ਕੈਨੇਡਾ ਦੇ ਬੀ.ਸੀ. ਸੂਬੇ ਦੇ ਸ਼ਹਿਰ ਐਬਟਸਫੋਰਡ ਵਿੱਚ ਇੱਕ ਪੰਜਾਹ ਸਾਲ ਦੇ ਆਦਮੀ ਵੱਲੋਂ ਇੱਕ ਚਾਲੀ ਕੁ ਸਾਲ ਦੀ ਔਰਤ ਦਾ ਕਤਲ ਕਰਨ ਦੀ ਖਬਰ ਹੈ ।
ਪੁਲਸ ਨੂੰ ਲੰਘੇ ਸ਼ੁੱਕਰਵਾਰ ਰਾਤ ਦੇ ਤਕਰੀਬਨ ਗਿਆਰਾਂ ਵਜੇ ਮੌਕੇ ਤੇ ਬੁਲਾਇਆ ਗਿਆ ਸੀ । ਘਟਨਾ ਸ਼ਹਿਰ ਦੇ ਵੈਗਨਰ ਡਰਾਈਵ ਦੇ ਚੌਂਤੀ ਸੌ ਬਲਾਕ ਇਲਾਕੇ ਵਿੱਚ ਬਣੇ ਇੱਕ ਘਰ ਵਿੱਚ ਵਾਪਰੀ ।ਮੌਕੇ ਤੇ ਪਹੁੰਚੇ ਪੈਰਾਮੈਡਿਕਸ ਵੱਲੋਂ ਬਚਾਉਣ ਦੇ ਯਤਨ ਕਰਨ ਦੇ ਬਾਵਜੂਦ ਚਾਕੂ ਮਾਰ ਕੇ ਜ਼ਖਮੀ ਕੀਤੀ ਗਈ ਬਲਵਿੰਦਰ ਕੌਰ ਜ਼ਖ਼ਮਾਂ ਦੀ ਤਾਬ ਨਾ ਝੱਲਦੀ ਹੋਈ ਦਮ ਤੋੜ ਗਈ ।
ਪੰਜਾਬ ਦੇ ਸ਼ਹਿਰ ਜਗਰਾਂਉ ਨੇੜਲੇ ਪਿੰਡ ਮੱਲ੍ਹਾ ਦੀ ਰਹਿਣ ਵਾਲੀ ਪੀੜ੍ਹਤ ਔਰਤ ਬਲਵਿੰਦਰ ਕੌਰ ਦੋ ਸਾਲ ਪਹਿਲਾਂ ਵਿਜ਼ਟਰ ਵੀਜ਼ੇ ਤੇ ਕੈਨੇਡਾ ਆਪਣੀ ਧੀ ਕੋਲ ਮਿਲਣ ਆਈ ਸੀ । ਉਹ ਵੈਨਕੂਵਰ ਨੇੜਲੇ ਸ਼ਹਿਰ ਐਬਟਸਫੋਰਡ ਵਿੱਚ ਇੱਕ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਪਈ ਸੀ । ਬਲਵਿੰਦਰ ਕੌਰ ਦੇ ਪਿਤਾ ਹਿੰਮਤ ਸਿੰਘ ਦਾ ਕਹਿਣਾ ਹੈ ਕਿ ਉਹ ਚਾਰ ਧੀਆਂ ਦਾ ਬਾਪ ਹੈ ਅਤੇ ਉਸਨੇ ਹੀ ਆਪਣੀ ਦੋਹਤੀ ਹਰਨੂਰਪ੍ਰੀਤ ਕੌਰ ਨੂੰ ਪੈਸੇ ਖਰਚ ਕਰਕੇ ਕੈਨੇਡਾ ਪੜ੍ਹਨ ਲਈ ਭੇਜਿਆ ਸੀ।
ਹਿੰਮਤ ਸਿੰਘ ਮੁਤਾਬਕ ਉਸਦਾ ਜਵਾਈ ਵੀ ਆਪਣੀ ਪਤਨੀ ਅਤੇ ਧੀ ਕੋਲ ਜਾਣ ਲਈ ਕਾਹਲ਼ਾ ਸੀ । ਉਸਦੇ ਵਾਰ-ਵਾਰ ਫ਼ੋਨ ਕਰਨ ਤੇ ਹਰਨੂਰਪ੍ਰੀਤ ਨੇ ਆਪਣੇ ਪਿਤਾ ਜਗਪ੍ਰੀਤ ਸਿੰਘ ਨੂੰ ਵੀ ਆਪਣੇ ਕੋਲ ਕੈਨੇਡਾ ਬੁਲਾ ਲਿਆ ਸੀ।
