
ਬਰਨਬੀ ਵਿਲੇਜ਼ ਮਿਊਜ਼ੀਅਮ ਵਿੱਚ ਲੱਗੀ ‘ਓਵਰਕਾਸਟ’ਪ੍ਰਦਰਸ਼ਨੀ ਕੈਨੇਡਾ ਵਿੱਚ ਜਾਤੀ ਵਿਤਕਰੇ ਦੀ ਵਿਆਪਕ ਹੋਂਦ’ਤੇ ਰੌਸ਼ਨੀ ਪਾਉਂਦੀ ਇਸ ਮਿੱਥ ਨੂੰ ਚੁਣੌਤੀ ਦਿੰਦੀ ਹੈ ਕਿ ਇਹ ਦੇਸ਼ ਵਿੱਚ ਮੌਜੂਦ ਨਹੀਂ ਹੈ। ਇਸ ਨੁਮਾਇਸ਼ ਵਿੱਚ ਨਿੱਜੀ ਕਿੱਸਿਆਂ, ਇਤਿਹਾਸਕ ਸੰਦਰਭਾਂ ਅਤੇ ਭਾਈਚਾਰਕ ਬਿਰਤਾਂਤਾਂ ਰਾਹੀਂ ਇਹ ਦਿਖਾਉਣ ਦਾ ਯਤਨ ਕੀਤਾ ਗਿਆ ਹੈ ਕਿ ਦਲਿਤ ਭਾਈਚਾਰੇ ਨੂੰ ਅਜੇ ਵੀ ਸਿੱਖਿਆ,ਰਿਸ਼ਤੇ-ਨਾਤੇ ਅਤੇ ਕੰਮ ਕਰਨ ਵਾਲੀਆਂ ਥਾਂਵਾਂ ਵਰਗੇ ਵੱਖ-ਵੱਖ ਖੇਤਰਾਂ ਵਿੱਚ ਜਾਤੀ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ।
ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਜਾਤੀ ਭੇਦ-ਭਾਵ ਨੇ ਸਾਡੇ ਕੁਝ ਭਾਈਚਾਰਕ ਸਮੂਹਾਂ ਨੂੰ ਹਾਸ਼ੀਏ ਤੇ ਰੱਖਿਆ ਹੋਇਆ ਹੈ। ਪਿਛਲੇ ਦਿਨੀਂ ਪ੍ਰਦਰਸ਼ਨੀ ਦਾ ਉਦਘਾਟਨ ਕਰਦਿਆਂ ਹੋਇਆ ਉਨ੍ਹਾਂ ਕਿਹਾ, “ਕੈਨੇਡੀਅਨ ਹੋਣ ਦੇ ਨਾਤੇ, ਇਹ ਜ਼ਰੂਰੀ ਹੈ ਕਿ ਅਸੀਂ ਜਿੱਥੇ ਵੀ ਅਸਮਾਨਤਾ ਅਤੇ ਬੇਇਨਸਾਫ਼ੀ ਦਾ ਸਾਹਮਣਾ ਕਰੀਏ, ਉਸ ਨੂੰ ਖ਼ਤਮ ਕਰੀਏ, ਅਤੇ ਇਸ ਵਿੱਚ ਜਾਤੀਵਾਦ ਵੀ ਸ਼ਾਮਲ ਹੈ।” ਇਸ ਪ੍ਰਦਰਸ਼ਨੀ ਵਿੱਚ ਜਾਤੀ ਵਿਤਕਰੇ ਦੀਆਂ ਕੁਝ ਕਹਾਣੀਆਂ ਦੀ ਇੱਕ ਲੜੀ ਦੇ ਜ਼ਰੀਏ,ਸੰਘਰਸ਼ ਅਤੇ ਲਚਕੀਲੇ ਪਲਾਂ ਨੂੰ ਫੜਣ ਵਾਲੀਆਂ ਮਨਮੋਹਕ ਤਸਵੀਰਾਂ ਅਤੇ ਇਤਿਹਾਸਕ ਮੀਲ ਪੱਥਰਾਂ ਨੂੰ ਦਰਸਾਉਂਦੀਆਂ ਦਿਲਚਸਪ ਰੇਖਾਕਾਰੀਆਂ ਰਾਂਹੀ ਪੇਸ਼ ਕੀਤਾ ਗਿਆ ਹੈ।
ਕੈਨੇਡਾ ਵਿੱਚ ਦਲਿਤ ਬਿਰਤਾਂਤ ਨੂੰ ਉਭਾਰਨ ਵਾਲੀ ਪੋਇਟਕ ਜਸਟਿਸ ਫਾਊਡੇਸ਼ਨ ਦੀ ਸਹਿ ਸੰਸਥਾਪਕ ਅਨੀਤਾ ਲਾਲ ਨੇ ਕਿਹਾ, “ਮੇਰੇ ਪੜਦਾਦਾ ਮਾਇਆ ਰਾਮ ਮਹਿਮੀ 1906 ਵਿੱਚ ਕੈਨੇਡਾ ਆਏ ਸਨ। ਉਨ੍ਹਾਂ ਨੂੰ ਭਾਰਤ ਵਿੱਚ ਸਮਾਜਿਕ ਅਤੇ ਆਰਥਿਕ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਸੀ। ਉੁਹ ਬਿਹਤਰ ਭਵਿੱਖ ਦੀ ਕਾਮਨਾ ਕਰਦੇ ਹੋਏ ਪਰਵਾਸੀ ਹੋ ਗਏ ਸਨ ਪਰੰਤੂ ਕੈਨੇਡਾ ਪ੍ਰਵਾਸ ਗਮਨ ਦੀ ਇੱਕ ਸਦੀ ਬੀਤ ਜਾਣ ਬਾਅਦ ਵੀ ਸਾਡੇ ਵਡੇਰਿਆਂ ਅਤੇ ਮੇਰੇ ਸਮੇਤ ਸਾਡੇ ਪਰਿਵਾਰ ਨੇ ਲਗਾਤਾਰ ਜਾਤੀ ਅਧਾਰਤ ਪੱਖਪਾਤ ਦਾ ਸਾਹਮਣਾ ਕੀਤਾ ਹੈ। ਜਾਤੀ ਵਿਤਕਰਾ, ਇੱਕ ਅਜਿਹਾ ਮੁੱਦਾ ਜੋ ਇੱਕ ਸਦੀ ਬਾਅਦ ਵੀ ਕਾਇਮ ਹੈ। ਓਵਰਕਾਸਟ ਪ੍ਰਦਰਸ਼ਨੀ ਰਾਹੀਂ, ਸਾਡਾ ਉਦੇਸ਼ ਕੈਨੇਡਾ ਵਿੱਚ ਜਾਤੀ ਪੱਖਪਾਤ ਦੀ ਅਕਸਰ ਨਜ਼ਰਅੰਦਾਜ਼ ਕੀਤੀ ਜਾਂਦੀ ਸਮੱਸਿਆ ਨੂੰ ਉਜਾਗਰ ਕਰਨਾ ਹੈ। ਇਹ ਪਹਿਲਕਦਮੀ ਦਲਿਤ ਕੈਨੇਡੀਅਨ ਬਿਰਤਾਂਤ ਨੂੰ ਵਧਾਉਣ ਦੀ ਕੋਸ਼ਿਸ਼ ਕਰਦੀ ਹੈ, ਜਿਸਨੂੰ ਇਤਿਹਾਸਕ ਤੌਰ ‘ਤੇ ਨਜ਼ਰਅੰਦਾਜ਼ ਕੀਤਾ ਗਿਆ ਹੈ।”
ਪ੍ਰਦਰਸ਼ਨੀ ਦੇ ਆਯੋਜਕਾਂ ਵੱਲੋਂ ਇਸ ਨੂੰ ਕੈਨੇਡਾ ਭਰ ਵਿੱਚ ਵੱਖ-ਵੱਖ ਥਾਂਵਾਂ ‘ਤੇ ਦਿਖਾਉਣ ਦੀ ਯੋਜਨਾ ਉਲੀਕੀ ਗਈ ਹੈ। ਵੈਨਕੂਵਰ ਨੇੜਲੇ ਸ਼ਹਿਰ ਬਰਨਬੀ ਵਿੱਚ ਇਹ ਨੁਮਾਇਸ਼ 28 ਮਾਰਚ ਤੱਕ ਲੱਗੀ ਰਹੇਗੀ ।

Prof Gurbachan Singh says
Discrimination on the caste system is really unfortunate and should be abolished.
Caste is not a qualification but a dividing wall and a cancer in a society!
Gurbaj Brar says
Rightly said Prof Gurbachan Singh, Thanks for your comment !
PROF MEENA DHANDA says
Well done for covering this important exhibition on caste discrimination in Canada.