱਤੀ ਲਾਭ ਲਈ ਕਾਰ ਚੋਰੀ ਦੇ ਪਹਿਲੇ ਮਾਮਲੇ ਵਿਚ ਕਸੂਰਵਾਰ ਪਾਏ ਜਾਣ ‘ਤੇ ਡਰਾਈਵਰ ਦਾ ਲਾਈਸੈਂਸ 10 ਸਾਲ ਲਈ ਮੁਅੱਤਲ ਕੀਤਾ ਜਾਵੇਗਾ।
ਦੂਸਰੀ ਵਾਰੀ ਕਾਰ ਚੋਰੀ ਦੇ ਮਾਮਲੇ ਵਿਚ ਦੋਸ਼ੀ ਪਾਏ ਜਾਣ ‘ਤੇ ਇਹ ਮੁਅੱਤਲੀ 15 ਸਾਲ ਹੋ ਸਕਦੀ ਹੈ ਅਤੇ ਤੀਸਰੀ ਵਾਰੀ ਦੋਸ਼ੀ ਪਾਏ ਜਾਣ ‘ਤੇ ਉਮਰ ਭਰ ਲਈ ਲਾਈਸੈਂਸ ਜ਼ਬਤ ਕੀਤਾ ਜਾਵੇਗਾ।
ਓਨਟਾਂਰੀਓ ਸਰਕਾਰ ਇਸ ਤਜ਼ਵੀਜ਼ ਨੂੰ ਅਮਲੀ ਜਾਮਾ ਪਹਿਨਾਉਣ ਲਈ ਕਾਨੂੰਨ ਲਿਆਵੇਗੀ। ਵੀਰਵਾਰ ਨੂੰ ਇਸ ਬਾਬਤ ਬਿੱਲ ਪੇਸ਼ ਕੀਤਾ ਜਾਵੇਗਾ । ਇਹ ਬਿੱਲ ਪੀ.ਸੀ. ਪਾਰਟੀ ਦੀ ਬਹੁਮਤ ਵਾਲੀ ਸੂਬਾਈ ਪਾਰਲੀਮੈਂਟ ਵਿਚ ਪੇਸ਼ ਕੀਤਾ ਜਾਵੇਗਾ ਜੋ ਪਾਸ ਹੋਣ ਦੀ ਸੂਰਤ ਵਿੱਚ ਕਾਨੂੰਨ ਦੀ ਸ਼ਕਲ ਅਖ਼ਤਿਆਰ ਕਰੇਗਾ।
ਸੂਬੇ ਦੇ ਟ੍ਰਾਂਸਪੋਰਟ ਮੰਤਰੀ ਪ੍ਰਬਮੀਤ ਸਰਕਾਰੀਆ ਨੇ ਟੋਰਾਂਟੋ ਵਿੱਚ ਇੱਕ ਨਿਊਜ਼ ਕਾਨਫ਼੍ਰੰਸ ਦੌਰਾਨ ਨਵੇਂ ਪ੍ਰਸਤਾਵਾਂ ਦਾ ਐਲਾਨ ਕੀਤਾ ਹੈ । ਉਹਨਾਂ ਕਿਹਾ ਕਿ ਲੋਕਾਂ ਨੂੰ ਬੰਦੂਕ ਦੀ ਨੋਕ ‘ਤੇ ਗੱਡੀਆਂ ‘ਚੋਂ ਬਾਹਰ ਕੱਡਣ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸਰਕਾਰ ਸੜਕਾਂ ‘ਤੇ ਸਟੰਟ ਕਰਨ ਵਾਲਿਆਂ ਨੂੰ ਵੀ ਲੰਮੇ ਹੱਥੀਂ ਲਵੇਗੀ।ਸੜਕ ‘ਤੇ ਪੋਸਟ ਕੀਤੀ ਸਪੀਡ ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਰਫ਼ਤਾਰ ‘ਤੇ ਗੱਡੀ ਚਲਾਉਣ ਨੂੰ ਸਟੰਟ ਡਰਾਈਵਿੰਗ ਸਮਝਿਆ ਜਾਵੇਗਾ। ਸੜਕੀ ਨਿਯਮਾਂ ਦੀ ਉਲੰਘਣਾਂ ਕਰਨ ‘ਤੇ ਪਹਿਲੇ ਜੁਰਮ ਵਿਚ ਇੱਕ ਸਾਲ ਲਈ ਲਾਇਸੈਂਸ ਮੁਅੱਤਲ ਹੋਵੇਗਾ, ਦੂਸਰੇ ਲਈ ਤਿੰਨ ਸਾਲ ਅਤੇ ਤੀਸਰੀ ਵਾਰੀ ਦੋਸ਼ੀ ਪਾਏ ਜਾਣ ‘ਤੇ ਉਮਰ ਭਰ ਦੀ ਮੁਅੱਤਲੀ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਓਨਟਾਰੀਓ ਸੂਬੇ ਵਿੱਚ ਕਾਰਾਂ ਚੋਰੀ ਹੋਣ ਦੀਆ ਘਟਨਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਸਨ। ਸਰਕਾਰੀ ਅੰਕੜਿਆਂ ਮੁਤਾਬਕ ਸੂਬੇ ਵਿੱਚ ਹਰੇਕ 14 ਮਿੰਟਾਂ ਵਿੱਚ ਇੱਕ ਗੱਡੀ ਚੋਰੀ ਹੋ ਜਾਂਦੀ ਹੈ। ਮਾਰਚ ਮਹੀਨੇ ਟੋਰਾਂਟੋ ਪੁਲਸ ਮੁਖੀ ਨੇ ਕਿਹਾ ਸੀ ਕਿ ਪਿਛਲੇ ਸਾਲ ਸ਼ਹਿਰ ਵਿੱਚ ਹਰੇਕ 40 ਮਿੰਟਾਂ ਵਿੱਚ ਇੱਕ ਗੱਡੀ ਚੋਰੀ ਹੋਈ ਸੀ ।ਅਜਿਹੀਆਂ ਘਟਨਾਵਾਂ ਰੋਕਣ ਲਈ ਹੁਣ ਸਰਕਾਰ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਕੈਨੇਡਾ ਦੀ ਫੈਡਰਲ ਸਰਕਾਰ ਵੱਲੋਂ ਕਾਰ ਚੋਰੀ ਰੋਕਣ ਸਬੰਧੀ ਇੱਕ ਸੰਮੇਲਨ ਵੀ ਕਰਵਾਇਆ ਗਿਆ ਹੈ।
