
ਲੁਧਿਆਣਾ – ਲੁਧਿਆਣਾ ਪਹੁੰਚੇ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਵੰਡ ਤੋਂ ਲੈ ਕੇ ਅੱਜ ਤੱਕ ਕਾਂਗਰਸ ਨੇ ਹਮੇਸ਼ਾਂ ਪੰਜਾਬ ਨੂੰ ਜ਼ਖ਼ਮ ਹੀ ਦਿੱਤੇ ਹਨ। ਫਤਿਹ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਆਗੂ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਵਿੱਚ ਅੱਤਵਾਦ ਨੂੰ ਸ਼ਹਿ ਦਿੱਤੀ, ਦਿੱਲੀ ਵਿੱਚ ਕਾਂਗਰਸ ਨੇ ਸਿੱਖਾਂ ਦਾ ਨਰਸੰਘਾਰ ਕੀਤਾ।
ਕੇੰਦਰੀ ਮੰਤਰੀ ਨੇ ਕਿਹਾ ਕਿ ਜੇ ਵੰਡ ਵੇਲੇ ਭਾਜਪਾ ਹੁੰਦੀ ਤਾਂ ਕਰਤਾਰਪੁਰ ਗੁਰਦੁਆਰਾ ਭਾਰਤ ਵਿਚ ਹੁੰਦਾ। ਬਾਅਦ ਵਿੱਚ ਵੀ ਕਿਸੇ ਨੇ ਕਰਤਾਰਪੁਰ ਲੈਣ ਦੀ ਗੱਲ ਨਹੀਂ ਕੀਤੀ, ਪਰੰਤੂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਤਾਰਪੁਰ ਸਾਹਿਬ ਦਾ ਲਾਂਘਾਂ ਖ਼ੋਲ੍ਹ ਕੇ ਸਿੱਖਾਂ ਅਤੇ ਹਿੰਦੂਆਂ ਦੀ ਚਿਰੋਕਣੀ ਮੰਗ ਪੂਰੀ ਕੀਤੀ । ਉਨ੍ਹਾਂ ਕਿਹਾ ਕਿ ਅੱਜ ਜੇਕਰ ਹਿੰਦੂ ਧਰਮ ਬਚਿਆ ਹੈ ਤਾਂ ਉਹ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਸਦਕਾ ਹੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਕਿ ਪੰਜ ਗੇੜਾਂ ਦੀਆਂ ਚੋਣਾਂ ਵਿੱਚ ਮੋਦੀ ਨੂੰ 300 ਤੋਂ ਵੱਧ ਸੀਟਾਂ ਆ ਰਹੀਆਂ ਹਨ। ਛੇਵੇਂ ਅਤੇ ਸੱਤਵੇਂ ਗੇੜ ਵਿੱਚ ਪੈਣ ਵਾਲੀਆਂ ਵੋਟਾਂ ਵਿੱਚ ਇਹ ਅੰਕੜਾ 400 ਤੋਂ ਪਾਰ ਹੋ ਜਾਵੇਗਾ। ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਅਗਵਾਈ ਵਾਲੀ ਸਰਕਾਰ ਵਿੱਚ ਤੁਸੀਂ ਰਵਨੀਤ ਸਿੰਘ ਬਿੱਟੂ ਦੇ ਜ਼ਰੀਏ ਇਕ ਕਮਲ ਭੇਜੋ, ਜਿਸਤੋਂ ਬਾਅਦ ਲੁਧਿਆਣਾ ਦੇ ਰਵਨੀਤ ਸਿੰਘ ਬਿੱਟੂ ਨੂੰ ਤਾਕਤਵਰ ਬਣਾਉਣ ਦਾ ਕੰਮ ਉਨ੍ਹਾਂ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਪੰਜ ਸਾਲਾਂ ਤੋਂ ਮੇਰੇ ਬਹੁਤ ਹੀ ਪਿਆਰੇ ਦੋਸਤ ਹਨ, ਜਿਨ੍ਹਾਂ ਨੇ ਵੀ ਬਿੱਟੂ ਦੇ ਦਾਦਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਕੀਤੀ ਹੈ, ਉਨ੍ਹਾਂ ਨੂੰ ਮਾਫ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ 1 ਜੂਨ ਨੂੰ ਕੇਜਰੀਵਾਲ ਜੇਲ੍ਹ ਚਲੇ ਜਾਣਗੇ ਅਤੇ 6 ਜੂਨ ਨੂੰ ਰਾਹੁਲ ਬਾਬਾ ਛੁੱਟੀਆਂ ਮਨਾਉਣ ਬੈਂਕਾਕ ਚਲੇ ਜਾਣਗੇ। ਉਨ੍ਹਾਂ ਕਿਹਾ ਕਿ ਇਕ ਨਰਿੰਦਰ ਮੋਦੀ ਹੀ ਹਨ ਜੋ ਬਿਨਾਂ ਛੁੱਟੀ ਕੀਤੇ ਦੀਵਾਲੀ ਵਾਲੇ ਦਿਨ ਵੀ ਸਰਹੱਦਾਂ ਤੇ ਜਵਾਨਾਂ ਨੂੰ ਮਿਲ ਉਨ੍ਹਾਂ ਦੇ ਹੌਂਸਲੇ ਵਧਾਉਂਦੇ ਹਨ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ‘ਇੰਡੀਆ’ ਗਠਜੋੜ ‘ਤੇ ਤਨਜ਼ ਕੱਸਦਿਆਂ ਕਿਹਾ ਕਿ ਕਾਂਗਰਸ ਅਤੇ ਆਪ ਪਾਰਟੀ ਦਾ ਅਨੋਖਾ ਰਿਸ਼ਤਾ ਹੈ ਜੋ ਦਿੱਲੀ, ਹਰਿਆਣਾ ਅਤੇ ਗੁਜਰਾਤ ਵਿੱਚ ਦੋਸਤ ਅਤੇ ਪੰਜਾਬ ਵਿੱਚ ਆਉਂਦੇ ਹੀ ਦੁਸ਼ਮਣ ਬਣ ਜਾਂਦੇ ਹਨ ।
