
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਣ ਮਗਰੋਂ ਪੰਜਾਬ ,ਹਰਿਆਣਾ ਅਤੇ ਦਿੱਲੀ ਤੋਂ ਇਲਾਵਾ ਵੱਖ-ਵੱਖ ਮੁਲਕਾਂ ਵਿਚ ਰੋਸ ਵਿਖਾਵੇ ਕੀਤੇ ਜਾ ਰਹੇ ਹਨ । ਲੰਘੇ ਸ਼ੁੱਕਰਵਾਰ ਕੈਨੇਡਾ ਦੇ ਮਹਾਂਨਗਰ ਟੋਰਾਂਟੋ ਵਿਚ ਆਮ ਆਦਮੀ ਪਾਰਟੀ ਦੇ ਕੁਝ ਸਮਰਥਕ ਸੜਕਾਂ ਤੇ ਉਤਰ ਆਏ। ਇਹਨਾਂ ਵਿਖਾਵਾਕਾਰੀਆਂ ਵਲੋਂ ਟੋਰਾਂਟੋ ਵਿਚ ਭਾਰਤੀ ਕੌਂਸਲਖਾਨੇ ਦੇ ਸਾਹਮਣੇ ਰੋਸ ਪ੍ਰਗਟਾਉਣ ਦਾ ਪ੍ਰੋਗਰਾਮ ਬਣਾਇਆ ਗਿਆ ਸੀ। ਆਪਣੇ ਹੱਥਾਂ ਵਿਚ ‘ਕੇਜਰੀਵਾਲ ਜ਼ਿੰਦਾਬਾਦ’ ਦੀਆਂ ਤਖਤੀਆਂ ਫੜੀ ਇਹ ਮੁਜ਼ਾਹਰਾਕਾਰੀ ਕੌਂਸਲੇਟ ਦਫਤਰ ਦੇ ਅੰਦਰ ਜਾਣਾ ਚਾਹੁੰਦੇ ਸਨ ਪਰੰਤੂ ਗੇਟ ਤੇ ਖੜੇ ਸੁਰੱਖਿਆ ਮੁਲਾਜ਼ਮਾਂ ਵਲੋਂ ਉਹਨਾਂ ਨੂੰ ਰੋਕ ਲਿਆ ਗਿਆ, ਜਿਸ ਉਪਰੰਤ ਇਹ ਵਿਖਾਵਾਕਾਰੀ ਸੜਕ ਤੇ ਹੀ “ਕੇਜਰੀਵਾਲ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ’ ‘ਇਨਕਲਾਬ ਜ਼ਿੰਦਾਬਾਦ’ ਅਤੇ ‘ਲੋਕਤੰਤਰ ਬਹਾਲ ਕਰੋ’ ਦੇ ਨਾਅਰੇ ਲਗਾਉਣ ਲੱਗ ਪਏ।
ਦੱਸਣ ਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਵਿਚ ਈ. ਡੀ. ਵਲੋਂ ਕਥਿਤ ਸ਼ਰਾਬ ਘਪਲੇ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਕੇਜਰੀਵਾਲ ਨਾਲ ਜੇਲ ‘ਚ ਮੁਲਾਕਾਤ ਕਰਕੇ ਵਾਪਸ ਆਈ ਉਹਨਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਦੇਸ਼ ਵਾਸੀਆਂ ਦੇ ਨਾਮ ਭੇਜੇ ਕੇਜਰੀਵਾਲ ਦੇ ਸੁਨੇਹੇ ਨੂੰ ਪੜ੍ਹ ਕੇ ਸੁਣਾਉਂਦਿਆਂ ਕਿਹਾ ,” ਕੇਜਰੀਵਾਲ ਲੋਹੇ ਦਾ ਬਣਿਆ ਹੋਇਆ ਹੈ,ਧਰਤੀ ਤੇ ਮੇਰਾ ਜਨਮ ਹੀ ਸੰਘਰਸ਼ ਕਰਨ ਲਈ ਹੋਇਆ ਹੈ । ਅਸੀਂ ਸਾਰਿਆਂ ਨੇ ਮਿਲ ਕੇ ਇੱਕ ਵਾਰ ਫਿਰ ਭਾਰਤ ਨੂੰ ਮਹਾਨ ਬਣਾਉਣਾ ਹੈ। ”
ਇਸੇ ਦਰਮਿਆਨ ਦਿੱਲੀ ਹਾਈ ਕੋਰਟ ਨੇ ਕੇਜਰੀਵਾਲ ਦੀ ਆਪਣੀ ਗ੍ਰਿਫਤਾਰੀ ਅਤੇ ਰਿਮਾਂਡ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਅਰਜ਼ੀ ਤੇ ਫੌਰੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
