ਤਰਨਤਾਰਨ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਪਾਕਿਸਤਾਨ ਨਾਲ ਲੱਗਦੇ 553 ਕਿਲੋਮੀਟਰ ਬਾਰਡਰ ‘ਤੇ ₹51.41 ਕਰੋੜ ਦੀ ਲਾਗਤ ਨਾਲ ਆਧੁਨਿਕ ਐਂਟੀ ਡਰੋਨ ਸਿਸਟਮ ਦਾ ਲਾਂਚ ਕੀਤਾ। ਇਹ ਡਰੋਨ ਸਿਸਟਮ ਸਰਹੱਦ ਪਾਰੋਂ ਆਉਂਦੇ ਨਸ਼ੇ ਤੇ ਗ਼ੈਰ ਕਨੂੰਨੀ ਹਥਿਆਰਾਂ ਨੂੰ ਰੋਕਣ ਲਈ ਕੰਮ ਕਰੇਗਾ। ਪੰਜਾਬ ਸਰਕਾਰ ਹੁਣ ਬਾਰਡਰ ‘ਤੇ ਬਾਜ਼ ਅੱਖ ਰੱਖਕੇ ਰਾਖੀ ਕਰੇਗੀ।
ਇਸ ਮੌਕੇ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ,”ਅੱਜ ‘ਬਾਜ਼ ਅੱਖ’ ਨਾਂ ਦੇ ‘ਐਂਟੀ ਡਰੋਨ ਸਿਸਟਮ’ ਦੀ ਸ਼ੁਰੁਆਤ ਕਰ ਰਹੇ ਹਾਂ। ਜਿਸ ਦੇ ਜ਼ਰੀਏ ਸਾਡੀ ਅੱਖ ਹਰ ਪਲ ਪੰਜਾਬ ਵਿਰੋਧੀ ਅਨਸਰਾਂ ‘ਤੇ ਰਹੇਗੀ। ਪਠਾਨਕੋਟ ਤੋਂ ਫਾਜ਼ਿਲਕਾ ਤੱਕ 532 ਕਿਲੋਮੀਟਰ ਦੇ ਸਰਹੱਦੀ ਖੇਤਰ ‘ਚ BSF ਦੇ ਸਹਿਯੋਗ ਨਾਲ ਗੁਆਂਢੀ ਮੁਲਕ ਤੋਂ ਡਰੋਨ ਰਾਹੀਂ ਹੋਣ ਵਾਲੀ ਹਥਿਆਰਾਂ ਅਤੇ ਨਸ਼ੇ ਦੀ ਤਸਕਰੀ ਨੂੰ ਠੱਲ੍ਹ ਪਾਈ ਜਾਵੇਗੀ।”
ਇਸ ਮੌਕੇ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ, “ਪੰਜਾਬ ‘ਚ ਵਿਕਣ ਵਾਲਾ ਨਸ਼ਾ ਪਾਕਿਸਤਾਨ ਤੋਂ ਆਉਂਦਾ ਹੈ, ਜੋ ਡਰੋਨ ਰਾਹੀਂ ਭੇਜਿਆ ਜਾਂਦਾ ਹੈ।
ਹੁਣ ਇਸ ਨਾਲ ਨਜਿੱਠਣ ਲਈ ਮਾਨ ਸਰਕਾਰ ਨੇ Anti-Drone System ਲਗਾ ਦਿੱਤੇ ਹਨ, ਤਾਂ ਜੋ ਪਾਕਿਸਤਾਨ ਤੋਂ ਪੰਜਾਬ ਵਿੱਚ ਨਸ਼ਾ ਨਾ ਆ ਸਕੇ।
ਫ਼ਿਲਹਾਲ 3 Anti-Drone System ਲੱਗੇ ਹਨ, ਜਲਦ ਹੀ ਹੋਰ 6 ਲਗਾਏ ਜਾਣਗੇ। ਅਰਦਾਸ ਹੈ ਕਿ ਪੰਜਾਬ ਜਲਦੀ ਨਸ਼ਾ ਮੁਕਤ ਹੋਵੇ।”
ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਮਾਨ ਸਰਕਾਰ ਦੀ ਬਦੌਲਤ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ, ਜਿਸ ਕੋਲ ਆਪਣੀ ਸਰਹੱਦ ਦੀ ਰਾਖੀ ਲਈ ਐਂਟੀ ਡਰੋਨ ਸਿਸਟਮ ਚਾਲੂ ਹੋ ਗਿਆ ਹੈ। ਹੁਣ ਸਰਹੱਦ ਪਾਰੋਂ ਗੁਆਂਢੀ ਮੁਲਕ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ‘ਤੇ ਮੁਕੰਮਲ ਰੋਕ ਲੱਗੇਗੀ ।
Comments