ਚੰਡੀਗੜ੍ਹ- ਖਰੜ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਨਮੋਲ ਗਗਨ ਮਾਨ ਨੇ ਸਿਆਸਤ ਤੋਂ ਕਿਨਾਰਾ ਕਰ ਲਿਆ ਹੈ, ਉਨ੍ਹਾਂ ਭਰੇ ਮਨ ਨਾਲ ਪਾਰਟੀ ਛੱਡਣ ਦਾ ਐਲਾਨ ਕੀਤਾ ਹੈ। ਚੁਟਕੀਆਂ ਵਿੱਚ MSP ਦਿਵਾਉਣ ਦਾ ਵਾਅਦਾ ਕਰਨ ਵਾਲੀ ਆਗੂ ਨੇ ਅਸਤੀਫ਼ਾ ਦੇਣ ਦਾ ਫ਼ੈਸਲਾ ਕਰਦਿਆਂ ਲਿਖਿਆ ਹੈ, “ਦਿਲ ਭਾਰੀ ਹੈ, ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਹੈ।
ਮੇਰਾ MLA ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ।
ਮੇਰੀਆਂ ਸ਼ੁਭਕਾਮਨਾਵਾਂ ਪਾਰਟੀ ਨਾਲ ਹਨ । ਮੈਨੂੰ ਓਮੀਦ ਹੈ, ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ |”
ਦੱਸਣਯੋਗ ਹੈ ਕਿ ਹਾਲੇ ਚਾਰ ਦਿਨ ਪਹਿਲਾਂ ਹੀ ਦਿੱਲੀ ਵਿਖੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਮਗਰੋਂ ਅਨਮੋਲ ਗਗਨ ਮਾਨ ਨੇ ਕਿਹਾ ਸੀ ਕਿ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨਾਲ ਵੱਖ-ਵੱਖ ਮਸਲਿਆਂ ’ਤੇ ਵਿਸਥਾਰ ਨਾਲ ਚਰਚਾ ਹੋਈ, ਸਮਾਜ ਨੂੰ ਉੱਪਰ ਚੁੱਕਣ ਦਾ ਉਨ੍ਹਾਂ ਦਾ ਸੁਪਨਾ ਸਾਨੂੰ ਹਮੇਸ਼ਾਂ ਹੀ ਹੌਂਸਲੇ ਅਤੇ ਪ੍ਰੇਰਣਾ ਨਾਲ ਭਰ ਦਿੰਦਾ ਹੈ।
ਅਨਮੋਲ ਗਗਨ ਨਾਨ ਵੱਲੋਂ ਅਸਤੀਫ਼ਾ ਦੇਣ ਮਗਰੋਂ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ, “ਵਿਧਾਇਕਾ ਅਨਮੋਲ ਗਗਨ ਮਾਨ ਲਈ ਇਹ ਬੇਹਤਰ ਹੁੰਦਾ ਜੇ ਉਹ ਅਸਤੀਫ਼ਾ ਦੇਣ ਦੇ ਨਾਲ ਨਾਲ, ‘MSP ਦੀ ਗਾਰੰਟੀ’ ਨਾ ਮਿਲਣ ਅਤੇ ‘ਲੈਂਡ ਪੂਲਿੰਗ ਪਾਲਿਸੀ’ ਦੇ ਵਿਰੋਧ ਵਿੱਚ ਸਰਕਾਰ ਨੂੰ ਹਲੂਣਾ ਦੇ ਕੇ ਜਾਂਦੇ।
ਜੇ ਕੁਝ ਹੋਰ ਵਿਧਾਇਕਾਂ ਦਾ ਵੀ ਦਿਲ ਭਾਰੀ ਹੁੰਦਾ ਹੈ – ਤਾਂ ਅਸਤੀਫ਼ਾ ਦੇਣ ਤੋਂ ਪਹਿਲਾਂ, ਘੱਟੋ ਘੱਟ ਜਾਂਦੀ ਵਾਰੀ ਪੰਜਾਬ ਦੀ ਆਵਾਜ਼ ਬਣੋ!
Comments