
ਜਲੰਧਰ- ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਜਲੰਧਰ ਵਿਖੇ ਪ੍ਰੈਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਇੰਡਸਟਰੀ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਸਨਅਤਕਾਰਾਂ ਲਈ ਅਸੀਂ OTS, ਪਲਾਟਾਂ ਦੀ Clubbing, De-Clubbing ਯੋਜਨਾ, ਤੇ ਨਾਲ ਹੀ ਪਲਾਟਾਂ ਨੂੰ ਲੀਜ਼-ਹੋਲਡ ਤੋਂ ਫ੍ਰੀ-ਹੋਲਡ ਯੋਜਨਾ ਸਮੇਤ ਹੋਰ ਵੀ ਕਈ ਯੋਜਨਾਵਾਂ ਲੈਕੇ ਆਏ ਹਾਂ। ਇਹ ਮੰਗਾਂ ਪਿਛਲੇ 30-40 ਸਾਲਾਂ ਤੋਂ ਪੈਂਡਿੰਗ ਸਨ, ਜੋ ਸਾਡੀ ਸਰਕਾਰ ਪੂਰੀ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਅਸੀਂ ਫੋਕਲ ਪੁਆਇੰਟਾਂ ‘ਚ ਖਾਲੀ ਪਏ ਪਲਾਟਾਂ ਦੀ ਨਿਲਾਮੀ ਥੋੜ੍ਹੇ-ਥੋੜ੍ਹੇ ਮਹੀਨਿਆਂ ਦੇ ਵਕਫ਼ੇ ਦੌਰਾਨ ਕਰ ਰਹੇ ਹਾਂ, ਤਾਂ ਜੋ ਜਦੋਂ ਵੀ ਕਿਸੇ ਵੀ ਉਦਯੋਗਪਤੀ ਜਾਂ ਕੰਪਨੀ ਨੂੰ ਜ਼ਮੀਨ ਦੀ ਲੋੜ ਹੋਵੇ, ਉਸ ਨੂੰ ਵਾਜ਼ਿਬ ਕੀਮਤ ‘ਤੇ ਜਗ੍ਹਾ ਮਿਲ ਜਾਵੇ ਤੇ ਉਹ ਆਪਣੀ ਇੰਡਸਟਰੀ ਉੱਥੇ ਸ਼ੁਰੂ ਕਰ ਸਕੇ। ਨਾਲ ਹੀ ਹੁਣ ਫੋਕਲ ਪੁਆਇੰਟਾਂ ‘ਚ ਫਾਇਰ ਸਟੇਸ਼ਨ, ਪੁਲਿਸ ਸਟੇਸ਼ਨ ਤੇ ਆਮ ਆਦਮੀ ਕਲੀਨਿਕ ਬਣਾਉਣ ਲਈ ਮੁਫ਼ਤ ‘ਚ ਪਲਾਟ ਦਿੱਤੇ ਜਾ ਰਹੇ ਹਨ।
ਕੈਬਨਿਟ ਮੰਤਰੀ ਅਰੋੜਾ ਨੇ ਕਿਹਾ, “ਇਨਵੈਸਟ ਪੰਜਾਬ ਵਿੱਚ ਇੱਕ ਨਵਾਂ ਪੋਰਟਲ ਲਿਆਂਦਾ ਗਿਆ ਜਿਸ ਦੇ ਤਹਿਤ ਸਿੰਗਲ ਵਿੰਡੋ ਰਾਹੀਂ 45 ਦਿਨਾਂ ਦੇ ਅੰਦਰ ਉਦਯੋਗ ਲਾਉਣ ਦੀ ਮਨਜ਼ੂਰੀ ਮਿਲੇਗੀ। ਅਫ਼ਸਰਾਂ ਦੇ ਪੈਨਲ ਨਾਲ ਮਨਜ਼ੂਰੀ ਸੰਬੰਧੀ ਗੱਲਬਾਤ ਕਰਨ ਦਾ ਵਿਕਲਪ ਵੀ ਸ਼ਾਮਿਲ ਹੈ ਜਿਸ ਦੇ ਜ਼ਰੀਏ ਪੈਂਡਿੰਗ ਮਨਜ਼ੂਰੀ ਦੀ ਜਾਣਕਾਰੀ ਮਿਲਦੀ ਰਹੇਗੀ। ਪਿਛਲੇ ਦਿਨੀਂ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਅਸੀਂ 24 ‘ਸੈਕਟੋਰਲ ਕਮੇਟੀਆਂ’ ਦਾ ਗਠਨ ਕੀਤਾ ਹੈ ਜਿਨ੍ਹਾਂ ਵਿੱਚ ਜ਼ਿਲ੍ਹਿਆਂ ਦੇ ADC ਵੀ ਸ਼ਾਮਿਲ ਕੀਤੇ ਗਏ ਹਨ। 1 ਅਕਤੂਬਰ ਤੱਕ ਵਪਾਰੀਆਂ ਦੇ ਸੁਝਾਵਾਂ ਦੀ ਰਿਪੋਰਟ ਸਾਡੇ ਤੱਕ ਪਹੁੰਚ ਜਾਵੇਗੀ ਜਿਸ ਦੇ ਅਧਾਰ ‘ਤੇ ਨਵੀਂ ਉਦਯੋਗ ਪਾਲਿਸੀ ਲਿਆਂਦੀ ਜਾਵੇਗੀ।” ਉਨ੍ਹਾਂ ਕਿਹਾ “ਮਾਨ ਸਰਕਾਰ ਨੇ ਵਪਾਰੀਆਂ ਨੂੰ ਬਹੁਤ ਸਸਤੇ ਰੇਟਾਂ ‘ਚ ਕੁਝ ਪਲਾਟ ਅਲਾਟ ਕੀਤੇ ਸਨ। ਜਿੰਨਾਂ ‘ਤੇ ਰੇਟ 50% ਤੋਂ ਘਟਾ ਕੇ 10% ਕੀਤੇ ਗਏ ਸਨ। ਇਹ ਸਾਰੀਆਂ ਸਹੂਲਤਾਂ ਪੰਜਾਬ ਦੇ ਵਪਾਰੀਆਂ ਲਈ ਹਨ। ਪਿਛਲੇ 3 ਸਾਲਾਂ ‘ਚ ਪੰਜਾਬ ‘ਚ 1 ਲੱਖ 14 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਜਿਸ ਨਾਲ 4.50 ਲੱਖ ਨੌਕਰੀਆਂ ਪੈਦਾ ਹੋਈਆਂ ਹਨ। ਉਦਯੋਗ ਲਾਉਣ ਲਈ ਪੈਂਡਿੰਗ ਪਈਆਂ ਅਰਜ਼ੀਆਂ ‘ਚੋਂ 85% ਨੂੰ ਸਰਕਾਰ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਕਾਗਜ਼ੀ ਕਾਰਵਾਈਆਂ ਕਰ ਕੇ ਰੁਕਿਆਂ 15% ਅਰਜ਼ੀਆਂ ਵੀ ਜਲਦੀ ਮਨਜ਼ੂਰ ਕਰਾਂਗੇ।”
