ਸਤਿਗੁਰੂ ਜੀ ਸਿੱਖ ਦੇ ਹਲਤ ਪਲਤ, ਦੀਨ ਦੁਨੀ ਦੇ ਰਾਖੇ ਹਨ। ਇਸ ਲਈ ਸਤਿਗਰੂ ਜੀ ਨੇ ਗੁਰਬਾਣੀ ਰਾਹੀਂ ਸਿੱਖ ਦੀ ਅਗਵਾਈ ਕੀਤੀ ਹੈ। ਜਿਵੇਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਧ ਗੋਸ਼ਟ ਵਿਚ ਸਿਧਾਂ ਦੇ ਸ਼ੰਕੇ ਅਤੇ ਉਨ੍ਹਾਂ ਦਾ ਸਮਾਧਾਨ ਬਖਸ਼ਿਸ਼ ਕਰਦੇ ਹਨ।
ਸਿਧਾਂ ਨੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਅਸੀਂ ਤਾਂ ਸੰਸਾਰੀ ਕਾਰ ਵਿਹਾਰ ਤੋਂ ਨਿਰਲੇਪ ਹੋ ਕੇ ਰੁਖਾਂ ਬਿਰਖਾਂ ਦੀ ਛਾਂ ਥੱਲੇ ਗੁਜ਼ਰ ਬਸਰ ਕਰਦੇ ਹਾਂ, ਕੰਦ ਮੂਲ ਸਾਡਾ ਭੋਜਨ ਹੈ, ਤੀਰਥਾਂ ਤੇ ਇਸ਼ਨਾਨ ਕਰਦੇ ਹਾਂ ਅਤੇ ਇਸ ਤਰ੍ਹਾਂ ਮੈਲ ਤੋ ਨਿਵਰਤ ਹੁੰਦੇ ਹਾਂ।
ਹਾਟੀ ਬਾਟੀ ਰਹਹਿ ਨਿਰਾਲੇ ਰੂਖਿ ਬਿਰਖਿ ਉਦਿਆਨੇ ॥
ਕੰਦ ਮੂਲੁ ਅਹਾਰੋ ਖਾਈਐ ਅਉਧੂ ਬੋਲੈ ਗਿਆਨੇ ॥
ਤੀਰਥਿ ਨਾਈਐ ਸੁਖੁ ਫਲੁ ਪਾਈਐ ਮੈਲੁ ਨ ਲਾਗੈ ਕਾਈ ॥
ਗੋਰਖ ਪੂਤੁ ਲੋਹਾਰੀਪਾ ਬੋਲੈ ਜੋਗ ਜੁਗਤਿ ਬਿਧਿ ਸਾਈ ॥੭॥(ਮ:੧ ੯੩੯)
ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦਿਆਂ ਇਹਨਾਂ ਤੁਕਾਂ ਨੂੰ ਪੜ੍ਹ ਕੇ ਹੀ ਕੋਈ ਇਸਨੂੰ ਗੁਰ ਉਪਦੇਸ਼ ਨਾ ਸਮਝ ਬੈਠੇ। ਇਹ ਤਾਂ ਇਕ ਪ੍ਰਸ਼ਨ, ਮਸਲਾ ਜਾਂ ਸਿਧਾਂ ਦੀ ਸੋਚ ਜਾਂ ਵਿਚਾਰ ਹਨ। ਇਸ ਦੇ ਜਵਾਬ ਵਿਚ ਸਤਿਗੁਰੂ ਜੀ ਨੇ ਇਸ ਸਿਧਾਂਤ ਨੂੰ ਪੂਰੀ ਤਰ੍ਹਾਂ ਖੰਡਤ ਕਰਦੇ ਹੋਏ ਉਪਦੇਸ਼ ਦਿੱਤਾ ਕਿ ਘਰ ਬਾਰ ਛੱਡ ਕੇ, ਸੰਸਾਰ ਤੋਂ ਨਾਤਾ ਤੋੜ ਕੇ ਤੁਹਾਨੂੰ ਕੁਝ ਵੀ ਪ੍ਰਾਪਤ ਨਹੀਂ ਹੋਏਗਾ। ਇਸ ਮਨ ਨੂੰ ਟਿਕਾਣ ਲਈ ਨਾਮ ਦਾ ਆਧਾਰ ਤੇ ਅਲਪ ਅਹਾਰ ਸੁਲਪ ਸੀ ਨਿੰਦ੍ਰਾ ਦਾ ਰਾਹ ਦੱਸਿਆ। ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ,
ਹਾਟੀ ਬਾਟੀ ਨੀਦ ਨ ਆਵੈ ਪਰ ਘਰਿ ਚਿਤੁ ਨ ਡੋੁਲਾਈ।।
ਬਿਨੁ ਨਾਵੈ ਮਨੁ ਟੇਕ ਨ ਟਿਕਈ ਨਾਨਕ ਭੂਖ ਨ ਜਾਈ ॥
ਹਾਟੁ ਪਟਣੁ ਘਰੁ ਗੁਰੂ ਦਿਖਾਇਆ ਸਹਜੇ ਸਚੁ ਵਾਪਾਰੋ ॥
ਖੰਡਿ ਤ ਨਿਦ੍ਰਾ ਅਲਪ ਅਹਾਰੰ ਨਾਨਕ ਤਤੁ ਬੀਚਾਰੋ ॥੮॥(ਮ:੧ ੯੩੯)
ਹੁਣ ਜੇਕਰ ਕੋਈ ਪਹਿਲੇ ਹਿੱਸੇ ਨੂੰ ਪੜ੍ਹ ਕੇ ਹੀ ਨਿਰਣਾ ਕਰੀ ਜਾਏ ਤਾਂ ਦੀਨ ਦੁਨੀ ਦੋਨੋਂ ਗਵਾ ਬੈਠੇਗਾ। ਗੁਰਬਾਣੀ ਵਿਚ ਇਸ ਤਰ੍ਹਾਂ ਕਈ ਹਵਾਲੇ ਹਨ। ਜਿਵੇਂ ਪਹਿਲੇ ਪ੍ਰਸ਼ਨ ਹੈ,
ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ ॥
ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ ॥੧॥
ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ ॥੧॥ ਰਹਾਉ ॥
ਫਿਰ ਨਾਲ ਹੀ ਇਸਦਾ ਜਵਾਬ ਵੀ ਹੈ,
ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ ॥
ਨਾ ਸਰਵਰੁ ਨਾ ਊਛਲੈ ਐਸਾ ਪੰਥੁ ਸੁਹੇਲਾ ॥੧॥
ਤੇਰਾ ਏਕੋ ਨਾਮੁ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ ॥੧॥ ਰਹਾਉ ॥
ਇਸੇ ਤਰ੍ਹਾਂ ਨਕਲੀ ਨਿਰੰਕਾਰੀ ਵੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਕ ਸ਼ਬਦ ਦੀਆਂ ਪਹਿਲੀਆਂ ਦੋ ਤੁਕਾਂ ਪੜ੍ਹ ਕੇ ਕਹਿੰਦੇ ਹਨ ਕਿ ਗੁਰੂ ਸਾਹਿਬ ਵੀ ਹੁਕਮ ਕਰਦੇ ਹਨ ਕਿ ਪਾਠ ਕਰਨ ਆਦਿ ਦਾ ਕੋਈ ਲਾਭ ਨਹੀਂ ਹੈ। ਉਹ ਤੁਕਾਂ ਪੜ੍ਹਦੇ ਹਨ,
ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥
ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥੧॥……..
ਪਰ ਇਸ ਤੋਂ ਅਗਲੀਆਂ ਦੋ ਤੁਕਾਂ ਨੂੰ ਉਹ ਜਾਣ ਬੁਝ ਕੇ ਛੱਡ ਜਾਂਦੇ ਹਨ ਜਿਸ ਵਿਚ ਸਤਿਗੁਰੂ ਜੀ ਫੁਰਮਾਂਦੇ ਹਨ,
ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ ॥
ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ॥ਰਹਾਉ।। (ਮ:੫ ੬੪੨)
ਗੁਰਬਾਣੀ ਵਿਚ ਤਾਂ ਇਹ ਵੀ ਬਚਨ ਹਨ,
ਛੋਡਿ ਰਾਮੁ ਕੀ ਨ ਭਜਹਿ ਖੁਦਾਇ ॥੬॥
ਨ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ ॥
ਪਿੰਡੁ ਪੜੈ ਤਉ ਹਰਿ ਗੁਨ ਗਾਇ ॥੭॥ (ਭਗਤ ਨਾਮਦੇਵ ਜੀ: ੧੧੬੬)
ਹੁਣ ਜੇ ਕੋਈ ਪਹਿਲੀ ਇਕ ਤੁਕ ਹੀ ਪੜ੍ਹ ਕੇ ਸੁਣਾਈ ਜਾਏ ਤਾਂ ਕੀ ਅਰਥ ਦਾ ਅਨਰਥ ਨਹੀਂ ਹੋ ਜਾਏਗਾ? ਇਸੇ ਤਰ੍ਹਾਂ ਇਕ ਬੰਦਾ ਕਹੀ ਜਾ ਰਿਹਾ ਸੀ ਜੀ ਵੇਖੋ ਲਿਖਿਆ ਹੈ, ਕੁਰਾਨ ਮਤ ਪੜ੍ਹੋ! ਕੁਰਾਨ ਮਤ ਪੜ੍ਹੋ! ਕੁਰਾਨ ਮਤ ਪੜ੍ਹੋ!। ਪਰ ਉਹ ਇਸ ਤੋਂ ਅਗਲੀਆਂ ਤੁਕਾਂ ਨਹੀਂ ਪੜ੍ਹ ਰਿਹਾ ਜਿਸ ਵਿਚ ਲਿਖਿਆ ਸੀ, ਜਬ ਤਕ ਤੁਮ ਵੁਜ਼ੂ ਨਾ ਕਰ ਲੋ।
ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿਚ ਚਰਿਤ੍ਰੋ ਪਾਖ੍ਯਾਨ ਦੇ ਚਰਿਤ੍ਰ ੨੪੪ ਤੇ ਚਾਰ ਤੁਕਾਂ ਦਾ ਇਕ ਬੰਦ ਹੈ। ਇਸ ਵਿਚ ਪਹਿਲੀਆਂ ਦੋ ਤੁਕਾਂ ਵਿਚ ਇਕ ਪ੍ਰਸ਼ਨ ਜਾਂ ਮਸਲਾ ਹੈ ਅਤੇ ਉਸ ਤੋਂ ਅਗਲੀਆਂ ਦੋ ਤੁਕਾਂ ਵਿਚ ਸਤਿਗੁਰੂ ਜੀ ਆਪਣਾ ਨਿਰਣਾ ਦੇਂਦੇ ਹਨ। ਪੂਰਾ ਬੰਦ ਬਿਲਕੁਲ ਗੁਰ ਆਸ਼ੇ ਨੂੰ ਸਪਸ਼ਟ ਕਰਦਾ ਹੈ।
ਕਾਮਾਤੁਰ ਹ੍ਵੈ ਜੁ ਤ੍ਰਿਯ ਪੁਰਖ ਪ੍ਰਤਿ ਆਵਈ ॥
ਘੋਰ ਨਰਕ ਮਹਿ ਪਰੈ ਜੁ ਤਾਹਿ ਨ ਰਾਵਈ ॥
ਜੋ ਪਰ ਤ੍ਰਿਯ ਪਰ ਸੇਜ ਭਜਤ ਹੈ ਜਾਇ ਕਰਿ ॥
ਹੋ ਪਾਪ ਕੁੰਡ ਕੇ ਮਾਹਿ ਪਰਤ ਸੋ ਧਾਇ ਕਰਿ ॥੨੦॥ (ਚਰਿਤ੍ਰ ੨੪੪)
ਪਹਿਲੀਆਂ ਦੋ ਤੁਕਾਂ ਵਿਚ ਹੈ ਕਿ ਜੇਕਰ ਕੋਈ ਕਾਮਾਤੁਰ (ਆਤੁਰ = ਪੱਕਾ ਰੋਗੀ) ਇਸਤ੍ਰੀ ਪੁਰਖ ਨੂੰ ਮਿਲਣਾ ਚਾਹੁੰਦੀ ਹੈ ਤੇ ਜੇਕਰ ਉਹ ਨਾ ਮਿਲੇ ਤਾਂ ਉਹ ਵਿਅਕਤੀ ਨਰਕ ਦਾ ਭਾਗੀ ਹੋਏਗਾ। ਪਰ ਇਸਦੇ ਨਾਲ ਹੀ ਇਸੇ ਛੰਦ ਦੀਆਂ ਅਗਲੀਆਂ ਦੋ ਤੁਕਾਂ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਚਾਰ ਬੱਜਰ ਕੁਰਹਿਤਾਂ ਵਿਚੋ ਪਰ ਤਨ ਗਾਮੀ ਵਾਲੀ ਇਕ ਕੁਰਹਿਤ ਦੀ ਵਿਆਖਿਆ ਕਰਦੇ ਹਨ ਕਿ ਜੇ ਕੋਈ ਵਿਅਕਤੀ ਕਿਸੇ ਪਰ ਇਸਤ੍ਰੀ ਦੇ ਨਾਲ ਸੰਗ ਕਰਦਾ ਹੈ ਤਾਂ ਉਸਨੂੰ ਪਾਪ ਕੁੰਡ ਵਿਚ ਧਾਅ ਕਰ ਕੇ ਡਿੱਗੇਗਾ।
ਪਰ ਅਫਸੋਸ, ਸਦ ਅਫਸੋਸ ਸਿੱਖ ਮਿਸ਼ਨਰੀ ਕਾਲਜ ਨੇ ਆਪਣੀ “ਖੋਜ ਭਰਪੂਰ” ਵਿਵਾਦਤ ਪੁਸਤਕ ਦਸਮ ਗ੍ਰੰਥ ਦਰਪਨ, ਪੰਨਾ ੧੯ ਵਿਚ ਬਾਅਦ ਦੀਆਂ ਦੋ ਤੁਕਾਂ ਕਟ ਕੇ ਇਸ ਤਰ੍ਹਾਂ ਛਾਪਿਆ ਹੈ,
ਕਾਮਾਤੁਰ ਹ੍ਵੈ ਜੁ ਤ੍ਰਿਯ ਪੁਰਖ ਪ੍ਰਤਿ ਆਵਈ ॥
ਘੋਰ ਨਰਕ ਮਹਿ ਪਰੈ ਜੁ ਤਾਹਿ ਨ ਰਾਵਈ ॥੨੦॥
ਇਸ ਵਿਚ ਅੰਕ ।।੨੦।। ਵੀ ਪਿੱਛੋਂ ਚੁਕ ਪਹਿਲੀਆਂ ਦੋ ਤੁਕਾਂ ਦੇ ਬਾਅਦ ਜੋੜ ਦਿੱਤਾ ਹੈ ਤਾਂ ਜੋ ਇਹ ਲੱਗੇ ਕਿ ਸਤਿਗੁਰੂ ਜੀ ਚਰਿਤ੍ਰ ਹੀਣਤਾ ਦਾ ਉਪਦੇਸ਼ ਦੇ ਰਹੇ ਹਨ । ਇਹ ਅਣਗਹਿਲੀ ਨਹੀਂ ਬਲਕਿ ਜਾਣ ਬੁਝ ਕੇ ਕੀਤੀ ਗਈ ਘੋਰ ਗੁਰੂ ਨਿੰਦਾ ਅਤੇ ਇਖਲਾਕੀ ਜੁਰਮ ਹੈ। ਦੁਨਿਆਵੀ ਪੱਧਰ ਤੇ ਵੀ ਜੇਕਰ ਕੋਈ ਐਸੀ ਹਰਕਤ ਕਰਦਾ ਹੈ ਤਾਂ ਇਹ ਧੋਖਾਧੜੀ ਦੇ ਰੂਪ ਵਿਚ ਇਕ ਕਾਂਨੂੰਨੀ ਜੁਰਮ ਮੰਨਿਆ ਜਾਏਗਾ। ਸ਼ਾਇਦ ਇਸੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੇ ੨੭ ਨਵੰਬਰ, ੨੦੦੬ ਨੂੰ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਨਿੰਦਕਾ ਨੂੰ ‘ਸ਼ਰਾਰਤੀ ਅਨਸਰ’ ਐਲਾਨਿਆ ਹੈ।
ਹੁਣ ਇਸ ਗੁਰੂ ਨਿੰਦਾ ਬਾਰੇ ਤਾਂ ਸਿਰਫ਼ ਭਾਈ ਗੁਰਦਾਸ ਜੀ ਦੀ ਇਕ ਵਾਰ ਦਾ ਹੀ ਹਵਾਲਾ ਦਿੱਤਾ ਜਾ ਸਕਦਾ ਹੈ। ਭਾਈ ਸਾਹਿਬ ਜੀ ਫਰਮਾਉਂਦੇ ਹਨ,
ਮਦ ਵਿਚਿ ਰਿਧਾ ਪਾਇ ਕੈ ਕੁਤੇ ਦਾ ਮਾਸੁ ॥ ਧਰਿਆ ਮਾਣਸ ਖੋਪਰੀ ਤਿਸੁ ਮੰਦੀ ਵਾਸੁ ॥
ਰਤੂ ਭਰਿਆ ਕਪੜਾ ਕਰਿ ਕਜਣੁ ਤਾਸੁ ॥ ਢਕਿ ਲੈ ਚਲੀ ਚੂਹੜੀ ਕਰਿ ਭੋਗ ਬਿਲਾਸੁ ॥
ਆਖਿ ਸੁਣਾਏ ਪੁਛਿਆ ਲਾਹੇ ਵਿਸਵਾਸੁ ॥ ਨਦਰੀ ਪਵੈ ਅਕਿਰਤਘਣੁ ਮਤੁ ਹੋਇ ਵਿਣਾਸੁ ॥੯॥
(ਵਾਰ ੩੫ ਪਉੜੀ ੯)
ਗੁਰਚਰਨਜੀਤ ਸਿੰਘ ਲਾਂਬਾ
www.santsipahi.org; www.patshahi10.org
(ਸ੍ਰੀ ਦਸਮ ਗ੍ਰੰਥ ਸਾਹਿਬ ਬਾਰੇ ਛਪ ਰਹੀ ਪੁਸਤਕ ਵਿਚੋ)
Comments